ਡਿਪਟੀ ਮੈਡੀਕਲ ਕਮਿਸ਼ਨਰ ਵਲੋਂ ਸਬ ਡਿਵੀਜ਼ਨਲ ਹਸਪਤਾਲ ਤਪਾ ਦਾ ਦੌਰਾ
ਡਿਪਟੀ ਮੈਡੀਕਲ ਕਮਿਸ਼ਨਰ ਡਾ. ਗੁਰਮਿੰਦਰ ਕੌਰ ਔਜਲਾ ਵਲੋਂ ਸਬ ਡਵੀਜ਼ਨਲ ਹਸਪਤਾਲ ਤਪਾ ਦਾ ਦੌਰਾ
Publish Date: Thu, 26 Feb 2026 05:52 PM (IST)
Updated Date: Fri, 27 Feb 2026 04:07 AM (IST)

ਮੁੱਖ ਮੰਤਰੀ ਸਿਹਤ ਬੀਮਾ ਯੋਜਨਾ ਸਮੇਤ ਵੱਖ- ਵੱਖ ਕੰਮਾਂ ਦੀ ਕੀਤੀ ਸਮੀਖਿਆ ਦੀਪਕ ਬਾਂਸਲ, ਪੰਜਾਬੀ ਜਾਗਰਣ, ਤਪਾ ਮੰਡੀ : ਡਿਪਟੀ ਮੈਡੀਕਲ ਕਮਿਸ਼ਨਰ ਡਾ. ਗੁਰਮਿੰਦਰ ਕੌਰ ਔਜਲਾ ਵਲੋਂ ਸਬ-ਡਿਵੀਜ਼ਨਲ ਹਸਪਤਾਲ ਤਪਾ ਦਾ ਦੌਰਾ ਕੀਤਾ ਗਿਆ। ਇਸ ਮੌਕੇ ਉਨ੍ਹਾਂ ਮੁੱਖ ਮੰਤਰੀ ਸਿਹਤ ਬੀਮਾ ਯੋਜਨਾ, ਹਸਪਤਾਲ ਲਈ ਹਾਟ ਲਾਈਨ, ਹਸਪਤਾਲ ਵਿਖੇ ਨੈਸ਼ਨਲ ਕੁਆਲਟੀ ਐਸ਼ੋਰੇਂਸ ਸਟੈਂਡਰਡਜ਼ (ਐੱਨ.ਕਿਊ.ਏ.ਐੱਸ.) ਦੀ ਤਿਆਰੀ, ਓਟ ਕਲੀਨਿਕ ਦੀ ਚੈਕਿੰਗ, ਇੰਜੀਨੀਅਰਿੰਗ ਵਿੰਗ ਦੇ ਕੰਮਾਂ ਸਮੇਤ ਹਸਪਤਾਲ ਵਿਖੇ ਮਿਲ ਰਹੀਆਂ ਵੱਖ-ਵੱਖ ਸਿਹਤ ਸੁਵਿਧਾਵਾਂ ਦਾ ਜਾਇਜ਼ਾ ਲਿਆ। ਡਾ. ਗੁਰਮਿੰਦਰ ਕੌਰ ਵੱਲੋਂ ਸੀਨੀਅਰ ਮੈਡੀਕਲ ਅਫਸਰ ਡਾ. ਕੰਵਲਜੀਤ ਸਿੰਘ ਬਾਜਵਾ ਤੇ ਮੌਜੂਦ ਹੋਰ ਸਟਾਫ਼ ਨਾਲ ਮੀਟਿੰਗ ਕਰਦਿਆਂ ਕਿਹਾ ਕਿ ਹਸਪਤਾਲ ਵਿਖੇ ਦਾਖਲ ਮਰੀਜ਼ਾਂ ਦਾ ਮੁੱਖ ਮੰਤਰੀ ਸਿਹਤ ਬੀਮਾ ਯੋਜਨਾ ਅਧੀਨ ਮੁਫ਼ਤ ਇਲਾਜ ਕਰਨਾ ਯਕੀਨੀ ਬਣਾਇਆ ਜਾਵੇ। ਉਨ੍ਹਾਂ ਕਿਹਾ ਕਿ ਐਮ.ਐਮ.ਐਸ.ਵਾਈ. ਅਧੀਨ ਸਬ ਡਵੀਜ਼ਨਲ ਹਸਪਤਾਲ ਤਪਾ ਦਾ ਕੰਮ ਤਸੱਲੀਬਖਸ਼ ਹੈ ਤੇ ਇਸ ਨੂੰ ਇਸ ਤਰ੍ਹਾਂ ਹੀ ਬਰਕਰਾਰ ਰੱਖਿਆ ਜਾਵੇ। ਇਸ ਦੌਰਾਨ ਉਨ੍ਹਾਂ ਇਹ ਵੀ ਕਿਹਾ ਕਿ ਲੋੜਵੰਦ ਤੇ ਯੋਗ ਵਰਗ ਨੂੰ ਮਿਲਣ ਵਾਲੇ ਮੁੱਖ ਮੰਤਰੀ ਸਿਹਤ ਬੀਮਾ ਯੋਜਨਾ ਦੇ ਵੱਧ ਤੋਂ ਵੱਧ ਕਾਰਡ ਬਣਵਾਉਣ ਤੇ ਹੋਰ ਵੱਖ-ਵੱਖ ਯੋਜਨਾਵਾਂ ਬਾਰੇ ਵੀ ਵੱਧ ਤੋਂ ਵੱਧ ਲੋਕਾਂ ਨੂੰ ਜਾਗਰੂਕ ਕੀਤਾ ਜਾਵੇ। ਉਨ੍ਹਾਂ ਕਿਹਾ ਕਿ ਨੈਸ਼ਨਲ ਕੁਆਲਟੀ ਪ੍ਰੋਗਰਾਮ ਤਹਿਤ ਹਸਪਤਾਲ ਨੂੰ ਬਿਹਤਰ ਬਣਾਉਣ ਲਈ ਸੱਭ ਦੇ ਯੋਗਦਾਨ ਦੀ ਲੋੜ ਹੈ ਤਾਂ ਜੋ ਲੋਕਾਂ ਨੂੰ ਹੋਰ ਬਿਹਤਰ ਸਹੂਲਤਾਂ ਮੁਹੱਈਆ ਕਰਵਾਈਆਂ ਜਾ ਸਕਣ। ਉਨ੍ਹਾਂ ਇਹ ਵੀ ਕਿਹਾ ਕਿ ਸਾਰੇ ਅਧਿਕਾਰੀ ਤੇ ਕਰਮਚਾਰੀ ਆਪਣਾ ਕੰਮ ਸਮੇਂ ਸਿਰ ਤੇ ਇਮਾਨਦਾਰੀ ਨਾਲ ਕਰਨ ਤਾਂ ਜੋ ਲੋਕਾਂ ਨੂੰ ਹੋਰ ਬਿਹਤਰ ਸਿਹਤ ਸਹੂਲਤਾਂ ਪ੍ਰਦਾਨ ਕੀਤੀਆਂ ਜਾ ਸਕਣ। ਸੀਨੀਅਰ ਮੈਡੀਕਲ ਅਫਸਰ ਡਾ. ਕੰਵਲਜੀਤ ਬਾਜਵਾ ਨੇ ਉਨ੍ਹਾਂ ਨੂੰ ਲੋਕ ਹਿੱਤ ਵਿੱਚ ਲਗਾਤਾਰ ਤੇ ਹੋਰ ਬਿਹਤਰ ਕੰਮ ਕਰਨ ਦਾ ਭਰੋਸਾ ਦਿੱਤਾ।