ਡੀਸੀ ਨੇ ਵਿਕਾਸ ਕਾਰਜਾਂ ਦਾ ਲਿਆ ਜਾਇਜ਼ਾ
ਡਿਪਟੀ ਕਮਿਸ਼ਨਰ ਵਲੋਂ ਜ਼ਿਲ੍ਹੇ ’ਚ ਚੱਲ ਰਹੇ ਵਿਕਾਸ ਕਾਰਜਾਂ ਦਾ ਜਾਇਜ਼ਾ
Publish Date: Thu, 09 Apr 2026 05:54 PM (IST)
Updated Date: Fri, 10 Apr 2026 04:12 AM (IST)

::ਕ੍ਰਿਟਿਕਲ ਕੇਅਰ ਸੈਂਟਰ, ਸਿਹਤ ਕੇਂਦਰਾਂ, ਸੜਕਾਂ, ਪੁਲਾਂ, ਖੇਡ ਮੈਦਾਨਾਂ ਦੇ ਕੰਮ ਜਾਰੀ ਸਬੰਧਤ ਅਧਿਕਾਰੀਆਂ ਨੂੰ ਪ੍ਰਾਜੈਕਟ ਮਿਆਰੀ ਤੇ ਸਮਾਂਬੱਧ ਤਰੀਕੇ ਨਾਲ ਮੁਕੰਮਲ ਕਰਨ ਦੇ ਨਿਰਦੇਸ਼ ਸਟਾਫ਼ ਰਿਪੋਰਟਰ, ਪੰਜਾਬੀ ਜਾਗਰਣ, ਬਰਨਾਲਾ : ਡੀਸੀ ਹਰਪ੍ਰੀਤ ਸਿੰਘ ਆਈਏਐੱਸ ਨੇ ਇਥੇ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ’ਚ ਵੱਖ-ਵੱਖ ਅਧਿਕਾਰੀਆਂ ਨਾਲ ਮੀਟਿੰਗ ਕਰਕੇ ਜ਼ਿਲ੍ਹੇ ’ਚ ਚੱਲ ਰਹੇ ਵਿਕਾਸ ਕਾਰਜ਼ਾਂ ਦਾ ਜਾਇਜ਼ਾ ਲਿਆ। ਇਸ ਮੌਕੇ ਉਨ੍ਹਾਂ ਲੋਕ ਨਿਰਮਾਣ ਵਿਭਾਗ ਦੇ ਪ੍ਰਾਜੈਕਟਾਂ ਦੀ ਪ੍ਰਗਤੀ ਦਾ ਜਾਇਜ਼ਾ ਲਿਆ। ਜਿਨ੍ਹਾਂ ’ਚ ਕ੍ਰਿਟਿਕਲ ਕੇਅਰ ਸੈਂਟਰ ਦੇ 16.51 ਕਰੋੜ ਦੀ ਲਾਗਤ ਨਾਲ ਚੱਲ ਰਹੇ ਨਿਰਮਾਣ ਕਾਰਜ, 8.39 ਕਰੋੜ ਦੀ ਲਾਗਤ ਨਾਲ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਦੀ ਚੌਥੀ ਮੰਜ਼ਲ, 5.96 ਕਰੋੜ ਦੀ ਲਾਗਤ ਨਾਲ ਚੱਲ ਰਹੇ ਏਡੀਆਰ ਸੈਂਟਰ ਦੇ ਕੰਮ ਦਾ ਜਾਇਜ਼ਾ ਲਿਆ। ਐਕਸੀਅਨ ਲੋਕ ਨਿਰਮਾਣ ਵਿਭਾਗ ਨੇ ਦੱਸਿਆ ਕਿ ਇਸ ਤੋਂ ਇਲਾਵਾ ਪ੍ਰਾਇਮਰੀ ਹੈਲਥ ਸੈਂਟਰ ਟੱਲੇਵਾਲ ਦਾ ਕੰਮ 2.2 ਕਰੋੜ ਦੀ ਲਾਗਤ ਨਾਲ ਚੱਲ ਰਿਹਾ ਹੈ ਅਤੇ ਸੀਐੱਚਸੀ ਭਦੌੜ ਦੀ ਮੁਰੰਮਤ ਦਾ ਕੰਮ 25 ਲੱਖ ਦੀ ਲਾਗਤ ਨਾਲ ਮੁਕੰਮਲ ਕੀਤਾ ਗਿਆ ਹੈ। ਇਸ ਤੋਂ ਇਲਾਵਾ ਤਪਾ ਤੇ ਬਰਨਾਲਾ ’ਚ 2 ਨਵੇਂ ਆਯੂਸ਼ਮਾਨ ਅਰੋਗਿਆ ਕੇਂਦਰ/ ਆਮ ਆਦਮੀ ਕਲੀਨਿਕ 50 ਲੱਖ ਦੀ ਲਾਗਤ ਨਾਲ ਬਣਾਏ ਗਏ ਹਨ। ਇਸ ਤੋਂ ਇਲਾਵਾ ਲਸਾੜਾ ਡਰੇਨ ’ਤੇ (ਠੀਕਰੀਵਾਲ ਤੋਂ ਭੱਦਲਵੱਡ) ਪੁਲ ਦਾ ਕੰਮ 1.49 ਕਰੋੜ ਦੀ ਲਾਗਤ ਨਾਲ 92 ਫੀਸਦੀ ਮੁਕੰਮਲ ਹੋ ਗਿਆ ਹੈ। ਇਸ ਮੌਕੇ ਐਕਸੀਅਨ ਮੰਡੀ ਬੋਰਡ ਨੇ ਦੱਸਿਆ ਕਿ ਚੁੰਗਾਂ ਤੋਂ ਵਿਧਾਤੇ ਸਾਢੇ 5 ਕਰੋੜ ਦੀ ਲਾਗਤ ਨਾਲ ਬਣ ਰਹੇ ਪੁਲ ਦਾ 95 ਫੀਸਦੀ ਕੰਮ ਹੋ ਗਿਆ ਹੈ। ਬਠਿੰਡਾ ਨਹਿਰ ’ਤੇ (ਲਿੰਕ ਰੋਡ ਮਹਿਲ ਕਲਾਂ ਤੋਂ ਰੋਸ਼ਣਖੇੜਾ ਤੋਂ ਧਨੇਰ) ਪੁਲ ਦਾ ਕੰਮ 5 ਕਰੋੜ ਦੀ ਲਾਗਤ ਨਾਲ ਮੁਕੰਮਲ ਕੀਤਾ ਜਾ ਚੁੱਕਿਆ ਹੈ। ਉਨ੍ਹਾਂ ਦੱਸਿਆ ਕਿ ਇਸ ਤੋਂ ਇਲਾਵਾ ਜ਼ਿਲ੍ਹੇ ਵਿਚ ਸੜਕਾਂ ਦਾ ਕੰਮ ਵੀ ਜਾਰੀ ਹੈ। ਇਸ ਮੌਕੇ ਜ਼ਿਲ੍ਹਾ ਖੇਡ ਕੌਂਸਲ ਦੀ ਮੀਟਿੰਗ ਵੀ ਹੋਈ, ਜਿਸ ਵਿਚ ਡਿਪਟੀ ਕਮਿਸ਼ਨਰ ਨੇ 24 ਕਰੋੜ ਦੀ ਲਾਗਤ ਨਾਲ ਬਣ ਰਹੇ 94 ਖੇਡ ਮੈਦਾਨਾਂ ਦੀ ਪ੍ਰਗਤੀ ਦਾ ਜਾਇਜ਼ਾ ਲਿਆ ਅਤੇ ਮਿਆਰੀ ਅਤੇ ਸਮਾਂਬੱਧ ਕੰਮ ਕਰਵਾਉਣ ਦੇ ਨਿਰਦੇਸ਼ ਦਿੱਤੇ। ਇਸ ਮੌਕੇ ਵਧੀਕ ਡਿਪਟੀ ਡਿਪਟੀ ਕਮਿਸ਼ਨਰ (ਜ) ਸ੍ਰੀ ਵਿਵੇਕ ਕੁਮਾਰ ਮੋਦੀ, ਐਕਸੀਅਨ ਮੰਡੀ ਬੋਰਡ ਕੁਲਦੀਪ ਸਿੰਘ, ਐਕਸੀਅਨ ਲੋਕ ਨਿਰਮਾਣ ਵਿਭਾਗ ਹਰਸ਼ ਗੋਇਲ, ਜ਼ਿਲ੍ਹਾ ਖੇਡ ਅਫ਼ਸਰ ਉਮੇਸ਼ਵਰੀ ਸ਼ਰਮਾ ਮੌਜੂਦ ਸਨ।