ਸੱਤਵੀਂ ਜਮਾਤ ਦੀ ਗੁਰਸਿਫ਼ਤ ਕੌਰ ਦੀ ਕਿਤਾਬ ਰਿਲੀਜ਼
ਡਿਪਟੀ ਕਮਿਸ਼ਨਰ ਵਲੋਂ ਸੱਤਵੀਂ ਜਮਾਤ ਦੀ ਗੁਰਸਿਫ਼ਤ ਕੌਰ ਦੀ ਕਿਤਾਬ ਰਿਲੀਜ਼
Publish Date: Mon, 09 Feb 2026 05:46 PM (IST)
Updated Date: Tue, 10 Feb 2026 04:06 AM (IST)

ਸਟਾਫ਼ ਰਿਪੋਰਟਰ, ਪੰਜਾਬੀ ਜਾਗਰਣ, ਬਰਨਾਲਾ : ਵਿਦਿਆਰਥੀਆਂ ਦਾ ਸਾਹਿਤ ਨਾਲ ਜੁੜਨਾ ਅਤੇ ਰਚਨਾਤਮਕ ਰੁਚੀ ਰੱਖਦੇ ਹੋਏ ਕਿਤਾਬ ਲਿਖਣਾ ਇੱਕ ਮਿਸਾਲ ਹੈ। ਇਸ ਨਾਲ ਜਿੱਥੇ ਓਨ੍ਹਾਂ ਦੀ ਆਪਣੀ ਸ਼ਖਸੀਅਤ ’ਚ ਨਿਖਾਰ ਆਉਂਦਾ ਹੈ ਓਥੇ ਉਹ ਦੂਜਿਆਂ ਲਈ ਵੀ ਪ੍ਰੇਰਨਾ ਬਣਦੇ ਹਨ। ਇਹ ਪ੍ਰਗਟਾਵਾ ਡਿਪਟੀ ਕਮਿਸ਼ਨਰ ਬਰਨਾਲਾ ਹਰਪ੍ਰੀਤ ਸਿੰਘ ਆਈ ਏ ਐੱਸ ਨੇ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਵਿਖੇ ਬਰਨਾਲਾ ਵਾਸੀ ਸੱਤਵੀਂ ਜਮਾਤ ਦੀ ਗੁਰਸਿਫ਼ਤ ਕੌਰ ਦੀ ਕਿਤਾਬ ਵੋਇਸ ਆਫ ਮਾਈ ਹਾਰਟ ਰਿਲੀਜ਼ ਕਰਦਿਆਂ ਕੀਤਾ। ਗੁਰਸਿਫ਼ਤ ਕੌਰ ਸੈਕਰਡ ਹਾਰਟ ਕੌਨਵੈਂਟ ਸਕੂਲ ਬਰਨਾਲਾ ’ਚ ਸੱਤਵੀਂ ਜਮਾਤ ’ਚ ਪੜ੍ਹਦੀ ਹੈ। ਉਸਨੇ ਦੱਸਿਆ ਕਿ ਉਸਨੂੰ ਚੌਥੀ ਜਮਾਤ ਤੋਂ ਲਿਖਣ ਦਾ ਸ਼ੌਕ ਪਿਆ ਅਤੇ ਸਕੂਲ ਅਧਿਆਪਕਾ ਮਿਸ ਪ੍ਰਿਯੰਕਾ ਨੂੰ ਉਹ ਆਪਣਾ ਰੋਲ ਮਾਡਲ ਮੰਨਦੀ ਹੈ ਜਿਨ੍ਹਾਂ ਨੇ ਉਸਨੂੰ ਅੱਗੇ ਵਧਣ ਦੀ ਹੱਲਾਸ਼ੇਰੀ ਦਿੱਤੀ। ਉਸਨੂੰ ਕਵਿਤਾਵਾਂ ਲਿਖਣੀਆਂ ਅਤੇ ਪੇਂਟਿੰਗ ਪਸੰਦ ਹੈ। ਉਸਨੇ ਵੋਇਸ ਆਫ ਮਾਈ ਹਾਰਟ ਕਿਤਾਬ ’ਚ ਪੰਜਾਬੀ ਅਤੇ ਅੰਗਰੇਜ਼ੀ ’ਚ ਕਵਿਤਾਵਾਂ ਸ਼ਾਮਲ ਕੀਤੀਆਂ ਹਨ ਜਿਨ੍ਹਾਂ ’ਚ ਸੁਫ਼ਨੇ, ਮੇਰਾ ਪਿਤਾ, ਬਚਪਨ, ਸਕੂਲ, ਕਿਤਾਬਾਂ, ਸਾਹਿਬਜ਼ਾਦੇ, ਰੁੱਖ, ਮੇਰਾ ਰੰਗਲਾ ਪੰਜਾਬ ਸਮੇਤ ਵੱਖ ਵੱਖ ਵਿਸ਼ਿਆਂ ਤੇ ਕਵਿਤਾਵਾਂ ਸ਼ਾਮਲ ਹਨ। ਇਸ ਮੌਕੇ ਗੁਰਸਿਫ਼ਤ ਕੌਰ ਦੀ ਮਾਤਾ ਹਰਪ੍ਰੀਤ ਕੌਰ, ਪਿਤਾ ਅਤਿੰਦਰਪਾਲ ਸਿੰਘ, ਦਾਦਾ ਜਗਤਾਰ ਸਿੰਘ (ਸੇਵਾਮੁਕਤ ਏ ਡੀ ਓ), ਦਾਦੀ ਸਤਿੰਦਰਪਾਲ ਕੌਰ (ਸੇਵਾਮੁਕਤ ਅਧਿਆਪਕਾ) ਅਤੇ ਸਿੱਖਿਆ ਵਿਭਾਗ ਤੋਂ ਸਟਾਫ਼ ਮੌਜੂਦ ਸੀ।