ਜਮਹੂਰੀ ਅਧਿਕਾਰ ਸਭਾ ਨੇ ਪ੍ਰਸ਼ਾਸਨ ਦੀ ਅਣਮਨੁੱਖੀ ਤੇ ਜਾਬਰ ਕਾਰਵਾਈ ਦੀ ਕੀਤੀ ਨਿਖੇਧੀ
ਜਮਹੂਰੀ ਅਧਿਕਾਰ ਸਭਾ ਬਰਨਾਲਾ ਨੇ ਪ੍ਰਸ਼ਾਸਨ ਦੀ ਅਣਮਨੁੱਖੀ ਤੇ ਜਾਬਰ ਕਾਰਵਾਈ ਦੀ ਨਿਖੇਧੀ ਕੀਤੀ
Publish Date: Sun, 01 Feb 2026 04:40 PM (IST)
Updated Date: Mon, 02 Feb 2026 04:05 AM (IST)

ਸਟਾਫ਼ ਰਿਪੋਰਟਰ, ਪੰਜਾਬੀ ਜਾਗਰਣ, ਬਰਨਾਲਾ : 30 ਜਨਵਰੀ ਨੂੰ ਬਰਨਾਲਾ ਪ੍ਰਸ਼ਾਸਨ ਨੇ ਇੰਪਰੂਮੈਂਟ ਟਰੱਸਟ ਦੀ 25 ਏਕੜ ਸਕੀਮ ਦੀ ਬਸਤੀ ਦੀਆਂ ਸੈਂਕੜੇ ਝੁੱਗੀਆਂ ਢਾਹ ਦਿੱਤੀਆਂ ਤੇ ਉਥੇ ਰਹਿ ਰਹੇ ਮਰਦ. ਔਰਤਾਂ ਤੇ ਬੱਚਿਆਂ ’ਤੇ ਵਹਿਸ਼ੀ ਲਾਠੀਚਾਰਜ ਕੀਤਾ। 31 ਤਰੀਕ ਨੂੰ ਜਮਹੂਰੀ ਅਧਿਕਾਰ ਸਭਾ ਬਰਨਾਲਾ ਦੇ ਪ੍ਰਧਾਨ ਸੋਹਣ ਸਿੰਘ ਮਾਝੀ, ਸਕੱਤਰ ਬ੍ਵਿਕਰ ਸਿੰਘ ਔਲਖ, ਪ੍ਰੈਸ ਸਕੱਤਰ ਹਰਚਰਨ ਸਿੰਘ ਚਹਿਲ ਤੇ ਜ਼ਿਲ੍ਹਾ ਕਮੇਟੀ ਮੈਂਬਰ ਜਸਪਾਲ ਸਿੰਘ ਚੀਮਾ ਹਾਲਾਤ ਦਾ ਜਾਇਜ਼ਾ ਲੈਣ ਪਹੁੰਚੇ ਤਾਂ ਉਥੇ ਖੁੱਲ੍ਹੇ ਸਾਮਾਨ ਹੇਠ ਠੁਰ-ਠੁਰ ਕਰਦੇ ਮਰਦ, ਔਰਤਾਂ ਨੇ ਦੱਸਿਆ ਕਿ ਉਹ ਇਥੇ ਪਿਛਲੇ ਦੋ ਤੋਂ ਤਿੰਨ ਦਹਾਕਿਆਂ ਤੋਂ ਝੁੱਗੀਆਂ ਪਾ ਕੇ ਦਿਨ ਕਟੀ ਕਰ ਰਹੇ ਹਨ। ਜਦੋਂ ਪਿਛਲੇ ਕੁਝ ਸਮੇਂ ਤੋਂ ਇੰਪਰੂਮੈਂਟ ਟਰੱਸਟ ਬਰਨਾਲਾ ਦੇ ਅਧਿਅਕਾਰੀਆਂ ਨੇ ਉਨ੍ਹਾਂ ਨੂੰ ਜਗਾਹ ਖਾਲੀ ਕਰਨ ਲਈ ਕਿਹਾ ਤਾਂ ਉਹ ਉਦੋਂ ਤੋਂ ਹੀ ਜਿਲ੍ਹਾ ਪ੍ਰਸ਼ਾਸਨ ਦੇ ਵੱਖ ਵੱਖ ਅਧਿਆਰੀਆਂ ਤੋਂ ਉਨ੍ਹਾਂ ਲਈ ਕੋਈ ਬਦਲਵੇਂ ਥਾਂ ਦਾ ਇੰਤਜ਼ਾਮ ਕਰਨ ਦੀ ਮੰਗ ਕਰਦੇ ਰਹੇ ਹਨ। ਉਨ੍ਹਾਂ ਨੂੰ ਹਰ ਵਾਰ ਵਿਸ਼ਵਾਸ ਦਿਵਾਇਆ ਜਾਂਦਾ ਰਿਹਾ ਕਿ ਕਿਸੇ ਬਦਲਵੇਂ ਥਾਂ ਦਾ ਇੰਤਜ਼ਾਮ ਕੀਤੇ ਬਗ਼ੈਰ ਉਨ੍ਹਾਂ ਨੂੰ ਉਠਾਇਆ ਨਹੀਂ ਜਾਵੇਗਾ। ਪ੍ਰੰਤੂ 30 ਤਰੀਕ ਨੂੰ ਪ੍ਰਸ਼ਾਸਨ ਨੇ ਵੱਡੇ ਪੁਲਿਸ ਬਲ, ਜੇਬੀਸੀ ਮਸ਼ੀਨਾਂ ਤੇ ਬੁਲਡੋਜ਼ਰਾਂ ਨਾਲ ਉਨ੍ਹਾਂ ਦੀ ਬਸਤੀ’ਤੇ ਧਾਵਾ ਬੋਲ ਦਿਤਾ, ਮਰਦਾਂ, ਔਰਤਾਂ, ਬਜ਼ੁਰਗਾਂ ਤੇ ਬੱਚਿਆਂ ’ਤੇ ਅੰਨੇਵਾਹ ਲਾਠੀਚਾਰਜ ਕੀਤਾ ਅਤੇ ਘਰੇਲੂ ਸਮਾਨ ਨੂੰ ਸਾਂਭਣ ਦਾ ਮੌਕਾ ਦ੍ਵਿਤੇ ਬਗੈਰ ਉਨ੍ਹਾਂ ਦੀਆਂ ਝੁੱਗੀਆਂ ਤਹਿਸ-ਨਹਿਸ ਕਰ ਦਿਤੀਆਂ। ਕਈ ਲੋਕਾਂ ਨੂੰ ਗੰਭੀਰ ਸੱਟਾਂ ਲੱਗੀਆਂ। ਬਸਤੀ ਦੇ ਲੋਕ ਅਜੇ ਤੱਕ ਵੀ ਬਹੁਤ ਸਦਮੇ ਵਿਚ ਹਨ ਅਤੇ ਡਰੇ ਹੋਏ ਹਨ। ਪ੍ਰਸ਼ਾਸਨ ਨੇ ਉਨ੍ਹਾਂ ਦੇ ਕੁਝ ਮਰਦ ਔਰਤ ਨੁਮਾਂਇੰਦਿਆਂ ਅਤੇ ਮਜ਼ਦੂਰ ਆਗੂ ਖੁਸ਼ੀਆ ਸਿੰਘ ਨੂੰ ਦਾਣਾ ਮੰਡੀ ਬਰਨਾਲਾ ਵਿਚ ਕੋਈ ਬਦਲਵਾਂ ਥਾਂ ਦਿਖਾਉਣ ਦਾ ਲਾਰਾ ਲਾ ਕੇ ਪੁਲਿਸ ਗੱਡੀਆਂ ਵਿਚ ਬਿਠਾ ਲਿਆ ਅਤੇ ਪੱਖੋ ਕੈਂਚੀਆਂ ਵੱਲ ਲੈ ਤੁਰੇ। ਉਨ੍ਹਾਂ ਵੱਲੋਂ ਸਖਤ ਵਿਰੋਧ ਕਰਨ ’ਤੇ ਕੁਝ ਕਿਲੋਮੀਟਰ ਦੂਰ ਲਿਜਾ ਕੇ ਰਸਤੇ ਵਿਚ ਹੀ ਉਤਾਰ ਦਿਤਾ। ਜਮਹੂਰੀ ਅਧਿਕਾਰ ਸਭਾ ਬਰਨਾਲਾ ਪ੍ਰਸ਼ਾਸਨ ਦੀ ਇਸ ਅਣਮਨੁੱਖੀ, ਸੰਵੇਦਨਹੀਣ ਤੇ ਜਾਬਰ ਕਾਰਵਾਈ ਦੀ ਸਖਤ ਨਿਖੇਧੀ ਕਰਦੀ ਹੈ ਅਤੇ ਮੰਗ ਕਰਦੀ ਹੈ ਕਿ ਪ੍ਰਸ਼ਾਸਨ ਆਪਣੇ ਵਾਅਦਿਆਂ ਅਨੁਸਾਰ ਇਨ੍ਹਾਂ ਲੋਕਾਂ ਦੇ ਵਸੇਵੇ ਲਈ ਢੁੱਕਵੇਂ ਬਦਲਵੇਂ ਥਾਂ ਦਾ ਤੁਰੰਤ ਇੰਤਜ਼ਾਮ ਕਰੇ, ਉਨ੍ਹਾਂ ਦੇ ਘਰੇਲੂ ਸਮਾਨ ਦੇ ਹੋਏ ਨੁਕਸਾਨ ਦਾ ਮੁਆਵਜ਼ਾ ਦੇਵੇ ਅਤੇ ਜਖਮੀਆਂ ਦਾ ਮੁਫਤ ਇਲਾਜ ਕਰਵਾਏ।