ਹਸਨਪ੍ਰੀਤ ਭਾਰਦਵਾਜ ਬਣੇ ਨਗਰ ਨਿਗਮ ਬਰਨਾਲਾ ਦੇ ਪਹਿਲੇ ਮੇਅਰ
ਬਰਨਾਲਾ ਸਿਆਸਤ 'ਚ ਵੱਡਾ ਫੇਰਬਦਲ : ਹਸਨਪ੍ਰੀਤ ਭਾਰਦਵਾਜ ਬਣੇ ਨਗਰ ਨਿਗਮ ਬਰਨਾਲਾ ਦੇ ਪਹਿਲੇ ਮੇਅਰ
Publish Date: Thu, 11 Jun 2026 04:47 PM (IST)
Updated Date: Fri, 12 Jun 2026 04:06 AM (IST)

--ਪਟਵਾਰੀ ਤੋਂ ਬਣੇ ਓਐੱਸਡੀ ਹਸਨਪ੍ਰੀਤ ਭਾਰਦਵਾਜ ਨੇ ਬਰਨਾਲਾ ਦੇ ਪਹਿਲੇ ਮੇਅਰ ਬਣਕੇ ਰਚਿਆ ਇਤਿਹਾਸ ਯਾਦਵਿੰਦਰ ਸਿੰਘ ਭੁੱਲਰ, ਪੰਜਾਬੀ ਜਾਗਰਣ, ਬਰਨਾਲਾ : ਬਰਨਾਲਾ ਦੇ ਸਿਆਸੀ ਹਲਕਿਆਂ ਤੋਂ ਇਸ ਵੇਲੇ ਦੀ ਸਭ ਤੋਂ ਵੱਡੀ ਖ਼ਬਰ ਸਾਹਮਣੇ ਆ ਰਹੀ ਹੈ। ਲੰਬੇ ਇੰਤਜ਼ਾਰ ਤੇ ਸਿਆਸੀ ਸਰਗਰਮੀਆਂ ਤੋਂ ਬਾਅਦ, ਹਸਨਪ੍ਰੀਤ ਭਾਰਦਵਾਜ ਨੂੰ ਨਗਰ ਨਿਗਮ ਬਰਨਾਲਾ ਦੇ ਪਹਿਲੇ ਮੇਅਰ ਵਜੋਂ ਚੁਣ ਲਿਆ ਗਿਆ ਹੈ। ਇਸ ਇਤਿਹਾਸਕ ਚੋਣ ਤੋਂ ਬਾਅਦ ਉਨ੍ਹਾਂ ਦੇ ਸਮਰਥਕਾਂ ਤੇ ਪਾਰਟੀ ਵਰਕਰਾਂ ’ਚ ਖੁਸ਼ੀ ਦੀ ਲਹਿਰ ਹੈ। ਵਾਰਡ-44 ਤੋਂ ਜਿੱਤਕੇ ਤੈਅ ਕੀਤਾ ਮੇਅਰ ਤੱਕ ਦਾ ਸਫ਼ਰ ਹਸਨਪ੍ਰੀਤ ਭਾਰਦਵਾਜ ਨੇ ਨਗਰ ਨਿਗਮ ਚੋਣਾਂ ’ਚ ਵਾਰਡ-44 ਤੋਂ ਸ਼ਾਨਦਾਰ ਚੋਣ ਜਿੱਤ ਹਾਸਲ ਕਰਕੇ ਕੌਂਸਲਰ ਵਜੋਂ ਆਪਣਾ ਸਫ਼ਰ ਸ਼ੁਰੂ ਕੀਤਾ ਸੀ। ਵਾਰਡ ਦੇ ਲੋਕਾਂ ’ਚ ਬਲਕਿ ਪੂਰੇ ਸ਼ਹਿਰ ਤੇ ਬਰਨਾਲਾ ਜ਼ਿਲ੍ਹੇ ਦੇ ਉਨ੍ਹਾਂ ਦੀ ਚੰਗੀ ਪਕੜ ’ਤੇ ਦਿੱਤੇ ਗਏ ਭਰੋਸੇ ਸਦਕਾ ਵੀਰਵਾਰ ਨੂੰ ਉਹ ਸ਼ਹਿਰ ਦੇ ਸਭ ਤੋਂ ਸਰਵਉੱਚ ਪ੍ਰਸ਼ਾਸਨਿਕ ਤੇ ਸਿਆਸੀ ਅਹੁਦੇ (ਮੇਅਰ) ’ਤੇ ਬਿਰਾਜਮਾਨ ਹੋਣ ’ਚ ਕਾਮਯਾਬ ਰਹੇ ਹਨ। --ਪਟਵਾਰੀ ਦੀ ਨੌਕਰੀ ਤੋਂ ਮੇਅਰ ਦੇ ਅਹੁਦੇ ਤੱਕ : ਇੱਕ ਪ੍ਰੇਰਨਾਦਾਇਕ ਸਫ਼ਰ ਹਸਨਪ੍ਰੀਤ ਭਾਰਦਵਾਜ ਦਾ ਇਹ ਸਫ਼ਰ ਬੇਹੱਦ ਦਿਲਚਸਪ ਤੇ ਪ੍ਰੇਰਨਾਦਾਇਕ ਰਿਹਾ ਹੈ। ਕਦੇ ਪਟਵਾਰੀ ਵਜੋਂ ਸਰਕਾਰੀ ਸੇਵਾ ਨਿਭਾਉਣ ਵਾਲੇ ਭਾਰਦਵਾਜ ਨੇ ਵੀਰਵਾਰ ਨੂੰ ਬਰਨਾਲਾ ਨਗਰ ਨਿਗਮ ਦੇ ਪਹਿਲੇ ਮੇਅਰ ਬਣ ਕੇ ਇਤਿਹਾਸ ਰਚ ਦਿੱਤਾ ਹੈ। ਪ੍ਰਸ਼ਾਸਨਿਕ ਕੰਮਾਂ ਦੇ ਤਜ਼ਰਬੇ ਤੇ ਜਨਤਾ ਨਾਲ ਸਿੱਧੇ ਜੁੜਾਅ ਨੇ ਉਨ੍ਹਾਂ ਨੂੰ ਇਸ ਮੁਕਾਮ ਤੱਕ ਪਹੁੰਚਾਉਣ ਚ ਅਹਿਮ ਭੂਮਿਕਾ ਨਿਭਾਈ ਹੈ। ਸਾਬਕਾ ਮੰਤਰੀ ਤੇ ਸੰਸਦ ਮੈਂਬਰ ਗੁਰਮੀਤ ਸਿੰਘ ਮੀਤ ਹੇਅਰ ਦੇ ਹਨ ਜੁੰਡੀ ਦੇ ਯਾਰ ਸਿਆਸੀ ਗਲਿਆਰਿਆਂ ਚ ਇਹ ਚਰਚਾ ਆਮ ਹੈ ਕਿ ਹਸਨਪ੍ਰੀਤ ਭਾਰਦਵਾਜ, ਪੰਜਾਬ ਦੇ ਸਾਬਕਾ ਕੈਬਨਿਟ ਮੰਤਰੀ ਤੇ ਮੌਜੂਦਾ ਸੰਸਦ ਮੈਂਬਰ ਗੁਰਮੀਤ ਸਿੰਘ ਮੀਤ ਹੇਅਰ ਦੇ ਬੇਹੱਦ ਨਜ਼ਦੀਕੀ ਤੇ ਜੁੰਡੀ ਦੇ ਯਾਰਾਂ ਚੋਂ ਇੱਕ ਹਨ। --ਓਐੱਸਡੀ ਵਜੋਂ ਨਿਭਾਈਆਂ ਸੇਵਾਵਾਂ ਜਦੋਂ ਗੁਰਮੀਤ ਸਿੰਘ ਮੀਤ ਹੇਅਰ ਪੰਜਾਬ ਸਰਕਾਰ ਚ ਕੈਬਨਿਟ ਮੰਤਰੀ ਸਨ, ਤਾਂ ਹਸਨਪ੍ਰੀਤ ਭਾਰਦਵਾਜ ਨੇ ਉਨ੍ਹਾਂ ਦੇ ਓਐੱਸਡੀ ਵਜੋਂ ਵੀ ਸੇਵਾਵਾਂ ਨਿਭਾਈਆਂ। ਇਸ ਦੌਰਾਨ ਉਨ੍ਹਾਂ ਨੇ ਹਲਕੇ ਦੇ ਵਿਕਾਸ ਕਾਰਜਾਂ ਤੇ ਲੋਕਾਂ ਦੀਆਂ ਮੁਸ਼ਕਿਲਾਂ ਨੂੰ ਬਹੁਤ ਨੇੜਿਓਂ ਦੇਖਿਆ ਤੇ ਹੱਲ ਕਰਵਾਇਆ। --13 ਸਾਲ ਰਹੇ ਪਟਵਾਰੀ ਹਸਨਪ੍ਰੀਤ ਭਾਰਦਵਾਜ ਹਸਨਪ੍ਰੀਤ ਭਾਰਦਵਾਜ ਨੇ ਆਪਣੀ ਪਟਵਾਰੀ ਦੀ 13 ਸਾਲਾਂ ਚ 15 ਫਰਵਰੀ 2010 ਤੋਂ ਲੈ ਕੇ 30 ਜੂਨ 2023 ਤੱਕ ਨਿਵਾਈਆਂ ਪਟਵਾਰੀ ਵਜੋਂ ਸੇਵਾਵਾਂ ਦੌਰਾਨ ਡਿਊਟੀ ਸਮੇਂ ਕੋਰੋਨਾ ਕਾਲ 2020 ਦੌਰਾਨ ਜਿਲ੍ਹਾ ਪ੍ਰਸਾਸ਼ਨ ਵਲੋਂ ਉਸ ਸਮੇਂ ਦੇ ਬਰਨਾਲਾ ਦੇ ਐਸਡੀਐਮ ਆਈਏਐਸ ਵਰਜੀਤ ਸਿੰਘ ਬਾਲੀਆ ਦੀ ਅਗਵਾਈ ਹੇਠ ਬਣਾਈ ਗਈ ਸੰਜੀਵਨੀ ਸੁਸਾਇਟੀ ਤਹਿਤ ਲੋਕਾਂ ਦੀ ਮੱਦਦ ਕੀਤੀ। ਇਸ ਦੌਰਾਨ ਉਨ੍ਹਾਂ ਨੇ ਆਪਣਾ ਸਫ਼ਰ ਜਾਰੀ ਰੱਖਿਆ ਤੇ ਪਿੰਡਾਂ ਚ ਲੋਕਾਂ ਨਾਲ ਤਾਲਮਾਲ ਕਰਦਿਆਂ ਆਪਣੇ ਰਾਜਨੀਤਿਕ ਸਫ਼ਰ ਸ਼ੁਰੂ ਕੀਤਾ। --12 ਸਾਲਾਂ ਦੀ ਲੰਬੀ ਸਿਆਸੀ ਪਾਰੀ ਦਾ ਮਿਲਿਆ ਫਲ ਹਸਨਪ੍ਰੀਤ ਭਾਰਦਵਾਜ ਕੋਈ ਨਵਾਂ ਚਿਹਰਾ ਨਹੀਂ ਹਨ, ਸਗੋਂ ਉਹ ਪਿਛਲੇ ਲੰਬੇ ਸਮੇਂ ਤੋਂ ਰਾਜਨੀਤੀ ਚ ਸਰਗਰਮ ਹਨ। --2014 ਤੋਂ ਮੀਤ ਹੇਅਰ ਨਾਲ ਸਾਥ ਉਹ ਸਾਲ 2014 ਤੋਂ ਲਗਾਤਾਰ ਮੀਤ ਹੇਅਰ ਦੇ ਨਾਲ ਮੋਢੇ ਨਾਲ ਮੋਢਾ ਜੋੜ ਕੇ ਸਿਆਸਤ ਚ ਸਰਗਰਮ ਭੂਮਿਕਾ ਨਿਭਾ ਰਹੇ ਹਨ। 12 ਸਾਲਾਂ ਦੀ ਲੰਬੀ ਸਿਆਸੀ ਪਾਰੀ, ਜ਼ਮੀਨੀ ਪੱਧਰ ਤੇ ਕੀਤੀ ਮਿਹਨਤ ਅਤੇ ਪਾਰਟੀ ਪ੍ਰਤੀ ਵਫ਼ਾਦਾਰੀ ਸਦਕਾ ਹੀ ਅੱਜ ਉਨ੍ਹਾਂ ਨੂੰ ਬਰਨਾਲਾ ਦੇ ਪਹਿਲੇ ਮੇਅਰ ਦੀ ਤਾਜਪੋਸ਼ੀ ਦਾ ਮਾਣ ਹਾਸਲ ਹੋਇਆ ਹੈ। --ਸ਼ਹਿਰ ਵਾਸੀਆਂ ਨੂੰ ਵੱਡੀਆਂ ਉਮੀਦਾਂ ਬਰਨਾਲਾ ਦੇ ਪਹਿਲੇ ਮੇਅਰ ਬਣਨ ਤੇ ਸ਼ਹਿਰ ਨਿਵਾਸੀਆਂ ਨੂੰ ਉਮੀਦ ਹੈ ਕਿ ਹਸਨਪ੍ਰੀਤ ਭਾਰਦਵਾਜ ਆਪਣੇ ਪ੍ਰਸ਼ਾਸਨਿਕ ਤਜ਼ਰਬੇ ਤੇ ਸਿਆਸੀ ਪਹੁੰਚ ਸਦਕਾ ਬਰਨਾਲਾ ਸ਼ਹਿਰ ਦੇ ਵਿਕਾਸ ਨੂੰ ਨਵੀਆਂ ਉਚਾਈਆਂ ਤੇ ਲੈ ਕੇ ਜਾਣਗੇ । ਸਥਾਨਕ ਸਮੱਸਿਆਵਾਂ ਜਿਵੇਂ ਸਫ਼ਾਈ, ਸੜਕਾਂ ਅਤੇ ਸੀਵਰੇਜ ਦਾ ਪਹਿਲ ਦੇ ਅਧਾਰ ਤੇ ਹੱਲ ਕਰਨਗੇ।