ਧਨੌਲਾ ਦੇ ਰਹਿਣ ਵਾਲੇ ਤੇਜਿੰਦਰ ਦਾਸ ਦੀ ਸ਼ੱਕੀ ਹਾਲਾਤਾਂ ’ਚ ਹੋਈ ਮੌਤ
ਜਿਲ੍ਹੇ ਦੇ ਕਸਬਾ ਧਨੌਲਾ ਦੇ ਰਹਿਣ ਵਾਲੇ ਤੇਜਿੰਦਰ ਦਾਸ ਦੀ ਸ਼ੱਕੀ ਹਾਲਾਤਾਂ ’ਚ ਹੋਈ ਮੌਤ
Publish Date: Sat, 06 Jun 2026 05:08 PM (IST)
Updated Date: Sun, 07 Jun 2026 04:05 AM (IST)

ਯਾਦਵਿੰਦਰ ਸਿੰਘ ਭੁੱਲਰ, ਪੰਜਾਬੀ ਜਾਗਰਣ, ਬਰਨਾਲਾ : ਜ਼ਿਲ੍ਹੇ ਦੇ ਕਸਬਾ ਧਨੌਲਾ ਦੇ ਰਹਿਣ ਵਾਲੇ ਤੇਜਿੰਦਰ ਦਾਸ ਉਰਫ਼ ਵਿੰਦਰੀ ਬਾਵਾ ਦੀ ਉਨਾਂ ਦੇ ਖੇਤ ਚ ਲੰਘੀ ਕੱਲ੍ਹ ਦੇਰ ਸ਼ਾਮ ਹਲ ਵਾਹੁੰਦਿਆਂ ਸ਼ੱਕੀ ਹਾਲਾਤਾਂ ’ਚ ਹੋਈ ਮੌਤ ਨੇ ਕਾਨੂੰਨ ਵਿਵਸਥਾ ਤੇ ਕਈ ਗੰਭੀਰ ਸਵਾਲ ਖੜ੍ਹੇ ਕਰ ਦਿੱਤੇ ਹਨ। ਇੱਕ ਪਾਸੇ ਪੁਲਿਸ ਇਸ ਨੂੰ ਮਹਿਜ਼ ਇੱਕ ਹਾਦਸਾ ਕਰਾਰ ਦੇ ਕੇ ਪੱਲਾ ਝਾੜਦੀ ਨਜ਼ਰ ਆ ਰਹੀ ਹੈ, ਜਦਕਿ ਦੂਜੇ ਪਾਸੇ ਮੌਕੇ ਤੇ ਮੌਜੂਦ ਮ੍ਰਿਤਕ ਦੇ ਜਵਾਨ ਪੁੱਤਰ ਦੀਆਂ ਚੀਕਾਂ ਅਤੇ ਰੂਹ ਕੰਬਾਊ ਦੋਸ਼ ਚੀਕ-ਚੀਕ ਕੇ ਇਸ ਨੂੰ ਬੇਰਹਿਮ ਕਤਲ ਦੱਸ ਰਹੇ ਹਨ। ਆਖਿਰ ਕਿਉਂ, ਮੁਕਾਮੀ ਪੁਲਿਸ ਇਸ ਖੂਨੀ ਖੇਡ ਨੂੰ ਸਧਾਰਨ ਹਾਦਸਾ ਦਿਖਾਉਣ ਦੀ ਕੋਸ਼ਿਸ਼ ਕਰ ਰਹੀ ਹੈ? ਲੋਕਾਂ ਦੇ ਜਿਹਨ ਚ ਇਹ ਇੱਕ ਵੱਡਾ ਸਵਾਲ ਖੜ੍ਹਾ ਹੋ ਰਿਹਾ ਹੈ। ਧਨੌਲਾ ਸ਼ਹਿਰ ਦੇ ਵੱਡੇ ਡੇਰੇ ਵਾਲੇ ਤੇਜਿੰਦਰ ਦਾਸ ਉਰਫ਼ ਵਿੰਦਰੀ ਬਾਵਾ ਦੀ ਮੌਤ ਨੇ ਪੂਰੇ ਇਲਾਕੇ ’ਚ ਸਨਸਨੀ ਫੈਲਾ ਦਿੱਤੀ ਹੈ। ਸੋਸ਼ਲ ਮੀਡੀਆ ਤੇ ਵਾਇਰਲ ਹੋ ਰਹੀ ਇੱਕ ਵੀਡੀਓ ’ਚ ਮ੍ਰਿਤਕ ਦੇ ਪੁੱਤਰ ਹਰਮਨ ਬਾਵਾ ਦਾ ਦਰਦ ਹੰਝੂ ਬਣ ਕੇ ਵਹਿ ਰਿਹਾ ਹੈ। ਹਰਮਨ ਨੇ ਦੱਸਿਆ ਕਿ ਲੰਘੀ ਕੱਲ੍ਹ ਦੇਰ ਸ਼ਾਮ ਉਹ ਅਤੇ ਉਸ ਦਾ ਭਰਾ ਆਪਣੇ ਪਿਤਾ ਤੇਜਿੰਦਰ ਦਾਸ ਨਾਲ ਪਿੰਡ ਅਤਰ ਸਿੰਘ ਵਾਲਾ ਵਿਖੇ ਆਪਣੀ ਜ਼ਮੀਨ ਵਾਹੁਣ ਗਏ ਸਨ। ਖੇਤ ਪਹੁੰਚਦਿਆਂ ਹੀ ਪਹੀ (ਰਸਤੇ) ਦੇ ਪੁਰਾਣੇ ਰੌਲੇ ਨੂੰ ਲੈ ਕੇ ਭੋਲਾ, ਨੀਟੂ ਅਤੇ ਗਾਂਧੀ ਨਾਮ ਦੇ ਵਿਅਕਤੀਆਂ ਨੇ ਉਨ੍ਹਾਂ ਨੂੰ ਘੇਰ ਲਿਆ। ਤਕਰਾਰ ਇੰਨੀ ਵਧ ਗਈ ਕਿ ਦੋਸ਼ੀਆਂ ਚੋਂ ਇੱਕ ਜਣੇ ਨੇ, ਉਸ ਦੇ ਪਿਤਾ ਨੂੰ ਟਰੈਕਟਰ ਤੋਂ ਥੱਲੇ ਸੁੱਟ ਲਿਆ ਅਤੇ ਦੂਜੇ ਦੋ ਜਣਿਆਂ ਨੇ ਬੇਰਹਿਮੀ ਦੀਆਂ ਸਾਰੀਆਂ ਹੱਦਾਂ ਪਾਰ ਕਰਦਿਆਂ ਤੇਜਿੰਦਰ ਦਾਸ ਨੂੰ ਚੱਲਦੇ ਟਰੈਕਟਰ ਦੇ ਹਲਾਂ ਹੇਠ ਦਰੜ ਦਿੱਤਾ। ਹਲਾਂ ਦੀਆਂ ਤਿੱਖੀਆਂ ਫਾਲੀਆਂ ਪਿਤਾ ਦੇ ਜਿਸਮ ਨੂੰ ਚੀਰਦੀਆਂ ਲੰਘ ਗਈਆਂ। ਪੁੱਤਾਂ ਦੇ ਸਾਹਮਣੇ ਉਨ੍ਹਾਂ ਦਾ ਪਿਤਾ ਖੂਨ ਨਾਲ ਲੱਥਪੱਥ ਹੋ ਕੇ ਦਮ ਤੋੜ ਗਿਆ। ਮੌਤ ਦਾ ਇਹ ਭਿਆਨਕ ਤਾਂਡਵ ਦੇਖ ਕੇ ਬੱਚੇ ਡਰ ਕੇ ਦੂਰ ਭੱਜ ਗਏ ਅਤੇ ਜਦੋਂ ਵਾਪਸ ਪਰਤੇ ਤਾਂ ਪਿਤਾ ਦੀ ਲਾਸ਼ ਦੇਖ ਕੇ ਉਨ੍ਹਾਂ ਦੇ ਪੈਰਾਂ ਹੇਠੋਂ ਜ਼ਮੀਨ ਖਿਸਕ ਗਈ। ਬਾਕਸ ਨਿਊਜ:: ਇਹ ਘਟਨਾ ਇੱਕ ਹਾਦਸਾ ਹੈ, ਕਤਲ ਨਹੀਂ : ਐੱਸਐੱਚਓ ਥਾਣਾ ਧਨੌਲਾ ਦੇ ਐੱਸਐੱਚਓ ਇੰਸਪੈਕਟਰ ਗੁਰਵਿੰਦਰ ਸਿੰਘ ਦਾ ਕਹਿਣਾ ਹੈ ਕਿ ਮੁੱਢਲੀ ਪੜਤਾਲ ਤੇ ਨੇੜਲੇ ਲੋਕਾਂ ਦੇ ਬਿਆਨਾਂ ਅਨੁਸਾਰ ਇਹ ਘਟਨਾ ਇੱਕ ਹਾਦਸਾ ਹੈ, ਕਤਲ ਨਹੀਂ। ਪੁਲਿਸ ਨੇ ਲਾਸ਼ ਨੂੰ ਪੋਸਟਮਾਰਟਮ ਲਈ ਭੇਜ ਕੇ ਮਾਮਲੇ ਦੀ ਹੋਰ ਡੂੰਘਾਈ ਨਾਲ ਜਾਂਚ ਸ਼ੁਰੂ ਕਰ ਦਿੱਤੀ ਹੈ।