ਗੈਰ ਵਿੱਦਿਅਕ ਡਿਊਟੀਆਂ ਲਾਉਣ ਦੇ ਵਿਰੋਧ ’ਚ ਅਧਿਆਪਕਾਂ ਵੱਲੋਂ ਰੋਸ ਪ੍ਰਦਰਸ਼ਨ
ਜਬਰੀ ਗੈਰ ਵਿੱਦਿਅਕ ਡਿਊਟੀਆਂ ਲਾਉਣ ਦੇ ਵਿਰੋਧ ’ਚ ਜ਼ਿਲ੍ਹਾ ਕੰਪਲੈਕਸ ਵਿਖੇ ਅਧਿਆਪਕਾਂ ਵੱਲੋਂ ਰੋਸ ਪ੍ਰਦਰਸ਼ਨ
Publish Date: Thu, 11 Jun 2026 03:46 PM (IST)
Updated Date: Fri, 12 Jun 2026 04:03 AM (IST)

ਸਟਾਫ਼ ਰਿਪੋਰਟਰ, ਪੰਜਾਬੀ ਜਾਗਰਣ, ਬਰਨਾਲਾ : ਡਰੱਗ ਕਮ ਸਮਾਜਿਕ ਆਰਥਿਕ ਸੈਂਸਜ ਦੇ ਨਾਮ ਤੇ ਪੰਜਾਬ ਸਰਕਾਰ ਵੱਲੋਂ ਅਧਿਆਪਕਾਂ ਤੋਂ ਜਬਰੀ ਗੈਰ ਵਿੱਦਿਅਕ ਡਿਊਟੀਆਂ ਅਤੇ ਆਪਣਾ ਰਾਜਨੀਤਕ ਮੁਫ਼ਾਦਾਂ ਨੂੰ ਪੂਰਾ ਕਰਨ ਲਈ ਸਰਕਾਰੀ ਮਸੀਨਰੀ ਦੀ ਦੁਰਵਰਤੋਂ ਕੀਤੀ ਜਾ ਰਹੀ ਹੈ। ਡੀਸੀ ਕੰਪਲੈਕਸ ਬਰਨਾਲਾ ਵਿਖ ਅਧਿਆਪਕਾਂ ਦੀ ਮੀਟਿੰਗ ਨੂੰ ਸੰਬੋਧਨ ਕਰਦਿਆਂ ਸਮੂਹ ਅਧਿਆਪਕ ਜਥੇਬੰਦੀਆਂ ਦੇ ਆਗੂਆਂ ਨਰਿੰਦਰ ਕੁਮਾਰ, ਪਰਮਿੰਦਰ ਸਿੰਘ, ਹਰਿੰਦਰ ਮੱਲ੍ਹੀਆਂ, ਰਜਿੰਦਰ ਗੁਰੂ, ਅਮਰਜੀਤ ਸਿੰਘ ਖਾਲਸਾ ਵੱਲੋਂ ਕੀਤਾ ਗਿਆ। ਮੀਟਿੰਗ ’ਚ ਆਪਣੇ ਵਿਚਾਰ ਰੱਖਦੇ ਹੋਏ ਆਗੂਆਂ ਨੇ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਕਰਵਾਏ ਜਾ ਰਹੇ ਏ.ਆਈ. ਤਕਨੀਕ ਦੀ ਵਰਤੋਂ ਕਰਦੇ ਹੋਏ ਆਮ ਲੋਕਾਂ ਤੋਂ ਅਜਿਹੇ ਸਵਾਲ ਕੀਤੇ ਜਾਣੇ ਹਨ ਜਿਸ ਵਿੱਚ ਸਰਕਾਰ ਦੀਆਂ ਸਕੀਮਾਂ ਸਬੰਧੀ ਹੀ ਲੋਕਾਂ ਦੀ ਰਾਏ ਲਈ ਜਾ ਰਹੀ ਹੈ ਅਤੇ ਉਹਨਾਂ ਤੋਂ ਇਹ ਵੀ ਪੁੱਛਿਆ ਜਾਵੇਗਾ ਕਿ ਸਰਕਾਰ ਨੂੰ ਹੋਰ ਕਿਹੜੇ ਕੰਮ ਕਰਨੇ ਚਾਹੀਦੇ ਹਨ। ਅਜਿਹੇ ਵਿੱਚ ਪਹਿਲੀ ਨਜ਼ਰ ’ਚ ਇਹ ਪ੍ਰਤੀਤ ਹੁੰਦਾ ਹੈ ਕਿ ਸਰਕਾਰ ਵੱਲੋਂ ਸਰਵੇ ਦੇ ਨਾਂ ਹੇਠ ਇੱਕ ਪਾਰਟੀ ਵਿਸ਼ੇਸ਼ ਲਈ ਕੋਈ ਸਰਵੇ ਜਾਂ ਭਵਿੱਖੀ ਨੀਤੀਆਂ ਕਰਨ ਲਈ ਏਜੰਡਾ ਤਿਆਰ ਕਰਵਾਇਆ ਜਾ ਰਿਹਾ ਹੈ। ਉਕਤ ਦੇ ਨਾਲ ਜਥੇਬੰਦੀਆਂ ਦੇ ਆਗੂਆਂ ਨੇ ਸੰਬੋਧਨ ਕਰਦੇ ਹੋਏ ਕਿਹਾ ਕਿ ਇੱਕ ਪਾਸੇ ਇਸ ਭਗਵੰਤ ਮਾਨ ਸਰਕਾਰ ਵੱਲੋਂ ਜਨਤਕ ਤੌਰ ਤੇ ਐਲਾਨ ਕੀਤਾ ਗਿਆ ਸੀ ਕਿ ਕਿਸੇ ਵੀ ਅਧਿਆਪਕ ਤੋਂ ਗੈਰ ਵਿੱਦਿਅਕ ਡਿਊਟੀ ਨਹੀਂ ਕਰਵਾਈ ਜਾਵੇਗੀ, ਅਧਿਆਪਕਾਂ ਨੂੰ ਪੜ੍ਹਾਈ ਲਈ ਸੁਖਾਵਾਂ ਮਾਹੌਲ ਬਣਾਇਆ ਜਾਵੇਗਾ ਪਰ ਇਸ ਦੇ ਉਲਟ ਇਸ ਸਰਕਾਰ ਵੱਲੋਂ ਲਗਾਤਾਰ ਅਧਿਆਪਕਾਂ ਤੋਂ ਗੈਰ ਵਿਦਿਕ ਡਿਊਟੀਆਂ ਕਰਵਾਈਆਂ ਜਾ ਰਹੀਆਂ ਹਨ। ਸਰਕਾਰ ਦੇ ਇਸ ਰਵਈਏ ਦਾ ਵਿਰੋਧ ਕਰਦਿਆਂ ਹੋਇਆਂ ਅਧਿਆਪਕਾਂ ਨਾਲ ਮੀਟਿੰਗ ਕਰਨ ਉਪਰੰਤ ਜਥੇਬੰਦੀਆਂ ਵੱਲੋਂ ਇਹ ਫੈਸਲਾ ਕੀਤਾ ਗਿਆ ਹੈ ਕਿ ਡਰੱਗ ਸੈਂਸਜ ਵਿੱਚ ਡਿਊਟੀਆਂ ਨੂੰ ਲੈ ਕੇ ਅਧਿਆਪਕਾਂ ਤੇ ਕੀਤੇ ਜਾ ਰਹੇ ਇਸ ਜਬਰ ਦੇ ਵਿਰੋਧ ’ਚ 12 ਜੂਨ ਨੂੰ ਸਮੂਹ ਅਧਿਆਪਕ ਜਥੇਬੰਦੀਆਂ ਵੱਲੋਂ ਅਧਿਆਪਕਾਂ ਦੇ ਇੱਕ ਮਾਸ ਡੈਪੂਟੇਸ਼ਨ ਵੱਲੋਂ ਮਾਨਯੋਗ ਡਿਪਟੀ ਕਮਿਸ਼ਨਰ ਬਰਨਾਲਾ ਹਰਪ੍ਰੀਤ ਸਿੰਘ ਨਾਲ ਮੀਟਿੰਗ ਕੀਤੀ ਜਾਵੇਗੀ ਤਾਂ ਜੋ ਉਹਨਾਂ ਨੂੰ ਸਾਰੀ ਸਥਿਤੀ ਨਾਲ ਜਾਣੂ ਕਰਵਾਇਆ ਜਾਵੇ ਅਤੇ ਅਧਿਆਪਕਾਂ ਦੀਆਂ ਲਗਾਈਆਂ ਗਈਆਂ ਇਸ ਗੈਰ ਵਿੱਦਿਅਕ ਡਿਊਟੀਆਂ ਨੂੰ ਕਟਵਾਇਆ ਜਾ ਸਕੇ। ਅੱਜ ਦੀ ਮੀਟਿੰਗ ਵਿੱਚ ਅੰਮ੍ਰਿਤਪਾਲ ਕੋਟਦੁੱਨਾ, ਤੇਜਿੰਦਰ ਸਿੰਘ ਤੇਜੀ, ਹਰੀ ਸਿੰਘ, ਭਰਤ ਕੁਮਾਰ, ਮਾਲਵਿੰਦਰ ਸਿੰਘ, ਰਮਨਦੀਪ ਸਿੰਘ, ਕਪਿਲ ਦੇਵ, ਅਮਰੀਕ ਸਿੰਘ ਭੱਦਲਵੱਡ, ਜਸਵੀਰ ਕੁਮਾਰ ਸਮੇਤ ਵੱਡੀ ਗਿਣਤੀ ’ਚ ਅਧਿਆਪਕ ਸ਼ਾਮਿਲ ਹੋਏ।