ਐੱਸਐੱਸਡੀ ਕਾਲਜ ਬਰਨਾਲਾ ’ਚ ਹੋਇਆ ਉਦਾਸੀ ਗੀਤ ਮੁਕਾਬਲਾ
ਐਸ ਐਸ ਡੀ ਕਾਲਜ ਬਰਨਾਲਾ 'ਚ ਹੋਇਆ ਉਦਾਸੀ ਗੀਤ ਮੁਕਾਬਲਾ
Publish Date: Sat, 28 Mar 2026 04:17 PM (IST)
Updated Date: Sun, 29 Mar 2026 04:03 AM (IST)

ਸਟਾਫ਼ ਰਿਪੋਰਟਰ, ਪੰਜਾਬੀ ਜਾਗਰਣ, ਬਰਨਾਲਾ ਸਾਹਿਤ ਸਰਵਰ ਬਰਨਾਲਾ ਵੱਲੋਂ ਐੱਸਐੱਸਡੀ ਕਾਲਜ ਬਰਨਾਲਾ ਦੀ ਪ੍ਰਬੰਧਕੀ ਕਮੇਟੀ ਦੇ ਸਹਿਯੋਗ ਨਾਲ ਲੋਕ ਕਵੀ ਸੰਤ ਰਾਮ ਉਦਾਸੀ ਦੇ ਜਨਮਦਿਨ ਨੂੰ ਸਮਰਪਿਤ ਛੇਵਾਂ ਗੀਤ ਮੁਕਾਬਲਾ ਕਾਲਜ ’ਚ ਕਰਵਾਇਆ ਗਿਆ। ਜਿਸ ’ਚ ਗਿਆਰਾਂ ਵਿਦਿਆਰਥੀ ਅਤੇ ਵਿਦਿਆਰਥਣਾਂ ਵੱਲੋਂ ਉਦਾਸੀ ਦੇ ਗੀਤ ਕਵਿਤਾਵਾਂ ਪੇਸ਼ ਕੀਤੇ ਗਏ। ਪਰਖ ਕਰਨ ਦਾ ਫ਼ਰਜ਼ ਨਿਭਾਉਂਦਿਆਂ ਮੈਡਮ ਸੀਮਾ ਰਾਣੀ ਅਤੇ ਮੈਡਮ ਸਰਬਜੀਤ ਕੌਰ ਨੇ ਮਨੀ ਅਮ੍ਰਿਤਸਰੀ ਨੂੰ ਪਹਿਲੇ, ਸੁਨੀਤਾ ਨੂੰ ਦੂਜੇ ਤੇ ਸੋਮ ਨਾਥ ਨੂੰ ਤੀਜੇ ਸਥਾਨ ਤੇ ਆਉਣ ਦਾ ਐਲਾਨ ਕੀਤਾ। ਜੇਤੂਆਂ ਨੂੰ ਲੇਖਕ ਤੇ ਪੱਤਰਕਾਰ ਯਾਦਵਿੰਦਰ ਸਿੰਘ ਭੁੱਲਰ ਨੇ ਆਪਣੀ ਮਾਤਾ ਚਰਨਜੀਤ ਕੌਰ ਭੁੱਲਰ ਦੀ ਯਾਦ ’ਚ ਨਕਦ ਇਨਾਮ ਦਿੱਤੇ। ਮੁਕਾਬਲੇ ’ਚ ਭਾਗ ਲੈਣ ਵਾਲਿਆਂ ਨੂੰ ਮਿਆਰੀ ਕਿਤਾਬਾਂ ਭੇਂਟ ਕਰਕੇ ਸਨਮਾਨਿਤ ਕੀਤਾ ਗਿਆ। ਮੁਕਾਬਲਾ ਸ਼ੁਰੂ ਹੋਣ ਤੋਂ ਪਹਿਲਾਂ ਬਹੁਪੱਖੀ ਲੇਖਕ ਅਤੇ ਭਾਰਤੀ ਸਾਹਿਤ ਅਕੈਡਮੀ ਦਿੱਲੀ ਦੀ ਗਵਰਨਿੰਗ ਕੌਂਸਲ ਦੇ ਮੈਂਬਰ ਬੂਟਾ ਸਿੰਘ ਚੌਹਾਨ ਨੇ ਕਿਹਾ ਕਿ ਉਦਾਸੀ ਦੇ ਗੀਤ ਅੱਜ ਵੀ ਜਿੱਥੇ ਕਿਤੇ ਜੁਝਾਰੂ ਲੋਕ ਜ਼ੁਲਮ ਖ਼ਿਲਾਫ਼ ਆਵਾਜ਼ ਉਠਾਉਂਦੇ ਹਨ, ਓਥੇ ਗੂੰਜਦੇ ਹਨ। ਤਿੰਨ ਕਾਲੇ ਕਾਨੂੰਨ ਵਾਪਸ ਕਰਵਾਉਣ ਲਈ ਲੰਮਾ ਸਮਾਂ ਚੱਲੇ ਸੰਘਰਸ਼ ’ਚ ਵੀ ਉਦਾਸੀ ਦੇ ਹੀ ਗੀਤ ਗੂੰਜਦੇ ਰਹੇ ਹਨ। ਉਦਾਸੀ ਦੀ ਸਪੁੱਤਰੀ ਇਕਬਾਲ ਕੌਰ ਉਦਾਸੀ ਨੇ ਕਿਹਾ ਕਿ ਮੇਰੇ ਪਾਪਾ ਸਾਡੇ ਪਰਿਵਾਰ ਦਾ ਅੰਗ ਹੁੰਦੇ ਹੋਏ ਵੀ ਲੋਕਾਂ ਦੇ ਸਨ। ਸਿਰੜੀ ਤੇ ਜੁਝਾਰੂ ਲੋਕ ਸਾਡੇ ਵਾਂਗ ਹੀ ਉਨ੍ਹਾਂ ਤੇ ਆਪਣਾ ਹੱਕ ਜਿਤਾਉਂਦੇ ਹਨ। ਇਸਤਰੀ ਜਾਗ੍ਰਿਤੀ ਮੰਚ ਪੰਜਾਬ ਦੀ ਮੀਤ ਪ੍ਰਧਾਨ ਚਰਨਜੀਤ ਕੌਰ ਨੇ ਕਿਹਾ ਕਿ ਵਿਦਿਆਰਥੀਆਂ ਨੂੰ ਆਪਣੇ ਆਪ ਵਿਚ ਚੇਤਨਾ ਪੈਦਾ ਕਰਕੇ ਲੋਕ ਵਿਰੋਧੀ ਸ਼ਕਤੀਆਂ ਦਾ ਟਾਕਰਾ ਕਰਨਾ ਚਾਹੀਦਾ ਹੈ। ਲੱਚਰ ਗਾਇਕੀ ਦੀ ਵਲਗਣ ਤੋੜ ਕੇ ਉਸਾਰੂ ਕਦਰਾਂ ਕੀਮਤਾਂ ਦੇ ਸਮੱਰਥਕ ਹੋਣਾ ਚਾਹੀਦਾ ਹੈ। ਬੋਲੀਕਾਰ ਰਘਵੀਰ ਸਿੰਘ ਗਿੱਲ ਕੱਟੂ ਨੇ ਉਦਾਸੀ ਬਾਰੇ ਬੋਲੀਆਂ ਪੇਸ਼ ਕਰ ਕੇ ਸਮਾਂ ਬੰਨ੍ਹ ਦਿੱਤਾ।ਇਸ ਮੌਕੇ ਗਮਦੂਰ ਕੌਰ ਵੀ ਆਪਣੇ ਵਿਚਾਰ ਪੇਸ਼ ਕੀਤੇ। ਸਰਵਰ ਦੇ ਪ੍ਰਧਾਨ ਬਲਵਿੰਦਰ ਸਿੰਘ ਠੀਕਰੀਵਾਲਾ ਨੇ ਕਿਹਾ ਕਿ ਸੰਤ ਰਾਮ ਉਦਾਸੀ ਦਾ 7ਵਾਂ ਉਦਾਸੀ ਗੀਤ ਮੁਕਾਬਲਾ ਯੂਨੀਵਰਸਿਟੀ ਕਾਲਜ ਘੜੂੰਆਂ ਰੋਡ ਬਰਨਾਲਾ ਵਿਖੇ 6 ਅਪ੍ਰੈਲ ਨੂੰ ਸਵੇਰੇ ਦਸ ਵਜੇ ਕਰਵਾਇਆ ਜਾ ਰਿਹਾ ਹੈ। ਸਰਵਰ ਦੇ ਜਨਰਲ ਸੈਕਟਰੀ ਐਡ. ਕੁਲਵੰਤ ਸਿੰਘ ਧਿੰਗੜ ਨੇ ਕਿਹਾ ਕਿ ਸਰਵਰ ਵੱਲੋਂ ਸੰਤ ਰਾਮ ਉਦਾਸੀ ਦੇ ਜਨਮ ਦਿਨ 20 ਅਪ੍ਰੈਲ ਤੋਂ ਪਹਿਲਾਂ ਹੋਰਾਂ ਕਾਲਜਾਂ ’ਚ ਉਦਾਸੀ ਗੀਤ ਮੁਕਾਬਲੇ ਕਰਵਾਏ ਜਾਣਗੇ। ਸਟੇਜ ਦਾ ਫ਼ਰਜ਼ ਡਾ ਹਰਪ੍ਰੀਤ ਕੌਰ ਨੇ ਨਿਭਾਇਆ। ਅੰਤ ’ਚ ਕਾਲਜ ਦੇ ਵਾਈਸ ਪ੍ਰਿੰਸੀਪਲ ਭਾਰਤ ਭੂਸ਼ਣ ਨੇ ਸਭਨਾਂ ਦਾ ਧੰਨਵਾਦ ਕੀਤਾ।