ਦਸਮ ਪਿਤਾ ਨੇ ਸਾਨੂੰ ਨਿਆਰਾ ਸਰੂਪ, ਸਿਧਾਂਤ ਤੇ ਮਰਿਆਦਾ ਬਖਸ਼ੀ : ਭਾਈ ਮਾਝੀ
ਦਸਮ ਪਿਤਾ ਨੇ ਸਾਨੂੰ ਨਿਆਰਾ ਸਰੂਪ, ਸਿਧਾਂਤ 'ਤੇ ਮਰਿਆਦਾ ਬਖਸ਼ੀ : ਭਾਈ ਮਾਝੀ
Publish Date: Wed, 15 Apr 2026 05:07 PM (IST)
Updated Date: Wed, 15 Apr 2026 05:09 PM (IST)
- ਪਖੰਡੀਆਂ ਦਾ ਖਹਿੜਾ ਛੱਡ ਕੇ ਸ਼ਬਦ ਗੁਰੂ ਨਾਲ ਜੁੜੋ : ਭਾਈ ਮਾਝੀ
ਮੁਕੇਸ਼ ਸਿੰਗਲਾ, ਪੰਜਾਬੀ ਜਾਗਰਣ
ਭਵਾਨੀਗੜ੍ਹ : ਗੁਰੂ ਗੋਬਿੰਦ ਸਿੰਘ ਸਾਹਿਬ ਪਿਤਾ ਜੀ ਨੇ ਸੰਨ 1699 ਦੀ ਵਿਸਾਖੀ ਨੂੰ ਖੰਡੇ ਕੀ ਪਾਹੁਲ ਦੀ ਬਖਸ਼ਿਸ਼ ਕਰ ਕੇ ਸਾਨੂੰ ਨਿਆਰਾ ਸਰੂਪ, ਸਿਧਾਂਤ ਅਤੇ ਮਰਿਆਦਾ ਦੇ ਕੇ ਬਿਪਰਵਾਦੀ ਰੀਤਾਂ ਦਾ ਤਿਆਗ ਕਰਵਾਉਂਦਿਆਂ ਵਾਹਿਗੁਰੂ ਜੀ ਕਾ ਖਾਲਸਾ ਬਣਾਇਆ ਹੈ। ਪੰਥ ਪ੍ਰਸਿੱਧ ਕਥਾਵਾਚਕ ਭਾਈ ਹਰਜਿੰਦਰ ਸਿੰਘ ਮਾਝੀ ਮੁੱਖ ਸੇਵਾਦਾਰ ਦਰਬਾਰ-ਏ-ਖਾਲਸਾ ਨੇ ਜਰਮਨ ਕਾਲੋਨੀ ਫਰੀਦਕੋਟ ਅਤੇ ਪਿੰਡ ਮੰਗਾਲ (ਜੰਮੂ) ਵਿਖੇ ਖ਼ਾਲਸਾ ਪ੍ਰਗਟ ਦਿਵਸ ਨੂੰ ਸਮਰਪਿਤ ਹੋਏ ਗੁਰਮਤਿ ਸਮਾਗਮਾਂ ਦੌਰਾਨ ਕਥਾ ਕਰਦਿਆਂ ਇਹ ਵਿਚਾਰ ਪ੍ਰਗਟਾਏ। ਉੱਨਾਂ ਕਿਹਾ ਕਿ ਸ੍ਰੀ ਅਨੰਦਪੁਰ ਸਾਹਿਬ ਵਿਖੇ ਖ਼ਾਲਸਾ ਪ੍ਰਗਟ ਕਰਨ ਮੌਕੇ ਦਸਮੇਸ਼ ਪਿਤਾ ਜੀ ਵੱਲੋਂ ਬਖਸ਼ੇ ਪੰਜ ਕਰਾਰਾਂ ਦੇ ਅੰਤਰੀਵ ਭਾਵ ਨੂੰ ਆਪਣੀ ਸੁਰਤ ਵਿੱਚ ਵਸਾਉਣਾ ਬੇਹੱਦ ਜ਼ਰੂਰੀ ਹੈ। ਉਨ੍ਹਾਂ ਦੱਸਿਆ ਕਿ ਦੁਨੀਆ ਦੇ ਇਤਿਹਾਸ ਨੂੰ 20 ਜਿਲਦਾਂ ਵਿੱਚ ਲਿਖਣ ਵਾਲੇ ਆਰਨੋਲਡ ਤਿਆਨਬੀ ਅਨੁਸਾਰ ਪੰਜ ਕਕਾਰਾਂ ਦਾ ਧਾਰਨੀ ਖੁੱਲੇ ਦਾੜੇ ਵਾਲਾ ਗੁਰਸਿੱਖ ਹੀ ਦੁਨੀਆ ਦਾ ਸਭ ਤੋ ਸੋਹਣਾ ਮਨੁੱਖ ਹੈ। ਭਾਈ ਮਾਝੀ ਨੇ ਸਿੱਖ ਨੌਜਵਾਨਾਂ ਨੂੰ ਨਸ਼ਿਆਂ, ਵਹਿਮਾਂ-ਭਰਮਾਂ, ਪਾਖੰਡੀਆਂ ਦਾ ਖਹਿੜਾ ਛੱਡ ਕੇ ਖੰਡੇ ਕੀ ਪਾਹੁਲ ਪ੍ਰਾਪਤ ਕਰ ਕੇ ਸ਼ਬਦ ਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਲੜ ਲੱਗਣ ਲਈ ਪ੍ਰੇਰਿਆ। ਸਮਾਗਮਾਂ ਦੌਰਾਨ ਭਾਈ ਹਰਜਿੰਦਰ ਸਿੰਘ ਮਾਝੀ ਵੱਲੋਂ ਲਿਖੀ ਪੁਸਤਕ ‘ਜੀਵਨ ਵਿੱਚ ਖੇੜਾ ਕਿਵੇਂ ਆਵੇ’ ਪ੍ਰਾਪਤ ਕਰ ਕੇ ਸੰਗਤ ਨੇ ਖੁਸ਼ੀ ਮਹਿਸੂਸ ਕੀਤੀ। ਇਸ ਮੌਕੇ ਗੁਰੂ ਕਾ ਲੰਗਰ ਅਤੁੱਟ ਵਰਤਿਆ।