ਦਲਿਤ ਭਾਈਚਾਰੇ ਨੇ ਡੀਸੀ ਦਫ਼ਤਰ ਅੱਗੇ ਲਾਇਆ ਧਰਨਾ
ਦਲਿਤ ਭਾਈਚਾਰੇ ਨੇ ਲਾਇਆ ਡੀਸੀ ਦਫਤਰ ਅੱਗੇ ਧਰਨਾ
Publish Date: Wed, 01 Apr 2026 05:31 PM (IST)
Updated Date: Wed, 01 Apr 2026 05:34 PM (IST)

ਬਲਜਿੰਦਰ ਸਿੰਘ ਮਿੱਠਾ, ਪੰਜਾਬੀ ਜਾਗਰਣ ਸੰਗਰੂਰ : ਪਿੰਡ ਬੇਨੜਾ ਵਿੱਚ ਅਨੁਸੂਚਿਤ ਜਾਤੀ ਨਾਲ ਸਬੰਧਿਤ ਲੋਕਾਂ ਦੀ ਰੂੜੀਆਂ ਵਾਲੀ ਥਾਂ ’ਤੇ ਕਬਜ਼ਾ ਕਰਨ ਦੇ ਵਿਰੋਧ ਵਿੱਚ ਦਲਿਤ ਭਾਈਚਾਰੇ ਦੇ ਲੋਕਾਂ ਨੇ ਡੀਸੀ ਦਫ਼ਤਰ ਅੱਗੇ ਧਰਨਾ ਲਾ ਕੇ ਨਾਅਰੇਬਾਜ਼ੀ ਕੀਤੀ। ਪਿੰਡ ਦੇ ਆਗੂਆਂ ਸੇਵਾਮੁਕਤ ਲੈਕਚਰਾਰ ਰਾਮ ਸਿੰਘ, ਸਾਬਕਾ ਬਲਾਕ ਸੰਮਤੀ ਮੈਂਬਰ ਦਰਬਾਰਾ ਸਿੰਘ, ਸਾਬਕਾ ਪੰਚ ਦਰਸ਼ਨ ਸਿੰਘ ਅਤੇ ਹਰਕੀਤ ਸਿੰਘ, ਸਾਬਕਾ ਸਰਪੰਚ ਹਰਜਿੰਦਰ ਸਿੰਘ, ਸਮਾਜ ਸੇਵਕ ਅਮਰਜੀਤ ਸਿੰਘ, ਗਿੰਦਰ ਸਿੰਘ, ਲਖਵਿੰਦਰ ਸਿੰਘ, ਜਗਤਾਰ ਸਿੰਘ ਨੇ ਕਿਹਾ ਕਿ ਸਾਲਾਂ ਤੋਂ ਪਿੰਡ ਬੇਨੜਾ ਦੇ ਦਲਿਤ ਭਾਈਚਾਰੇ ਨਾਲ ਸਬੰਧਿਤ ਲਗਭਗ 400 ਐੱਸਸੀ ਪਰਿਵਾਰਾਂ ਵੱਲੋਂ ਵਰਤੀ ਜਾਂਦੀ ਰੂੜੀਆਂ ਵਾਲੀ ਜ਼ਮੀਨ ਉੱਤੇ ਹੁਣ ਗੁਰਦੁਆਰਾ ਕਮੇਟੀ ਦੇ ਕੁਝ ਪ੍ਰਭਾਵਸ਼ਾਲੀ ਲੋਕਾਂ ਵੱਲੋਂ ਨਾਜਾਇਜ਼ ਕਬਜ਼ਾ ਕੀਤਾ ਹੈ। ਇਹ ਜ਼ਮੀਨ ਪਿਛਲੇ ਕਈ ਦਹਾਕਿਆਂ ਤੋਂ ਦਲਿਤ ਮਜ਼ਦੂਰਾਂ ਦੀ ਰੋਜ਼ੀ-ਰੋਟੀ ਦਾ ਅਹਿਮ ਸਾਧਨ ਰਹੀ ਹੈ। ਇਹ ਸਾਮਲਾਟ ਜ਼ਮੀਨ ਦਲਿਤ ਪਰਿਵਾਰਾਂ ਵੱਲੋਂ ਆਪਣੀਆਂ ਰੂੜੀਆਂ ਅਤੇ ਪਥਵਾੜਿਆਂ ਦੇ ਰੂਪ ਵਿੱਚ ਵਰਤੀ ਜਾਂਦੀ ਰਹੀ ਹੈ, ਪਰ ਹੁਣ ਇਸ ਉੱਤੇ ਗ੍ਰਾਮ ਪੰਚਾਇਤ ਤੇ ਸਰਪੰਚ ਦੀ ਮਿਲੀਭੁਗਤ ਨਾਲ ਜ਼ਬਰਦਸਤੀ ਪਿੰਡ ਦੇ ਘੜੰਮ ਚੌਧਰੀਆਂ ਵੱਲੋਂ ਕਬਜ਼ਾ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ, ਜੋ ਕਿ ਬਹੁਤ ਹੀ ਨਿੰਦਣਯੋਗ ਅਤੇ ਗੈਰ ਕਾਨੂੰਨੀ ਕਿਰਿਆ ਹੈ। ਇਹ ਮਾਮਲਾ ਸਿਰਫ਼ ਜ਼ਮੀਨ ਦਾ ਨਹੀਂ, ਸਗੋਂ ਸਮਾਜਿਕ ਨਿਆਂ ਅਤੇ ਮਨੁੱਖੀ ਅਧਿਕਾਰਾਂ ਦਾ ਮਾਮਲਾ ਹੈ। ਭਾਰਤ ਦਾ ਸੰਵਿਧਾਨ ਹਰ ਨਾਗਰਿਕ ਨੂੰ ਬਰਾਬਰੀ ਦਾ ਹੱਕ ਦਿੰਦਾ ਹੈ, ਪਰ ਇਸ ਮਾਮਲੇ ਵਿੱਚ ਦਲਿਤ ਭਾਈਚਾਰੇ ਨਾਲ ਹੋ ਰਿਹਾ ਵਤੀਰਾ ਇਸ ਗੱਲ ਦਾ ਸਪੱਸ਼ਟ ਉਲੰਘਣ ਹੈ। ਸੰਵਿਧਾਨ ਅਨੁਸਾਰ ਕਿਸੇ ਵੀ ਵਿਅਕਤੀ ਨਾਲ ਧਰਮ, ਜਾਤ ਜਾਂ ਵਰਗ ਦੇ ਆਧਾਰ ’ਤੇ ਭੇਦਭਾਵ ਨਹੀਂ ਕੀਤਾ ਜਾ ਸਕਦਾ, ਪਰ ਇੱਥੇ ਦਲਿਤ ਭਾਈਚਾਰੇ ਨੂੰ ਨਿਸ਼ਾਨਾ ਬਣਾਇਆ ਜਾ ਰਿਹਾ ਹੈ। ਅਛੂਤਪਣ ਨੂੰ ਸੰਵਿਧਾਨ ਦੁਆਰਾ ਖਤਮ ਕੀਤਾ ਗਿਆ ਹੈ, ਫਿਰ ਵੀ ਇਸ ਤਰ੍ਹਾਂ ਦੇ ਕਦਮ ਉਸੇ ਮਨੋਵਿਰਤੀ ਨੂੰ ਜਿੰਦਾ ਰੱਖਦੇ ਹਨ। ਇਸ ਮਾਮਲੇ ਨੂੰ ਲੈ ਕੇ ਸੈਂਕੜੇ ਦਲਿਤ ਮਜ਼ਦੂਰ ਏਡੀਸੀ ਦਫ਼ਤਰ ਪਹੁੰਚੇ ਅਤੇ ਏਡੀਸੀ ਸਾਹਿਬ ਨਾਲ ਮੁਲਾਕਾਤ ਕਰ ਕੇ ਆਪਣਾ ਦੁੱਖ ਦਰਦ ਸਾਂਝਾ ਕੀਤਾ। ਉਨ੍ਹਾਂ ਨੇ ਨਾਜਾਇਜ਼ ਕਬਜ਼ੇ ਬਾਰੇ ਪੂਰੀ ਜਾਣਕਾਰੀ ਦਿੱਤੀ ਅਤੇ ਇਨਸਾਫ਼ ਦੀ ਮੰਗ ਕੀਤੀ। ਏਡੀਸੀ ਵੱਲੋਂ ਪੀੜਤਾਂ ਨੂੰ ਇਨਸਾਫ਼ ਦੇਣ ਦਾ ਭਰੋਸਾ ਦਿਵਾਇਆ ਗਿਆ ਹੈ। ਆਗੂਆਂ ਨੇ ਪ੍ਰਸ਼ਾਸਨ ਕੋਲ ਮੰਗ ਕੀਤੀ ਹੈ ਕਿ ਦਲਿਤ ਭਾਈਚਾਰੇ ਦੀ ਰੂੜੀਆਂ ਵਾਲੀ ਜ਼ਮੀਨ ਤੋਂ ਤੁਰੰਤ ਨਾਜਾਇਜ਼ ਕਬਜ਼ਾ ਹਟਾਇਆ ਜਾਵੇ। ਦੋਸ਼ੀਆਂ ਖ਼ਿਲਾਫ਼ ਕਾਨੂੰਨੀ ਕਾਰਵਾਈ ਕੀਤੀ ਜਾਵੇ।