ਖ਼ਰਾਬ ਮੌਸਮ ਤੇ ਪੈ ਰਹੀ ਬਰਸਾਤ ਫੇਰ ਰਹੀ ਹੈ ਕਿਸਾਨਾਂ ਦੀਆਂ ਉਮੀਦਾਂ ’ਤੇ ਪਾਣੀ
ਖ਼ਰਾਬ ਮੌਸਮ ਤੇ ਪੈ ਰਹੀ ਬਰਸਾਤ ਫੇਰ ਰਹੀ ਹੈ ਕਿਸਾਨਾਂ ਦੀਆਂ ਉਮੀਦਾਂ ’ਤੇ ਪਾਣੀ
Publish Date: Thu, 09 Apr 2026 04:48 PM (IST)
Updated Date: Fri, 10 Apr 2026 04:06 AM (IST)

ਯਾਦਵਿੰਦਰ ਸਿੰਘ ਭੁੱਲਰ, ਪੰਜਾਬੀ ਜਾਗਰਣ, ਬਰਨਾਲਾ : ਪੰਜਾਬ ’ਚ ਬੇਮੌਸਮੀ ਬਰਸਾਤ, ਤੇਜ਼ ਹਵਾਵਾਂ ਤੇ ਗੜੇਮਾਰੀ ਨੇ ਪੱਕਣ ਦੇ ਆਖਰੀ ਪੜਾਅ ’ਤੇ ਪਹੁੰਚੀ ਕਣਕ ਦੀ ਫਸਲ ਨੂੰ ਭਾਰੀ ਨੁਕਸਾਨ ਪਹੁੰਚਾਇਆ ਹੈ। ਇਸ ਕੁਦਰਤੀ ਆਫ਼ਤ ਨੇ ਕਿਸਾਨਾਂ ਦੀਆਂ ਚੰਗੀ ਪੈਦਾਵਾਰ ਦੀਆਂ ਉਮੀਦਾਂ ’ਤੇ ਪਾਣੀ ਫੇਰ ਦਿੱਤਾ ਹੈ, ਜਿਸ ਨਾਲ ਹਜ਼ਾਰਾਂ ਏਕੜ ਫ਼ਸਲ ਖੇਤਾਂ ’ਚ ਵਿਛ ਗਈ ਹੈ। ਕਿਸਾਨਾਂ ਵੱਲੋਂ ਸਰਕਾਰ ਕੋਲੋਂ ਖ਼ਰਾਬ ਹੋਈ ਫ਼ਸਲ ਦੇ ਮੁਆਵਜੇ ਲਈ ਗੁਹਾਰ ਲਗਾਈ ਜਾ ਰਹੀ ਹੈ। ਪੇਸ਼ ਹਨ ਕਿਸਾਨ ਆਗੂਆਂ ਦੇ ਵਿਚਾਰ। ਹੇਠਾਂ ਵਿਛੀ ਕਣਕ ਕਾਰਨ ਝਾੜ ’ਤੇ ਪਵੇਗਾ ਅਸਰ : ਬਲੌਰ ਛੰਨਾ : ਕਿਸਾਨ ਆਗੂ ਬਲੌਰ ਸਿੰਘ ਛੰਨਾ ਨੇ ਕਿਹਾ ਕਿ ਪੰਜਾਬ ਅੰਦਰ ਕਈ ਥਾਈਂ ਤੇਜ਼ ਮੀਂਹ ਤੇ ਗੜਿਆਂ ਕਾਰਨ ਕਣਕ ਤੇ ਸਰ੍ਹੋਂ ਦੀ ਫਸਲ ਜ਼ਮੀਨ ਤੇ ਵਿਛ ਗਈ ਹੈ। ਕਣਕ ਨੇ ਆਪਣਾ ਰੰਗ ਬਦਲ ਲਿਆ ਹੈ ਤੇ ਪੱਕ ਕਿਨਾਰੇ ਹਨ, ਪਰ ਖ਼ਰਾਬ ਮੌਸਮ ਕਾਰਨ ਤੇ ਲਗਾਤਾਰ ਪੈ ਰਹੇ ਤੇ ਤੇਜ ਹਵਾਵਾਂ ਚੱਲਣ ਕਾਰਨ ਕਣਕ ਦੀ ਖੜ੍ਹੀ ਫ਼ਸਲ ਕਈ ਥਾਈਂ ਬਿਲਕੁਲ ਹੇਠਾਂ ਬਿਛ ਚੁੱਕੀ ਹੈ ਜਿਸ ਕਾਰਨ ਕਣਕ ਦਾ ਦਾਣਾ ਖ਼ਰਾ ਹੋਣ ਦਾ ਖਦਸਾ ਹੈ ਤੇ ਝਾੜ ਵੀ ਘੱਟ ਨਿਕਲ ਸਕਦਾ ਹੈ। : ਖ਼ਰਾਬ ਮੌਸਮ ਨੇ ਕਿਸਾਨਾਂ ਦੀ ਵਧਾਈ ਚਿੰਤਾ : ਜਰਨੈਲ ਸਿੰਘ : ਕਿਸਾਨ ਆਗੂ ਜਰਨੈਲ ਸਿੰਘ ਜਵੰਧਾ ਨੇ ਕਿਹਾ ਕਿ ਵਾਢੀ ਤੋਂ ਠੀਕ ਪਹਿਲਾਂ ਆਈ ਬਰਸਾਤ ਕਾਰਨ ਕਿਸਾਨ ਕਾਫੀ ਨਿਰਾਸ਼ ਹਨ। ਲਗਾਤਾਰ ਮੀਂਹ ਤੇ ਤੇਜ਼ ਹਵਾਵਾਂ ਨੇ ਫਸਲਾਂ ਨੂੰ ਭਾਰੀ ਨੁਕਸਾਨ ਪਹੁੰਚਾਇਆ ਹੈ। ਕਈ ਥਾਈ ਗੜ੍ਹੇਮਾਰੀ ਕਾਰਨ ਕਣਕ ਦੀ ਫ਼ਸਲ ਖ਼ਰਾਬ ਹੋ ਚੁੱਕੀ ਹੈ। ਕਿਸਾਨ ਤਾਂ ਪਹਿਲਾਂ ਹੀ ਆਪਣੇ ਸਿਰ ਚੜ੍ਹੇ ਕਰਜਿਆਂ ਕਾਰਨ ਖੁਦਕੁਸ਼ੀਆਂ ਕਰ ਰਿਹਾ ਹੈ। ਸਰਕਾਰ ਨੂੰ ਚਾਹੀਦਾ ਹੈ ਕਿ ਜਿਨ੍ਹਾਂ ਕਿਸਾਨਾਂ ਦੀ ਫ਼ਸਲ ਖ਼ਰਾਬ ਹੋਈ ਹੈ ਉਨ੍ਹਾਂ ਨੂੰ ਯੋਗ ਮੁਆਵਜਾ ਦਿੱਤਾ ਜਾਵੇ। : ਸਰਕਾਰ ਖ਼ਰਾਬ ਹੋਈਆਂ ਫ਼ਸਲਾਂ ਦਾ ਮੁਆਵਜਾ ਦੇਵੇ : ਚਮਕੌਰ ਸਿੰਘ : ਕਿਸਾਨ ਆਗੂ ਚਮਕੌਰ ਸਿੰਘ ਨੈਣੇਵਾਲ ਨੇ ਕਿਹਾ ਕਿ ਹਰ ਰੋਜ਼ ਖਰਾਬ ਮੌਸਮ ਦੇ ਕਾਰਨ ਕਿਸਾਨ ਬਹੁਤ ਪ੍ਰੇਸ਼ਾਨ ਹਨ। ਪੁੱਤਾਂ ਵਾਂਗ ਕਿਸਾਨਾਂ ਵਲੋਂ ਪਾਲੀਆਂ ਕਣਕਾਂ ਦੀਆਂ ਫ਼ਸਲਾਂ ਖਰਾਬ ਹੋ ਰਹੀਆਂ ਹਨ। ਧਰਤੀ ਤੇ ਬਾਰਿਸ਼ ਕਾਰਨ ਵਿਛੀਆਂ ਕਣਕਾਂ ਦੀਆਂ ਫ਼ਸਲਾਂ ਥੱਲੋਂ ਕਾਲੀਆਂ ਹੁੰਦੀਆਂ ਜਾ ਰਹੀਆਂ ਹਨ ਤੇ ਕਣਕਾਂ ਦਾ ਝਾੜ ਦਿਨੋਂ-ਦਿਨ ਘੱਟ ਰਿਹਾ ਹੈ। ਉਨ੍ਹਾਂ ਸਰਕਾਰ ਤੋਂ ਮੰਗ ਕੀਤੀ ਹੈ ਕਿ ਤੁਰੰਤ ਗਿਰਦਾਵਰੀ ਕਰਵਾ ਕੇ ਨੁਕਸਾਨ ਦਾ ਅੰਕਲਨ ਕੀਤਾ ਜਾਵੇ ਤੇ ਉਨ੍ਹਾਂ ਨੂੰ ਯੋਗ ਮੁਆਵਜ਼ਾ ਦਿੱਤਾ ਜਾਵੇ। : ਮੀਂਹ ਕਾਰਨ ਹੋਰ ਰਹੀ ਹੈ ਫ਼ਸਲ ਖ਼ਰਾਬ : ਜਰਨੈਲ ਸਿੰਘ ਬਦਰਾ : ਕਿਸਾਨ ਆਗੂ ਜਰਨੈਲ ਸਿੰਘ ਬਦਰਾ ਨੇ ਕਿਹਾ ਕਿ ਪਿਛਲੇ ਕਈ ਦਿਨਾਂ ਤੋਂ ਲਗਾਤਾਰ ਪੈ ਰਹੇ ਮੀਂਹ ਕਾਰਨ ਕਣਕ ਦੀ ਫ਼ਸਲ ਦਾ ਬਹੁਤ ਜਿਆਦਾ ਨੁਕਸਾਨ ਹੋ ਰਿਹਾ ਹੈ, ਕਣਕ ਦੀ ਫ਼ਸਲ ਪੱਕ ਕੇ ਤਿਆਰ ਹੋ ਚੁੱਕੀ ਹੈ ਤੇ ਕੁੱਝ ਹੀ ਦਿਨਾਂ ’ਚ ਕਣਕ ਦੀ ਫ਼ਸਲ ਦੀ ਕਟਾਈ ਵੀ ਸ਼ੁਰੂ ਹੋਣ ਵਾਲੀ ਹੈ। ਪਰ ਪੰਜਾਬ ਅੰਦਰ ਲਗਾਤਾਰ ਖ਼ਰਾਬ ਹੋ ਰਹੇ ਮੌਸਮ ਦੇ ਚਲਦਿਆਂ ਕਿਸਾਨਾਂ ਨੂੰ ਫ਼ਸਲ ਦੇ ਨੁਕਸਾਨ ਦੀ ਚਿੰਤਾ ਸਤਾ ਰਹੀ ਹੈ। ਸਰਕਾਰ ਨੂੰ ਇਸ ਪ੍ਰਤੀ ਗੰਭੀਰ ਹੋਣਾ ਚਾਹੀਦਾ ਹੈ।