ਦੁਕਾਨਦਾਰਾਂ ਨੇ ਨਗਰ ਕੌਂਸਲ ਤੇ ਠੇਕੇਦਾਰ ਖ਼ਿਲਾਫ਼ ਕੀਤੀ ਨਾਰੇਬਾਜ਼ੀ
ਨਗਰ ਕੌਂਸਲ ਅਤੇ ਠੇਕੇਦਾਰ ਖਿਲਾਫ਼, ਅੱਕੇ ਦੁਕਾਨਦਾਰਾਂ ਨੇ ਕੀਤੀ ਨਾਰੇਬਾਜੀ
Publish Date: Thu, 05 Mar 2026 04:24 PM (IST)
Updated Date: Fri, 06 Mar 2026 04:03 AM (IST)

ਸੀਵਰ ਲਾਈਨ ਪਾਉਣ ਦਾ ਕੰਮ ਹੌਲੀ ਚੱਲਣ ’ਤੇ ਰੋਸ ਵਪਾਰੀਆਂ ਦੇ ਵਿਕਾਸ ਦੀ ਥਾਂ ਉਨ੍ਹਾਂ ਦੇ ਘਰਾਂ ਦੇ ਚੁੱਲ੍ਹੇ ਪਏ ਠੰਡੇ ਦੀਪਕ ਬਾਂਸਲ, ਪੰਜਾਬੀ ਜਾਗਰਣ, ਤਪਾ ਮੰਡੀ : ਤਪਾ ਮੰਡੀ ਦੀ ਪੁਰਾਣੀ ਅਨਾਜ ਮੰਡੀ ਦੇ ਬਾਜ਼ਾਰ ਵਿਖੇ ਪੈ ਰਹੀ ਸੀਵਰ, ਵਾਟਰ ਵਰਕਸ ਤੇ ਸੜਕ ਨਿਰਮਾਣ ਨੂੰ ਲੈ ਕੇ ਲੱਖਾਂ ਰਪਏ ਦੀ ਰਕਮ ਦੇ ਠੇਕੇ ਹੋਏ ਹਨ, ਪਿਛਲੇ ਕਾਫੀ ਸਮੇਂ ਤੋਂ ਠੇਕੇਦਾਰ ਵੱਲੋਂ ਸੀਵਰ ਲਾਈਨ ਪਾਉਣ ਦਾ ਕੰਮ ਸ਼ੁਰੂ ਕੀਤਾ ਗਿਆ ਸੀ ਪਰ ਠੇਕੇਦਾਰ ਇਸ ਕੰਮ ਨੂੰ ਮੱਠੀ ਚਾਲ ਚਲਾ ਰਿਹਾ ਹੈ। ਪਿਛਲੇ ਦਿਨੀਂ ਆਮ ਆਦਮੀ ਪਾਰਟੀ ਦੇ ਟਰੇਡ ਵਿੰਗ ਵੱਲੋਂ ਕਰਵਾਏ ਇੱਕ ਸਮਾਗਮ ਜਿਸ ’ਚ ਸਰਕਾਰ ਤੇ ਵਪਾਰੀਆਂ ’ਚ ਤਾਲਮੇਲ ਅਤੇ ਵਪਾਰੀਆਂ ਨੂੰ ਵੱਡੇ ਪੱਧਰ ’ਤੇ ਸਹੂਲਤਾਂ ਦੇਣ ਦੀ ਗੱਲ ਆਖੀ ਗਈ ਸੀ। ਇਸ ਪ੍ਰੋਗਰਾਮ ’ਚ ਸੜਕ ਦਾ ਮੁੱਦਾ ਪ੍ਰਮੁੱਖਤਾ ਨਾਲ ਉੱਠਿਆ ਸੀ। ਵਪਾਰ ਮੰਡਲ ਵੱਲੋਂ ਇਸ ’ਚ ਹੋ ਰਹੇ ਭ੍ਰਿਸ਼ਟਾਚਾਰ ਤੇ ਗੈਰ ਮਿਆਰੀ ਕੰਮਾਂ ਸਬੰਧੀ ਜਾਣਕਾਰੀ ਦਿੱਤੀ ਗਈ ਸੀ। ਨਗਰ ਕੌਂਸਲ ਦੇ ਕਾਰਜ ਸਾਧਕ ਅਫਸਰ ਹਰਪ੍ਰੀਤ ਸਿੰਘ ਦੇ ਵੀ ਇਹ ਮਾਮਲਾ ਕਈ ਵਾਰ ਧਿਆਨ ’ਚ ਲਿਆ ਦਿੱਤਾ ਹੈ, ਸਥਾਨਕ ਸ਼ਹਿਰ ’ਚ ਐੱਸਡੀਐੱਮ ਦੀ ਵੀ ਨਿਯੁਕਤੀ ਹੈ ਪਰ ਇਸ ਗੈਰ ਮਿਆਰੀ ਤੇ ਭ੍ਰਿਸ਼ਟਾਚਾਰ ਕੰਮ ਸਬੰਧੀ ਕਿਸੇ ਅਧਿਕਾਰੀ ਤੇ ਸਰਕਾਰੀ ਅਫਸਰਾਂ ਦੀ ਸਵੱਲੀ ਨਜ਼ਰ ਪਈ ਹੈ। ਪਿਛਲੇ 70 ਦਿਨਾਂ ਤੋਂ ਸੜਕ ਪੱਟੀ ਹੋਣ ਕਰ ਕੇ ਦੁਕਾਨਾਂ ਬੰਦ ਦੇ ਬਰਾਬਰ ਹਨ ਤੇ ਵਪਾਰੀਆਂ ਦੇ ਚੁੱਲ੍ਹੇ ਠੰਡੇ ਪਏ ਹਨ। ਇੱਥੇ ਇਹ ਵੀ ਵਰਨਣਯੋਗ ਹੈ ਕਿ ਕਣਕ ਦਾ ਸੀਜਨ ਸ਼ੁਰੂ ਹੋਣ ’ਚ ਕੁਝ ਸਮਾਂ ਹੀ ਬਾਕੀ ਹੈ ਤੇ ਫਿਰ ਅੰਦਰਲੀ ਅਨਾਜ ਮੰਡੀ ’ਚ ਆਵਾਜਾਈ ਵੱਧ ਜਾਵੇਗੀ ਤੇ ਕੰਮ ਅਧ ਵਿਚਕਾਰ ਲਮਕ ਜਾਵੇਗਾ। ਤਪਾ ਮੰਡੀ ਵਿਖੇ ਪਿੰਡਾਂ ਤੋਂ ਲੋਕ ਆਪਣੀ ਖਰੀਦੋ-ਫਰੋਖਤ ਕਰਨ ਲਈ ਆਉਂਦੇ ਹਨ ਅਤੇ ਅਨਾਜ ਮੰਡੀ ਹੋਣ ਕਰਕੇ ਇਸ ’ਚ ਵਹੀਕਲਾਂ ਦਾ ਆਉਣਾ ਜਾਣਾ ਲਗਾਤਾਰ ਜਾਰੀ ਰਹਿੰਦਾ ਹੈ। ਠੇਕੇਦਾਰ ਵੱਲੋਂ ਬਹੁਤ ਘੱਟ ਲੇਬਰ ਲਗਾ ਕੇ ਇਸ ਨੂੰ ਕਰਨ ਦਾ ਯਤਨ ਕੀਤਾ ਜਾ ਰਿਹਾ ਹੈ, ਠੇਕੇਦਾਰ ਵੱਲੋਂ ਪਬਲਿਕ ਦੀ ਜਾਨ ਨਾਲ ਵੀ ਖਿਲਵਾੜ ਕੀਤਾ ਜਾ ਰਿਹਾ ਹੈ। ਠੇਕੇਦਾਰ ਵੱਲੋਂ ਲੋਕਾਂ ਦੀ ਸਹੂਲਤ ਅਤੇ ਹਾਦਸਿਆਂ ਤੋਂ ਬਚਣ ਲਈ ਕੋਈ ਵੀ ਸਾਈਨ ਬੋਰਡ ਨਹੀਂ ਲਗਾਇਆ ਗਿਆ। ਦੁਕਾਨਦਾਰ ਵੱਲੋਂ ਇਕੱਠੇ ਹੋ ਕੇ ਦੋਸ਼ ਲਗਾਇਆ ਗਿਆ ਕਿ ਠੇਕੇਦਾਰ ਕੰਮ ’ਚ ਵੱਡੇ ਪੱਧਰ ਤੇ ਭ੍ਰਿਸ਼ਟਾਚਾਰ ਕਰ ਰਿਹਾ ਹੈ ਅਤੇ ਇਸ ਵੱਲ ਨਗਰ ਕੌਂਸਲ ਅਤੇ ਬੈਠੇ ਉੱਚ ਅਧਿਕਾਰੀਆਂ ਦਾ ਭੋਰਾ ਵੀ ਧਿਆਨ ਨਹੀਂ ਹੈ। ਦੁਕਾਨਦਾਰਾਂ ਨੇ ਦੋਸ਼ ਲਗਾਇਆ ਕੀ ਵੋਟਾਂ ਵੇਲੇ ਜੋ ਲੋਕ ਸ਼ਹਿਰ ਨੂੰ ਗੁਲਸ਼ਨ ਬਣਾਉਣ ਦਾ ਵਾਅਦਾ ਕਰਦੇ ਹਨ ਉਹ ਅੱਜ ਘਰਾਂ ’ਚ ਬੈਠ ਕੇ ਤਮਾਸ਼ਾ ਦੇਖ ਰਹੇ ਹਨ। ਦੁਕਾਨਦਾਰਾਂ ਦਾ ਕਹਿਣਾ ਸੀ ਕਿ ਅਨਾਜ ਮੰਡੀ ਹੋਣ ਕਰਕੇ ਇੱਥੇ ਲਗਾਤਾਰ ਲੋਕਾਂ ਦੀ ਆਵਾਜਾਈ ਬਣੀ ਰਹਿੰਦੀ ਹੈ ਅਤੇ ਕੁਝ ਹੀ ਟਾਈਮ ਬਾਅਦ ਹਾੜੀ ਦਾ ਸੀਜਨ ਵੀ ਸ਼ੁਰੂ ਹੋਣ ਵਾਲਾ ਹੈ ਠੇਕੇਦਾਰ ਦੇ ਰਵੱਏ ਤੋਂ ਅੱਕ ਕੇ ਇਕੱਠੇ ਹੋਏ ਸਮੂਹ ਦੁਕਾਨਦਾਰਾਂ ਨੇ ਨਗਰ ਕੌਂਸਲ ਤੇ ਅਧਿਕਾਰੀਆਂ ਖ਼ਿਲਾਫ਼ ਜੰਮ ਕੇ ਨਾਅਰੇਬਾਜ਼ੀ ਕੀਤੀ ਤੇ ਅਨਾਜ ਮੰਡੀ ਦੇ ਅੰਦਰਲਾ ਗੇਟ ਨੂੰ ਜਿੰਦਾ ਲਾ ਦਿੱਤਾ ਪਰ ਆਉਣ ਜਾਣ ਵਾਲੇ ਲੋਕਾਂ ਦੀਆਂ ਮੁਸ਼ਕਲਾਂ ਨੂੰ ਦੇਖ ਕੇ ਅੱਕੇ ਲੋਕਾਂ ਨੇ ਮੰਡੀ ਦਾ ਗੇਟ ਖੋਲ੍ਹ ਦਿੱਤਾ ਅਤੇ ਚਿਤਾਵਨੀ ਦਿੱਤੀ ਕਿ ਜੇ ਮਸਲੇ ਦਾ ਹੱਲ ਨਾ ਹੋਇਆ ਤਾਂ ਉਹ ਤਿੱਖਾ ਸੰਘਰਸ਼ ਕਰਨਗੇ, ਜਿਸ ਦੀ ਜਵਾਬਦੇਹੀ ਨਗਰ ਕੌਂਸਲ ਅਤੇ ਪੰਜਾਬ ਸਰਕਾਰ ਦੀ ਹੋਵੇਗੀ। ਇਸ ਮੌਕੇ ਰਾਜਕੁਮਾਰ ਮੌੜ, ਅਕਾਲੀ ਦਲ ਦੇ ਸ਼ਹਿਰੀ ਪ੍ਰਧਾਨ ਲੱਕੀ ਭੱਟਾ, ਰੁਪੇਸ਼ ਕੁਮਾਰ, ਦੀਪੂ ਭੈਣੀ, ਬੋਬੀ ਤਾਜੋ ਕੇ ਰਾਜੂ ਮਹਿਤਾ, ਕਰਮਜੀਤ ਸਿੰਘ, ਪ੍ਰੇਮ ਕੁਮਾਰ ਧੌਲਾ, ਰਿੰਕਾ ਘੁੰਨਸ, ਵਿਜੇ ਕੁਮਾਰ ਸਾਬਕਾ ਐੱਮਸੀ, ਵਿਜੇ ਕੁਮਾਰ ਢਿੱਲਵਾਂ, ਤੋਤਾ ਸਿੰਘ, ਸਤੀਸ਼ ਕੁਮਾਰ, ਭੂਸ਼ਣ ਮਿੱਤਲ, ਰਿੰਕੂ ਮੌੜ, ਪੱਪੂ ਅਰੋੜਾ, ਸੋਨੂ ਮੌੜ, ਮਨੀਸ਼ ਕੁਮਾਰ ਆਦਿ ਹਾਜ਼ਰ ਸਨ।