ਤੇਜ਼ ਹਵਾਵਾਂ ਤੇ ਬਾਰਿਸ਼ ਕਾਰਨ ਫਸਲਾਂ ਵਿਛੀਆਂ, ਕਿਸਾਨ ਚਿੰਤਾ ’ਚ
ਤੇਜ ਹਵਾਵਾਂ ਤੇ ਬਾਰਿਸ਼ ਕਾਰਨ ਫਸਲਾਂ ਵਿਛੀਆਂ, ਕਿਸਾਨ ਚਿੰਤ ’ਚ
Publish Date: Wed, 18 Feb 2026 03:51 PM (IST)
Updated Date: Wed, 18 Feb 2026 03:54 PM (IST)

- ਲੋਕਾਂ ਨੂੰ ਫਿਰ ਹੋਈ ਠੰਢ ਮਹਿਸੂਸ ਜਸਵੀਰ ਸਿੰਘ, ਪੰਜਾਬੀ ਜਾਗਰਣ ਸੰਗਰੂਰ : ਮੰਗਲਵਾਰ ਰਾਤ ਚੱਲੀਆਂ ਤੇਜ਼ ਹਵਾਵਾਂ ਅਤੇ ਮੀਂਹ ਕਾਰਨ ਠੰਢ ਦਾ ਯੂ-ਟਰਨ ਵਜਦਾ ਵਿਖਾਈ ਦਿੱਤਾ। ਬਾਰਿਸ਼ ਕਾਰਨ ਲੋਕਾਂ ਨੂੰ ਇਕ ਵਾਰ ਫਿਰ ਠੰਢ ਦਾ ਅਹਿਸਾਸ ਹੋਇਆ। ਪਹਿਲਾਂ ਵੱਧਦੇ ਤਾਪਮਾਨ ਨੂੰ ਲੈ ਕੇ ਕਿਸਾਨ ਚਿੰਤਾ ਵਿੱਚ ਸਨ ਅਤੇ ਹੁਣ ਮੀਂਹ ਅਤੇ ਤੇਜ਼ ਹਵਾ ਨੇ ਫਸਲ ਨੂੰ ਵਿਛਾ ਦਿੱਤਾ ਹੈ। ਦੂਜੇ ਪਾਸੇ ਸਬਜ਼ੀਆਂ ਦੇ ਬੂਟੇ ਵੀ ਬਾਰਿਸ਼ ਅਤੇ ਹਵਾ ਕਾਰਨ ਪ੍ਰਭਾਵਿਤ ਹੋਏ ਹਨ। ਪਿੰਡ ਬਡਰੁੱਖਾਂ ਦੇ ਕਿਸਾਨ ਸੁਰਜੀਤ ਸਿੰਘ, ਗੁਰਵਿੰਦਰ ਸਿੰਘ ਅਤੇ ਅਜੈਬ ਸਿੰਘ ਨੇ ਦੱਸਿਆ ਕਿ ਜਿਨ੍ਹਾਂ ਕਿਸਾਨਾਂ ਨੇ ਪਿਛਲੇ ਕੁਝ ਦਿਨਾਂ ਵਿੱਚ ਕਣਕ ਦੀ ਫਸਲ ਨੂੰ ਪਾਣੀ ਲਾਇਆ ਸੀ, ਉਨ੍ਹਾਂ ਦੀ ਫਸਲ ਤੇਜ਼ ਹਵਾਵਾਂ ਅਤੇ ਮੀਂਹ ਦੇ ਪਾਣੀ ਕਾਰਨ ਜ਼ਮੀਨ ’ਤੇ ਵਿਛ ਗਈ ਹੈ। ਜੇ ਆਉਣ ਵਾਲੇ ਦਿਨਾਂ ਵਿੱਚ ਤੇਜ਼ ਹਵਾਵਾਂ ਚਲਦੀਆਂ ਰਹੀਆਂ ਅਤੇ ਕਣਕ ਵਿੱਚ ਪਾਣੀ ਖੜ੍ਹਿਆ ਰਿਹਾ ਤਾਂ ਪੈਦਾਵਾਰ ਵਿੱਚ 4 ਤੋਂ 6 ਫ਼ੀਸਦੀ ਤਕ ਘੱਟ ਆ ਸਕਦੀ ਹੈ ਅਤੇ ਦਾਣਾ ਕਮਜ਼ੋਰ ਹੋਣ ਕਾਰਨ ਕੁਆਲਟੀ ਵੀ ਪ੍ਰਭਾਵਿਤ ਹੋਵੇਗੀ। ਮੌਸਮ ਵਿਭਾਗ ਮੁਤਾਬਿਕ ਅੱਗੇ ਮੌਸਮ ਸਾਫ਼ ਰਹੇਗਾ। ਕੁਝ ਥਾਵਾਂ ’ਤੇ ਹਲਕੀ ਬੂੰਦਾਬਾਂਦੀ ਹੋ ਸਕਦੀ ਹੈ। ਬੁੱਧਵਾਰ ਨੂੰ ਵੱਧ ਤੋਂ ਵੱਧ ਤਾਪਮਾਨ 23 ਡਿਗਰੀ ਅਤੇ ਘੱਟੋ-ਘੱਟ ਤਾਪਮਾਨ 10 ਡਿਗਰੀ ਦਰਜ ਕੀਤਾ ਗਿਆ। ਕਿਸਾਨ ਬਿੰਦਰ ਸਿੰਘ ਨੇ ਕਿਹਾ ਕਿ ਸਰ੍ਹੋਂ ਅਤੇ ਪਸ਼ੂ ਚਾਰੇ ਨੂੰ ਇਸ ਸਮੇਂ ਸਿੰਚਾਈ ਦੀ ਲੋੜ ਨਹੀਂ ਹੈ। ਬਾਰਿਸ਼ ਨੇ ਸਬਜ਼ੀਆਂ ਦੇ ਬੂਟੇ ਵੀ ਕੀਤੇ ਪ੍ਰਭਾਵਿਤ ਦੂਜੇ ਪਾਸੇ ਸਬਜ਼ੀਆਂ ਦੀ ਗੱਲ ਕਰੀਏ ਤਾਂ ਜਿਨ੍ਹਾਂ ਕਿਸਾਨਾਂ ਨੇ ਖੇਤਾਂ ਵਿੱਚ ਕਰੇਲਾ, ਹਰੀ ਮਿਰਚ, ਸ਼ਿਮਲਾ ਮਿਰਚ, ਗਾਜਰ, ਧਨੀਆ, ਪਾਲਕ ਆਦਿ ਲਾਈ ਹੋਈ ਹੈ, ਉਹ ਵੀ ਮੀਂਹ ਕਾਰਨ ਚਿੰਤਤ ਹਨ, ਕਿਉਂਕਿ ਗਰਮੀ ਦੇ ਮੌਸਮ ਵਾਲੀਆਂ ਇਹ ਸਬਜ਼ੀਆਂ ਦੇ ਬੂਟੇ ਹਾਲੇ ਛੋਟੇ ਹਨ। ਮੀਂਹ ਅਤੇ ਹਵਾ ਕਾਰਨ ਉਨ੍ਹਾਂ ਦੀਆਂ ਜੜ੍ਹਾਂ ਹਿੱਲ ਗਈਆਂ ਹਨ। ਕਿਸਾਨ ਹੁਣ ਬੂਟਿਆਂ ਦੇ ਆਲੇ-ਦੁਆਲੇ ਮਿੱਟੀ ਲਾ ਰਹੇ ਹਨ। ਲੋੜ ਮੁਤਾਬਿਕ ਹੀ ਕੀਤੀ ਜਾਵੇ ਸਿੰਚਾਈ ਖੇਤੀਬਾੜੀ ਮਾਹਿਰਾਂ ਨੇ ਕਿਸਾਨਾਂ ਨੂੰ ਅਪੀਲ ਕੀਤੀ ਕਿ ਕਣਕ ਦੀ ਸਿੰਚਾਈ ਮੌਸਮ ਅਤੇ ਲੋੜ ਮੁਤਾਬਿਕ ਹੀ ਕੀਤੀ ਜਾਵੇ। ਉਨ੍ਹਾਂ ਕਿਹਾ ਕਿ ਹਲਕੀ ਬਾਰਿਸ਼ ਨਾਲ ਕਣਕ ਨੂੰ ਕਿਸੇ ਕਿਸਮ ਦਾ ਵੱਡਾ ਨੁਕਸਾਨ ਨਹੀਂ ਹੋਇਆ। ਜਿੱਥੇ ਕਿਤੇ ਫਸਲ ਕੁਝ ਹੱਦ ਤਕ ਜ਼ਮੀਨ ’ਤੇ ਵਿਛ ਗਈ ਹੈ, ਉਹ ਧੁੱਪ ਅਤੇ ਸਮੇਂ ਨਾਲ ਕਾਫ਼ੀ ਹੱਦ ਤਕ ਮੁੜ ਖੜ੍ਹੀ ਹੋ ਜਾਵੇਗੀ। ਇਸ ਲਈ ਕਿਸਾਨਾਂ ਨੂੰ ਜ਼ਿਆਦਾ ਘਬਰਾਉਣ ਦੀ ਲੋੜ ਨਹੀਂ ਹੈ।