- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਇਸਤਰੀ ਦਿਵਸ ਮੌਕੇ ਮਿਡ ਡੇ ਮੀਲ ਕੁੱਕ ਬੀਬੀਆਂ ਨੇ ਆਪਣੀਆਂ ਮੰਗਾਂ ਨੂੰ ਲੈ ਕੇ ਮੁੱਖ ਮੰਤਰੀ ਪੰਜਾਬ ਦੀ ਰਿਹਾਇਸ਼ ਅੱਗੇ ਜਾਮ ਲਾ ਕੇ ਰੋਸ ਮੁਜ਼ਾਹਰਾ ਕੀਤਾ ਅਤੇ ਪੰਜਾਬ ਸਰਕਾਰ ’ਤੇ ਵਾਅਦਾਖਿਲਾਫੀ ਦਾ ਦੋਸ਼ ਲਾਉਦਿਆਂ ਜ਼ੋਰਦਾਰ ਨਾਅਰੇਬਾਜ਼ੀ ਕੀਤੀ।

ਜਸਵੀਰ ਸਿੰਘ, ਪੰਜਾਬੀ ਜਾਗਰਣ, ਸੰਗਰੂਰ : ਇਸਤਰੀ ਦਿਵਸ ਮੌਕੇ ਮਿਡ ਡੇ ਮੀਲ ਕੁੱਕ ਬੀਬੀਆਂ ਨੇ ਆਪਣੀਆਂ ਮੰਗਾਂ ਨੂੰ ਲੈ ਕੇ ਮੁੱਖ ਮੰਤਰੀ ਪੰਜਾਬ ਦੀ ਰਿਹਾਇਸ਼ ਅੱਗੇ ਜਾਮ ਲਾ ਕੇ ਰੋਸ ਮੁਜ਼ਾਹਰਾ ਕੀਤਾ ਅਤੇ ਪੰਜਾਬ ਸਰਕਾਰ ’ਤੇ ਵਾਅਦਾਖਿਲਾਫੀ ਦਾ ਦੋਸ਼ ਲਾਉਦਿਆਂ ਜ਼ੋਰਦਾਰ ਨਾਅਰੇਬਾਜ਼ੀ ਕੀਤੀ।
ਡੈਮੋਕ੍ਰੇਟਿਕ ਮਿਡ ਡੇ ਮੀਲ ਕੁੱਕ ਫਰੰਟ ਪੰਜਾਬ ਦੀ ਅਗਵਾਈ ਹੇਠ ਪਟਿਆਲਾ ਬਾਈਪਾਸ ਪੁਲ ਹੇਠਾਂ ਇਕੱਠੀਆਂ ਹੋਈਆਂ ਕੁੱਕ ਵਰਕਰਾਂ ਨੇ ਸੀਐੱਮ ਕੋਠੀ ਤੱਕ ਰੋਸ ਮਾਰਚ ਕੀਤਾ। ਜਿੱਥੇ ਪਹਿਲਾਂ ਤੋਂ ਤਾਇਨਾਤ ਪੁਲਿਸ ਨੇ ਉਨ੍ਹਾਂ ਨੂੰ ਰੋਕ ਲਿਆ। ਇਸ ਤੋਂ ਬਾਅਦ ਮੁਜ਼ਾਹਰਾਕਾਰੀਆਂ ਨੇ ਸੜਕ ਦਾ ਇਕ ਪਾਸਾ ਜਾਮ ਕਰ ਕੇ ਧਰਨਾ ਲਾ ਦਿੱਤਾ।
ਫਰੰਟ ਦੀ ਸੂਬਾ ਪ੍ਰਧਾਨ ਹਰਜਿੰਦਰ ਕੌਰ ਲੋਪੇ ਨੇ ਕਿਹਾ ਕਿ ਸਰਕਾਰ ਨੇ ਉਨ੍ਹਾਂ ਨਾਲ ਵਾਅਦਾ ਕੀਤਾ ਸੀ ਕਿ ਉਨ੍ਹਾਂ ਦੀ ਤਨਖਾਹ ਤੁਰੰਤ ਦੁੱਗਣੀ ਕੀਤੀ ਜਾਵੇਗੀ ਪਰ ਚਾਰ ਸਾਲ ਬੀਤ ਜਾਣ ਦੇ ਬਾਵਜੂਦ ਸਰਕਾਰ ਨੇ ਇਕ ਆਨਾ ਵੀ ਨਹੀਂ ਵਧਾਇਆ। ਸਰਕਾਰ ਹਰ ਮੀਟਿੰਗ ਵਿਚ ਵਾਅਦਾ ਕਰਦੀ ਰਹੀ ਪਰ ਪੂਰਾ ਨਹੀਂ ਕੀਤਾ। ਸਰਕਾਰ ਵੱਲੋਂ ਪੇਸ਼ ਕੀਤੇ ਬਜਟ ਵਿਚ ਵੀ ਉਨ੍ਹਾਂ ਦੀ ਤਨਖਾਹ ਵਾਅਦੇ ਮੁਤਾਬਕ ਨਹੀਂ ਵਧਾਈ।
ਉਨ੍ਹਾਂ ਮੰਗ ਕਰਦਿਆਂ ਕਿਹਾ ਕਿ ਮਿਡ ਡੇ ਮੀਲ ਕੁੱਕ ਦੀਆਂ ਸੇਵਾਵਾਂ ਨੂੰ ਘੱਟੋ-ਘੱਟ ਉਜਰਤਾਂ ਅਧੀਨ ਲਿਆ ਕੇ ਉਨ੍ਹਾਂ ਦੀ ਤਨਖਾਹ ਘੱਟੋ-ਘੱਟ 12500 ਰੁਪਏ ਕੀਤੀ ਜਾਵੇ। ਜੋ ਮਿਡ ਡੇ ਮੀਲ ਕੁੱਕ ਬੀ.ਏ ਪਾਸ ਹਨ, ਨੂੰ ਬਲਾਕ ਦਫਤਰਾਂ ਵਿਚ ਮਿਡ ਡੇ ਮੀਲ ਲਈ ਡਾਟਾ ਐਂਟਰੀ ਵਜੋਂ ਤਰੱਕੀ ਦਿੱਤੀ ਜਾਵੇ। ਜਿਹੜੇ ਸਕੂਲਾਂ ਵਿਚ ਬੱਚਿਆਂ ਦੀ ਗਿਣਤੀ ਵੱਧ ਚੁੱਕੀ ਹੈ, ਉੱਥੇ ਨਵੇਂ ਕੁੱਕਾਂ ਦੀ ਭਰਤੀ ਕੀਤੀ ਜਾਵੇ। ਧਰਨੇ ਵਿਚ ਪੁੱਜੇ ਡਿਊਟੀ ਮੈਜਿਸਟ੍ਰੇਟ ਅਨਿਲ ਗਰਗ ਨੇ ਲਿਖਤੀ ਰੂਪ ਵਿਚ ਵਿੱਤ ਮੰਤਰੀ ਪੰਜਾਬ ਦੀ ਅਗਵਾਈ ਵਿਚ ਬਣੀ ਸਟੇਟ ਕਮੇਟੀ ਨਾਲ ਲਿਖਤੀ ਰੂਪ ਵਿੱਚ 27 ਮਾਰਚ ਨੂੰ ਮੀਟਿੰਗ ਦਾ ਸਮਾਂ ਦਿੱਤਾ।
ਇਸ ਮੌਕੇ ਸਿਮਰਜੀਤ ਕੌਰ ਅਜਨੌਦਾ, ਜਲ ਕੌਰ ਬਠਿੰਡਾ, ਕੁਲਵੰਤ ਕੌਰ ਕਲਿਆਣ, ਪਰਮਜੀਤ ਕੌਰ ਗਿੱਦੜਵਾਹਾ, ਜਸਵਿੰਦਰ ਕੌਰ ਪਟਿਆਲਾ, ਲਖਬੀਰ ਕੌਰ ਜਗੇੜਾ, ਸੁਖਵਿੰਦਰ ਕੌਰ ਝਨੇੜੀ, ਗੁਰਮੀਤ ਕੌਰ ਸੰਗਰੂਰ, ਕਮਲੇਸ਼ ਮਲੇਰਕੋਟਲਾ, ਸ਼ਹਿਨਾਜ਼ ਮੂਨਕ, ਮਨਰੇਗਾ ਫਰੰਟ ਤੋਂ ਹਰਪਾਲ ਕੌਰ ਟਿੱਬੀ, ਆਈਡੀਪੀ ਦੇ ਆਗੂ ਕਰਨੈਲ ਸਿੰਘ ਜਖੇਪਲ, ਦਰਸ਼ਨ ਸਿੰਘ ਧਨੇਠਾ, ਫਲਜੀਤ ਸਿੰਘ ਸੰਗਰੂਰ, ਕ੍ਰਿਸ਼ਨ ਲੁਬਾਣਾ, ਸਿੰਦਰ ਕੌਰ ਜਗੇੜਾ, ਕੁਲਵੀਰ ਕੌਰ ਫਤਿਹਗੜ੍ਹ ਸਾਹਿਬ, ਗੁਰਵਿੰਦਰ ਕੌਰ ਡੇਰਾ ਬੱਸੀ, ਪਿੰਕੀ ਮਾਲੇਰਕੋਟਲਾ, ਜਗੀਰ ਕੌਰ ਅਮਰਗੜ੍ਹ, ਬਾਲਾ ਰਾਣੀ ਮੂਨਕ, ਸਰਬਜੀਤ ਕੌਰ ਬਠਿੰਡਾ ਮੌਜੂਦ ਸਨ।