ਕਾਂਗਰਸ ਦਾ ਪਿੰਡਾਂ ’ਚ ਆਧਾਰ ਵਧਿਆ : ਕਮਲਜੀਤ ਚੱਕ
ਕਾਂਗਰਸ ਦਾ ਪਿੰਡਾਂ 'ਚ ਅਧਾਰ ਵਧਿਆ: ਕਮਲਜੀਤ ਚੱਕ
Publish Date: Wed, 11 Mar 2026 04:11 PM (IST)
Updated Date: Wed, 11 Mar 2026 04:12 PM (IST)
ਸੱਤਪਾਲ ਸਿੰਘ ਕਾਲਾਬੂਲਾ, ਪੰਜਾਬੀ ਜਾਗਰਣ
ਸ਼ੇਰਪੁਰ : ਕਾਂਗਰਸ ਪਾਰਟੀ ਹਲਕਾ ਮਹਿਲ ਕਲਾਂ ਤੋਂ ਯੂਥ ਆਗੂ ਕਮਲਜੀਤ ਸਿੰਘ ਚੱਕ ਨੇ ਵੱਖ-ਵੱਖ ਪਿੰਡਾਂ ਅੰਦਰ ਪਾਰਟੀ ਵਰਕਰਾਂ ਨਾਲ ਫਰਵਰੀ 2027 ਵਿਚ ਸੰਭਾਵੀ ਪੰਜਾਬ ਵਿਧਾਨ ਸਭਾ ਚੋਣਾਂ ਦੀਆਂ ਤਿਆਰੀਆ ਬਾਰੇ ਵਿਸਥਾਰ ਨਾਲ ਚਰਚਾ ਕੀਤੀ। ਚੱਕ ਨੇ ਦੱਸਿਆ ਕਿ ਮੀਟਿੰਗ ਦਾ ਉਦੇਸ਼ ਪਾਰਟੀ ਦੀ ਸੰਗਠਨਾਤਮਕ ਤਾਕਤ ਨੂੰ ਮਜ਼ਬੂਤ ਕਰਨਾ, ਬੂਥ ਪੱਧਰੀ ਸਰਗਰਮੀ ਨੂੰ ਯਕੀਨੀ ਬਣਾਉਣਾ ਤੇ ਪੰਜਾਬ ਸਰਕਾਰ ਦੀਆਂ ਨਾਕਾਮੀਆਂ ਨੂੰ ਜਨਤਾ ਸਾਹਮਣੇ ਉਜਾਗਰ ਕਰਕੇ ਆਉਣ ਵਾਲੀਆ ਚੋਣਾਂ ਲਈ ਇਕ ਮਜ਼ਬੂਤ ਰਣਨੀਤੀ ਤਿਆਰ ਕਰਨਾ ਸੀ। ਉਨ੍ਹਾਂ ਦੱਸਿਆ ਕਿ ਹਾਲ ਹੀ ਦੌਰਾਨ ‘ਆਪ’ ਸਰਕਾਰ ਵੱਲੋਂ ਪੇਸ਼ ਕੀਤੇ ਗਏ ਬਜਟ ਵਿੱਚ ਜਿੱਥੇ ਆਸ਼ਾ ਵਰਕਰ ਅਤੇ ਆਂਗਨਵਾੜੀ ਵਰਕਰਾਂ ਨੂੰ ਨਾਰਾਜ਼ ਕੀਤਾ ਗਿਆ ਹੈ ਉੱਥੇ ਹੁਣ ਵੋਟਾਂ ਬਟੋਰਨ ਲਈ ਔਰਤਾਂ ਨੂੰ ਹਜ਼ਾਰ ਅਤੇ 1500 ਰੁਪਏ ਦੇਣ ਦੀਆਂ ਝੂਠੀਆਂ ਗਰੰਟੀਆਂ ਦੇ ਐਲਾਨ ਕਰਕੇ ਲੋਕਾਂ ਨੂੰ ਠੱਗਿਆ ਜਾ ਰਿਹਾ ਹੈ।
ਉਨ੍ਹਾਂ ਕਿਹਾ ਕਿ ਭਗਵੰਤ ਮਾਨ ਸਰਕਾਰ ਦੇ ਕਾਰਜਕਾਲ ਦੌਰਾਨ ਜਨਤਾ ਨੂੰ ਕਾਨੂੰਨ ਵਿਵਸਥਾ ਦੀਆਂ ਸਮੱਸਿਆਵਾਂ ਦਾ ਸਾਹਮਣਾ ਕਰਨਾ ਪਿਆ। ਵਿਕਾਸ ਪੂਰੀ ਤਰ੍ਹਾਂ ਠੱਪ ਹੋ ਗਿਆ ਹੈ। ਨਸ਼ਿਆਂ ਦਾ ਕਾਰੋਬਾਰ ਘਟਣ ਦੀ ਬਜਾਏ ਵਧਿਆ ਹੈ। ਪਿਛਲੀਆਂ ਚੋਣਾਂ ਦੌਰਾਨ ਕੀਤੇ ਵਾਅਦੇ ਤਿਆਗ ਦਿੱਤੇ ਗਏ ਹਨ। ‘ਆਪ’ ਸਰਕਾਰ ਦੀ ਲਾਪ੍ਰਵਾਹੀ ਕਾਰਨ ਜਨਤਾ ਗੰਭੀਰ ਸਮੱਸਿਆਵਾਂ ਨਾਲ ਜੂਝਣ ਲਈ ਮਜਬੂਰ ਹੈ। ਕਾਂਗਰਸ ਇਨ੍ਹਾਂ ਮੁੱਦਿਆਂ ਨੂੰ ਜਨਤਾ ਸਾਹਮਣੇ ਲੈ ਕੇ ਜਾਵੇਗੀ ਤੇ ਉਨ੍ਹਾਂ ਨੂੰ ਵਿਕਾਸ ਤੇ ਸੁਧਾਰ ਦੇ ਏਜੰਡੇ ਨਾਲ ਜੋੜਨ ਲਈ ਕੰਮ ਕਰੇਗੀ। ਉਨ੍ਹਾਂ ਕਾਂਗਰਸੀ ਵਰਕਰਾਂ ਸਮਰਥਕਾਂ ਨੂੰ ਅਗਲੇ ਸਾਲ ਹੋਣ ਵਾਲੀਆਂ ਚੋਣਾਂ ਲਈ ਤਿਆਰੀ ਕਰਨ ਦਾ ਸੱਦਾ ਵੀ ਦਿੱਤਾ।