ਬਰਨਾਲਾ ਰੈਲੀ ’ਚ ਕਾਂਗਰਸੀ ਵਰਕਰ ਰਾਹੁਲ ਗਾਂਧੀ ਨੂੰ ਦੇਖ ਹੋਏ ਬਾਗੋ ਬਾਗ
ਬਰਨਾਲਾ ਰੈਲੀ ’ਚ ਕਾਂਗਰਸੀ ਵਰਕਰ ਰਾਹੁਲ ਗਾਂਧੀ ਨੂੰ ਦੇਖ ਹੋਏ ਬਾਗੋ ਬਾਗ
Publish Date: Sat, 28 Feb 2026 08:23 PM (IST)
Updated Date: Sat, 28 Feb 2026 08:25 PM (IST)

ਭਾਰਤ-ਅਮਰੀਕਾ ਖੇਤੀ ਡੀਲ ’ਤੇ ਮੋਦੀ ’ਤੇ ਲਾਇਆ ਨਿਸ਼ਾਨਾ, ਖੜਗੇ ਬੋਲੇ- ਨਰਿੰਦਰ ਮੋਦੀ ਤਾਂ ਸਰੈਂਡਰ ਮੋਦੀ ਹਨ ਯਾਦਵਿੰਦਰ ਸਿੰਘ ਭੁੱਲਰ, ਪੰਜਾਬੀ ਜਾਗਰਣ, ਬਰਨਾਲਾ ਅਨਾਜ ਮੰਡੀ ਬਰਨਾਲਾ ਵਿਖੇ ਮਨਰੇਗਾ ਮਜ਼ਦੂਰ ਤੇ ਕਿਸਾਨ ਬਚਾਓ ਕਾਂਗਰਸ ਦੀ ਵਿਸਾਲ ਰੈਲੀ ਵਿਧਾਇਕ ਕੁਲਦੀਪ ਸਿੰਘ ਕਾਲਾ ਢਿੱਲੋਂ ਦੀ ਅਗਵਾਈ ’ਚ ਹੋਈ। ਰੈਲੀ ਨੂੰ ਸੰਬੋਧਨ ਕਰਨ ਲਈ ਵਿਸ਼ੇਸ਼ ਤੌਰ ਤੇ ਪਹੁੰਚੇ ਲੋਕ ਸਭਾ ਵਿਰੋਧੀ ਧਿਰ ਦੇ ਨੇਤਾ ਰਾਹੁਲ ਗਾਂਧੀ ਤੇ ਨੈਸ਼ਨਲ ਕਾਂਗਰਸ ਪਾਰਟੀ ਦੇ ਪ੍ਰਧਾਨ ਮੱਲਿਕਾਰਜੁਨ ਖੜਗੇ ਪੁੱਜੇ। ਜਿਨ੍ਹਾਂ ਦਾ ਵਿਧਾਇਕ ਕੁਲਦੀਪ ਸਿੰਘ ਕਾਲਾ ਢਿੱਲੋਂ ਨੇ ਨਿੱਘਾ ਸਵਾਗਤ ਕੀਤਾ। ਇਸ ਰੈਲੀ ਦੇ ਪੰਡਾਲ ’ਚ ਲਗਭਗ 15,000 ਕੁਰਸੀਆਂ ਤੇ ਬੈਠੇ ਕਾਂਗਰਸੀ ਵਰਕਰਾਂ ਤੇ ਦਰਸ਼ਕਾਂ ਨੇ ’ਰਾਹੁਲ ਗਾਂਧੀ ਜ਼ਿੰਦਾਬਾਦ’ ਤੇ ‘ਚੰਨੀ ਜ਼ਿੰਦਾਬਾਦ’ ਦੇ ਨਾਅਰਿਆਂ ਨਾਲ ਰੈਲੀ ਦਾ ਸਵਾਗਤ ਕੀਤਾ। ਰਾਹੁਲ ਗਾਂਧੀ ਨੇ ਭਾਰਤ ਅਤੇ ਅਮਰੀਕਾ ਵਿਚਾਲੇ ਹੋਏ ਨਵੇਂ ਖੇਤੀ ਸਮਝੌਤੇ ‘ਤੇ ਸਵਾਲ ਚੁੱਕਦਿਆਂ ਕਿਹਾ ਕਿ ਜਿਹੜੀ ਡੀਲ ਚਾਰ ਮਹੀਨਿਆਂ ਤੋਂ ਰੁਕੀ ਹੋਈ ਸੀ, ਉਹ ਅਚਾਨਕ 15 ਮਿੰਟਾਂ ਵਿੱਚ ਕਿਵੇਂ ਹੋ ਗਈ? ਉਨ੍ਹਾਂ ਦਾਅਵਾ ਕੀਤਾ ਕਿ ਸੰਸਦ ਵਿੱਚ ਜਦੋਂ ਉਹ ਭਾਸ਼ਣ ਦੇ ਰਹੇ ਸਨ, ਤਾਂ ਪ੍ਰਧਾਨ ਮੰਤਰੀ ਮੋਦੀ ਨੇ ਡੋਨਾਲਡ ਟਰੰਪ ਨੂੰ ਫ਼ੋਨ ਕੀਤਾ ਅਤੇ ਬਿਨਾਂ ਕਿਸੇ ਮੰਤਰੀ ਦੀ ਸਲਾਹ ਲਏ ਡੀਲ ਲਈ ਹਾਮੀ ਭਰ ਦਿੱਤੀ। ਰਾਹੁਲ ਨੇ ਕਿਹਾ, “ਇਸ ਡੀਲ ਤਹਿਤ ਸੋਇਆਬੀਨ, ਦਾਲਾਂ, ਅਖਰੋਟ ਅਤੇ ਬਾਦਾਮ ਦਾ ਬਾਜ਼ਾਰ ਅਮਰੀਕਾ ਲਈ ਖੋਲ੍ਹ ਦਿੱਤਾ ਗਿਆ ਹੈ, ਜਿਸ ਨਾਲ ਪੰਜਾਬ, ਹਰਿਆਣਾ, ਹਿਮਾਚਲ ਅਤੇ ਹੋਰ ਸੂਬਿਆਂ ਦੇ ਕਿਸਾਨ ਬਰਬਾਦ ਹੋ ਜਾਣਗੇ। ਟਰੰਪ ਨੇ ਪੀਐਮ ਮੋਦੀ ਦਾ ਸਿਰ ਝੁਕਾ ਦਿੱਤਾ ਹੈ।” ਕਾਂਗਰਸ ਪ੍ਰਧਾਨ ਮੱਲਿਕਾਰਜੁਨ ਖੜਗੇ ਨੇ ਰੈਲੀ ਨੂੰ ਸੰਬੋਧਨ ਕਰਦਿਆਂ ਪੀਐਮ ਮੋਦੀ ਨੂੰ ‘ਸਰੈਂਡਰ ਮੋਦੀ’ ਕਰਾਰ ਦਿੱਤਾ। ਉਨ੍ਹਾਂ ਕਿਹਾ ਕਿ ਮੋਦੀ ਅਮਰੀਕਾ ਦੇ ਸਾਹਮਣੇ ਨੱਕ ਰਗੜ ਰਹੇ ਹਨ ਅਤੇ ਦੇਸ਼ ਦੇ ਹਿੱਤਾਂ ਨੂੰ ਵੇਚ ਰਹੇ ਹਨ। ਖੜਗੇ ਨੇ ਪੰਜਾਬ ਦੇ ਲੋਕਾਂ ਨੂੰ ਸੱਦਾ ਦਿੱਤਾ ਕਿ ਉਨ੍ਹਾਂ ਨੂੰ ਦੋ ਮੋਰਚਿਆਂ ‘ਤੇ ਲੜਾਈ ਲੜਨੀ ਪਵੇਗੀ ਇੱਕ ਪਾਸੇ ਕੇਂਦਰ ਦੀ ਮੋਦੀ ਸਰਕਾਰ ਅਤੇ ਦੂਜੇ ਪਾਸੇ ਪੰਜਾਬ ਦੀ ਮੌਜੂਦਾ ਸਰਕਾਰ ਵਿਰੁੱਧ। ਉਨ੍ਹਾਂ ਕਿਹਾ ਕਿ ਕਾਂਗਰਸ ਹਮੇਸ਼ਾ ਜ਼ਮੀਨ ਅਤੇ ਜੰਗਲ ਦੀ ਰਾਖੀ ਲਈ ਕਾਨੂੰਨ ਲਿਆਈ ਹੈ, ਜਦਕਿ ਮੋਦੀ ਸਰਕਾਰ ਸਭ ਕੁਝ ਵੇਚਣ ‘ਤੇ ਤੁਲੀ ਹੋਈ ਹੈ। ਹੋਰ ਪਾਰਟੀਆਂ ਦੇ ਆਗੂ ਕਾਂਗਰਸ ਪਾਰਟੀ ਦੀ ਦੇਣ: ਔਜਲਾ ਬਰਨਾਲਾ ਚ ਕਾਂਗਰਸ ਪਾਰਟੀ ਦੀ ਵਿਸ਼ਾਲ ਮਨਰੇਗਾ ਮਜ਼ਦੂਰ ਅਤੇ ਕਿਸਾਨ ਬਚਾਓ ਰੈਲੀ ਨੂੰ ਸੰਬੋਧਨ ਕਰਦਿਆਂ ਅੰਮ੍ਰਿਤਸਰ ਤੋਂ ਲੋਕ ਸਭਾ ਮੈਂਬਰ ਗੁਰਜੀਤ ਸਿੰਘ ਔਜਲਾ ਨੇ ਵਿਰੋਧੀ ਪਾਰਟੀਆਂ ਤੇ ਤਿੱਖੇ ਸਿਆਸੀ ਹਮਲੇ ਕੀਤੇ। ਔਜਲਾ ਨੇ ਦਾਅਵਾ ਕੀਤਾ ਕਿ ਕਾਂਗਰਸ ਪਾਰਟੀ ਇਕ ਅਜਿਹੀ ਨਰਸਰੀ ਹੈ ਜਿਸ ਨੇ ਪੰਜਾਬ ਦੀ ਸਿਆਸਤ ਨੂੰ ਵੱਡੇ-ਵੱਡੇ ਦਿੱਗਜ ਆਗੂ ਦਿੱਤੇ ਹਨ, ਜਦਕਿ ਦੂਜੀਆਂ ਪਾਰਟੀਆਂ ਅੱਜ ਵੀ ਯੋਗ ਲੀਡਰਸ਼ਿਪ ਲਈ ਸੰਘਰਸ਼ ਕਰ ਰਹੀਆਂ ਹਨ। ਔਜਲਾ ਨੇ ਇਤਿਹਾਸਕ ਤੱਥਾਂ ਦਾ ਹਵਾਲਾ ਦਿੰਦਿਆਂ ਕਿਹਾ ਕਿ ਕਾਂਗਰਸ ਪਾਰਟੀ ਕੋਲ ਅੱਜ ਮੁੱਖ ਮੰਤਰੀ ਦੇ ਚਿਹਰੇ ਲਈ ਕਈ ਤਕੜੇ ਉਮੀਦਵਾਰ ਮੌਜੂਦ ਹਨ, ਜਦਕਿ ਵਿਰੋਧੀ ਪਾਰਟੀਆਂ ਕੋਲ ਇਕ ਵੀ ਢੁਕਵਾਂ ਕੈਂਡੀਡੇਟ ਨਹੀਂ ਹੈ। ਉਨ੍ਹਾਂ ਕਿਹਾ ਕਿ ਅੱਜ ਜੋ ਆਗੂ ਦੂਜੀਆਂ ਪਾਰਟੀਆਂ ਦੀ ਅਗਵਾਈ ਕਰ ਰਹੇ ਹਨ, ਉਹ ਵੀ ਕਾਂਗਰਸ ਦੀ ਹੀ ਦੇਣ ਹਨ। 2027 ’ਚ ਕਾਂਗਰਸ ਦੀ ਵਾਪਸੀ ਤੈਅ: ਬਾਜਵਾ ਵਰਕਰਾਂ ਵਿੱਚ ਜੋਸ਼ ਭਰਦਿਆਂ ਮੰਚ ਤੋਂ ਸੰਬੋਧਨ ਹੁੰਦਿਆਂ ਵਿਰੋਧੀ ਧਿਰ ਦੇ ਆਗੂ ਪ੍ਰਤਾਪ ਸਿੰਘ ਬਾਜਵਾ ਨੇ ਕਿਹਾ ਕਿ ਪੰਜਾਬ ਦੇ ਲੋਕ ਮੌਜੂਦਾ ਸਰਕਾਰ ਦੀਆਂ ਨੀਤੀਆਂ ਤੋਂ ਅੱਕ ਚੁੱਕੇ ਹਨ ਅਤੇ ਮੁੜ ਕਾਂਗਰਸ ਵੱਲ ਉਮੀਦ ਭਰੀਆਂ ਨਜ਼ਰਾਂ ਨਾਲ ਦੇਖ ਰਹੇ ਹਨ। ਉਨ੍ਹਾਂ ਸਮੂਹ ਵਰਕਰਾਂ ਨੂੰ ਅਪੀਲ ਕੀਤੀ ਕਿ ਉਹ ਹੁਣੇ ਤੋਂ ਹੀ ਤਕੜੇ ਹੋ ਕੇ ਮੈਦਾਨ ਵਿਚ ਨਿੱਤਰਨ। ਉਨ੍ਹਾਂ ਭਵਿੱਖਬਾਣੀ ਕੀਤੀ ਕਿ ਪੰਜਾਬ ਵਿਚ 2027 ਦੀਆਂ ਵਿਧਾਨ ਸਭਾ ਚੋਣਾਂ ਵਿਚ ਕਾਂਗਰਸ ਪਾਰਟੀ ਦੀ ਸਰਕਾਰ ਬਣਨਾ ਬਿਲਕੁਲ ਤੈਅ ਹੈ। ਬਰਨਾਲਾ ਰੈਲੀ ’ਚ ਚੰਨੀ ਦੀ ਰਹੀ ਚੜ੍ਹਤ ਬਰਨਾਲਾ ਅਨਾਜ ਮੰਡੀ ਦੀ ਰੈਲੀ ’ਚ ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਦੀ ਚੜ੍ਹਤ ਦੇ ਪੂਰੇ ਚਰਚੇ ਜ਼ੋਰਾਂ ’ਤੇ ਰਹੇ। ਜਿਉਂ ਹੀ ਰਾਹੁਲ ਗਾਂਧੀ ਨੇ ਆਪਣੇ ਸੰਬੋਧਨ ’ਚ ਚਰਨਜੀਤ ਚੰਨੀ ਦਾ ਨਾਮ ਲਿਆ ਤਾਂ ਸਾਹਮਣੇ ਪੰਡਾਂਲ ’ਚੋਂ ਸੈਂਕੜੇ ਕਾਂਗਰਸੀ ਆਗੂ ਤੇ ਵਰਕਰਾਂ ਨੇ ਚਰਨਜੀਤ ਸਿੰਘ ਚੰਨੀ ਜਿੰਦਾਬਾਦ ਦੇ ਨਾਅਰੇ ਲਗਾਏ। ਕੁੱਝ ਕੁੱਝ ਦੇਰ ਬਾਅਦ ਖੁੱਬਿਓ ਸੱਜਿਓ ਤੇ ਪੰਡਾਂਲ ’ਚੋਂ ਕਾਂਗਰਸੀ ਵਰਕਰਾਂ ਤੇ ਹੱਥਾਂ ’ਚ ਰਾਹੁਲ ਗਾਂਧੀ ਨਾਲ ਚਰਨਜੀਤ ਚੰਨੀ ਦੀਆਂ ਤਸਵੀਰਾਂ ਵਾਲੀਆਂ ਤਖਤੀਆਂ ਉੱਪਰ ਚੁੱਕ ਕੇ ਚੰਨੀ ਜਿੰਦਾਬਾਦ ਦੇ ਨਾਅਰੇ ਖੂੰਬ ਗੂੰਜੇ। ਰੈਲੀ ਤੋਂ ਕੁੱਝ ਸਮਾਂ ਬਾਅਦ ਹੀ ਸੋਸਲ ਮੀਡੀਆ ’ਤੇ ਲੋਕਾਂ ਨੇ ਰੈਲੀ ’ਚ ਚੰਨੀ ਦੀ ਚੜ੍ਹਤ ਨੂੰ ਖੂਬ ਟ੍ਰੋਲ ਕੀਤਾ।