ਕੰਪਿਊਟਰ ਅਧਿਆਪਕ ਦਿਖਾਉਣਗੇ ਸਪੀਕਰ ਸੰਧਵਾਂ ਨੂੰ ਕਾਲੀਆਂ ਝੰਡੀਆਂ
ਕੰਪਿਊਟਰ ਅਧਿਆਪਕ ਦਿਖਾਉਣਗੇ ਸਪੀਕਰ ਸੰਧਵਾ ਨੂੰ ਕਾਲੀਆਂ ਝੰਡੀਆਂ
Publish Date: Wed, 21 Jan 2026 06:37 PM (IST)
Updated Date: Wed, 21 Jan 2026 06:39 PM (IST)
ਸਟਾਫ ਰਿਪੋਰਟਰ, ਪੰਜਾਬੀ ਜਾਗਰਣ, ਸੰਗਰੂਰ : ਕੰਪਿਊਟਰ ਅਧਿਆਪਕ ਸੰਘਰਸ਼ ਕਮੇਟੀ ਦੀ ਮੀਟਿੰਗ ਸਥਾਨਕ ਬਨਾਸਰ ਬਾਗ ਵਿਖੇ ਕੀਤੀ ਗਈ। ਜਿਸ ਵਿੱਚ ਸਰਕਾਰ ਦੇ ਕੰਪਿਊਟਰ ਅਧਿਆਪਕਾਂ ਪ੍ਰਤੀ ਬੇਰੁੱਖੀ ਦੇ ਚਲਦਿਆਂ ਅਗਲੇ ਸੰਘਰਸ਼ ਦੀ ਰੂਪ ਰੇਖਾ ਤਿਆਰ ਕੀਤੀ ਗਈ। ਇਸ ਮੀਟਿੰਗ ਵਿੱਚ ਵੱਖ-ਵੱਖ ਆਗੂਆਂ ਵੱਲੋਂ ਦੱਸਿਆ ਗਿਆ ਕਿ ਪੰਜਾਬ ਸਰਕਾਰ ਦੇ ਸੱਤਾ ਵਿੱਚ ਆਂਉਂਦਿਆਂ ਹੀ ਪੰਜਾਬ ਦੇ ਸਿੱਖਿਆ ਮੰਤਰੀ ਹਰਜੋਤ ਸਿੰਘ ਬੈਂਸ ਵੱਲੋਂ 15 ਸਤੰਬਰ 2022 ਨੂੰ ਦੀਵਾਲੀ ਮੌਕੇ ਪੰਜਾਬ ਦੇ ਕੰਪਿਊਟਰ ਅਧਿਆਪਕਾਂ ਉੱਤੇ 6ਵਾਂ ਪੇ ਕਮਿਸ਼ਨ ਅਤੇ ਸੀਐੱਸਆਰ ਨਿਯਮ ਲਾਗੂ ਕਰਨ ਦਾ ਐਲਾਨ ਕੀਤਾ ਗਿਆ ਸੀ। ਇਹ ਸਰਕਾਰੀ ਵਾਅਦਾ ਹੁਣ ਤਕ ਲਗਭਗ ਸਾਢੇ ਤਿੰਨ ਸਾਲ ਬਾਅਦ ਵੀ ਅਧੂਰਾ ਰਿਹਾ। ਜਿਸ ਕਰ ਕੇ ਸੰਗਰੂਰ ਦੇ ਸਮੂਹ ਕੰਪਿਊਟਰ ਅਧਿਆਪਕਾਂ ਵਲੋਂ 26 ਜਨਵਰੀ ਨੂੰ ਸੰਗਰੂਰ ਵਿਖੇ ਵਿਧਾਨ ਸਭਾ ਸਪੀਕਰ ਕੁਲਤਾਰ ਸੰਧਵਾ ਦਾ ਕਾਲੀਆਂ ਝੰਡੀਆਂ ਦਿਖਾ ਕੇ ਵਿਰੋਧ ਕੀਤਾ ਜਾਵੇਗਾ।
ਇਸ ਮੌਕੇ ਕੰਪਿਊਟਰ ਅਧਿਆਪਕ ਸੰਘਰਸ਼ ਕਮੇਟੀ ਪੰਜਾਬ ਦੇ ਸੂਬਾ ਆਗੂ ਨਰਦੀਪ ਸ਼ਰਮਾ, ਕੁਲਵਿੰਦਰ ਸਿੰਘ ਅਤੇ ਅੰਜੂ ਜੈਨ ਅਤੇ ਜਿਲਾ ਕਨਵੀਨਰ ਸੰਜੀਵ ਕੁਮਾਰ, ਅਵਤਾਰ ਸਿੰਘ ਅਤੇ ਕੁਲਦੀਪ ਸਿੰਘ, ਵਰਿੰਦਰ ਹੰਸ, ਤੇਜਿੰਦਰ ਬਾਂਸਲ, ਵਿਸ਼ਾਲ ਕੁਮਾਰ, ਜਸਵਿੰਦਰ ਸਿੰਘ, ਪੁਸ਼ਪਿੰਦਰ ਪਾਲ ਰਤਨ, ਪਰਗਟ ਸਿੰਘ, ਸੁਰਿੰਦਰ ਸਿੰਘ, ਨੀਰਜ ਯਾਦਵ, ਹਰਪ੍ਰੀਤ ਸਿੰਘ ਆਦਿ ਆਗੂਆਂ ਨੇ ਦੱਸਿਆ ਕਿ ਵਿੱਤ ਵਿਭਾਗ ਅਤੇ ਸਿੱਖਿਆ ਵਿਭਾਗ ਦੇ ਅਧਿਕਾਰੀਆਂ ਨਾਲ ਅਣਗਿਣਤ ਮੀਟਿੰਗਾਂ ਹੋ ਚੁੱਕੀਆਂ ਹਨ, ਜਿਸ ਦਾ ਹੁਣ ਤਕ ਕੋਈ ਵੀ ਸਿੱਟਾ ਨਹੀਂ ਨਿਕਲਿਆ ਹੈ।