ਠੰਡ ਨੇ ਛੇੜਿਆ ਕਾਂਬਾ, ਜਨਜੀਵਨ ਪ੍ਰਭਾਵਿਤ
ਠੰਡ ਨੇ ਛੇੜਿਆ ਕਾਂਬਾ ; ਜਨਜੀਵਨ ਪ੍ਰਭਾਵਿਤ
Publish Date: Wed, 14 Jan 2026 05:08 PM (IST)
Updated Date: Thu, 15 Jan 2026 04:04 AM (IST)

ਕਣਕ ਦੀ ਫਸਲ ਲਈ ਲਾਹੇਵੰਦ ਠੰਢ ਸੁਖਵਿੰਦਰ ਸਿੰਘ ਅਟਵਾਲ, ਪੰਜਾਬੀ ਜਾਗਰਣ, ਅਮਰਗੜ੍ਹ : ਭਾਵੇਂ ਕਿ ਪਹਿਲਾਂ ਸਿਆਣਿਆਂ ਵੱਲੋਂ ਆਈ ਲੋਹੜੀ ਪਾਲਾ ਕੋਹੜੀ ਕਿਹਾ ਜਾਂਦਾ ਸੀ। ਕਿਉਂਕਿ ਉਹਨਾਂ ਦਾ ਮੰਨਣਾ ਸੀ ਕਿ ਲੋਹੜੀ ਤੋਂ ਬਾਅਦ ਪੈ ਰਹੀ ਠੰਢ ਘੱਟ ਜਾਂਦੀ ਹੈ, ਦਿਨ ਨਿੱਘੇ ਹੋ ਜਾਂਦੇ ਹਨ। ਅਕਸਰ ਹੁੰਦਾ ਵੀ ਕੁਝ ਇਸੇ ਤਰ੍ਹਾਂ ਹੀ ਹੈ ਕਿ ਲੋਹੜੀ ਤੋਂ ਬਾਅਦ ਲੋਕਾਂ ਨੂੰ ਠੰਢ ਤੋਂ ਰਾਹਤ ਮਿਲਣ ਲੱਗ ਜਾਂਦੀ ਹੈ ਅਤੇ ਸੂਰਜ ਦੇਵਤੇ ਦੀ ਕੋਸੀ-ਕੋਸੀ ਧੁੱਪ ਹੱਡਾਂ ਨੂੰ ਸੇਕ ਦੇਣ ਲੱਗਦੀ ਹੈ। ਜਿਸ ਨਾਲ ਬਜ਼ੁਰਗਾਂ ਤੇ ਬੱਚਿਆਂ ਨੂੰ ਰਾਹਤ ਮਿਲਦੀ ਹੈ ਅਤੇ ਰੋਜ਼ਮਰਾ ਦੇ ਹੱਥੀ ਕੰਮ ਕਰਨ ਵਾਲਿਆਂ ਦੇ ਵੀ ਹੱਥ ਖੁੱਲ੍ਹਣ ਲੱਗ ਜਾਂਦੇ ਹਨ ਪਰ ਇਸ ਵਾਰ ਪੈ ਰਹੀ ਅੱਤ ਦੀ ਠੰਢ ਲੋਹੜੀ ਲੰਘਣ ਤੋਂ ਬਾਅਦ ਵੀ ਲਗਾਤਾਰ ਕਾਂਬਾ ਚਾੜਨ ਲੱਗੀ ਹੋਈ ਹੈ। ਇਸ ਨਾਲ ਆਮ ਜਨਜੀਵਨ ਤੇ ਇਸ ਦਾ ਪ੍ਰਭਾਵ ਇਸ ਕਦਰ ਦੇਖਿਆ ਜਾ ਸਕਦਾ ਹੈ ਕਿ ਸਰਕਾਰ ਨੂੰ ਵੀ ਸਰਕਾਰੀ ਸਕੂਲਾਂ ਦੀਆਂ ਛੁੱਟੀਆਂ ਦੋ ਵਾਰ ਵਧਾਉਣੀਆਂ ਪਈਆਂ ਹਨ। ਇਸ ਦੌਰਾਨ ਲੋਕ ਪਿੰਡਾਂ ਸ਼ਹਿਰਾਂ ਅੰਦਰ ਅੱਗ ਬਾਲ ਕੇ ਧੂਣੀਆਂ ਸੇਕ ਕੇ ਠੰਡ ਹਟਾਉਣ ਦਾ ਯਤਨ ਕਰਦੇ ਆਮ ਦੇਖੇ ਜਾ ਸਕਦੇ ਹਨ। ਵਧ ਰਹੀ ਠੰਡ ਤੋਂ ਬਚਣ ਲਈ ਰਾਤ ਸਮੇਂ ਘਰਾਂ ਅੰਦਰ ਅੰਗੀਠੀਆਂ ਬਾਲ਼ ਕੇ ਸੌਣ ਨਾਲ ਕਈਆਂ ਦੀ ਤਾਂ ਜਾਨ ਜਾਣ ਦੀਆਂ ਖਬਰਾਂ ਵੀ ਪੜਨ-ਸੁਣਨ ਨੂੰ ਮਿਲੀਆਂ ਹਨ। ਪੰਜਾਬ ਅੰਦਰ ਤਾਪਮਾਨ ਦੀ ਇੰਨੀ ਗਿਰਾਵਟ ਸ਼ਾਇਦ ਪਹਿਲਾਂ ਕਦੇ ਹੀ ਦਰਜ ਹੋਈ ਹੋਵੇ, ਜਿੰਨੀ ਕਿ ਇਸ ਵਾਰ ਦੇਖਣ ਨੂੰ ਮਿਲੀ ਹੈ। ਮੌਸਮ ਵਿਭਾਗ ਵਾਲੇ ਅਜੇ ਇੱਕ ਹਫ਼ਤਾ ਹੋਰ ਅਜਿਹੀ ਕੜਕਵੀਂ ਠੰਢ ਪੈਣ ਦੇ ਆਸਾਰ ਦੱਸ ਰਹੇ ਹਨ। ਡਾਕਟਰਾਂ ਵੱਲੋਂ ਜਿੱਥੇ ਅਜਿਹੇ ਮੌਸਮ ਵਿੱਚ ਬੱਚਿਆਂ ਤੇ ਬਜ਼ੁਰਗਾਂ ਨੂੰ ਠੰਢ ਤੋਂ ਬਚਣ ਲਈ ਵੱਧ ਤੋਂ ਵੱਧ ਗਰਮ ਕੱਪੜਿਆਂ ਤੇ ਸੰਤੁਲਨ ਭੋਜਨ ਵੱਲ ਉਚੇਚਾ ਧਿਆਨ ਦੇਣ ਦੀ ਸਿਫਾਰਸ਼ ਕੀਤੀ ਜਾ ਰਹੀ ਹੈ, ਉਥੇ ਹੀ ਖੇਤੀ ਮਾਹਰਾਂ ਵੱਲੋਂ ਇਸ ਠੰਡ ਨੂੰ ਕਣਕ ਦੀ ਫਸਲ ਲਈ ਲਾਭਕਾਰੀ ਦੱਸਿਆ ਜਾ ਰਿਹਾ।