ਕਣਕ ਦੇ ਖਰੀਦ ਸੀਜਨ ਦੇ ਮੱਦੇਨਜ਼ਰ ਮੰਡੀਆਂ ਦੀ ਚੈਕਿੰਗ ਲਈ ਕਲੱਸਟਰ ਅਫ਼ਸਰ ਨਿਯੁਕਤ : ਡੀਸੀ
ਕਣਕ ਦੇ ਖਰੀਦ ਸੀਜਨ ਦੇ ਮੱਦੇਨਜ਼ਰ ਮੰਡੀਆਂ ਦੀ ਚੈਕਿੰਗ ਲਈ ਕਲੱਸਟਰ ਅਫ਼ਸਰ ਨਿਯੁਕਤ: ਡਿਪਟੀ ਕਮਿਸ਼ਨਰ
Publish Date: Fri, 03 Apr 2026 03:56 PM (IST)
Updated Date: Sat, 04 Apr 2026 04:02 AM (IST)

104 ਮੰਡੀਆਂ ਤੋਂ ਇਲਾਵਾ 45 ਆਰਜ਼ੀ ਖ਼ਰੀਦ ਕੇਂਦਰਾਂ ’ਚ ਹੋਵੇਗੀ ਜਿਣਸ ਦੀ ਖ਼ਰੀਦ ਯਾਦਵਿੰਦਰ ਸਿੰਘ ਭੁੱਲਰ, ਪੰਜਾਬੀ ਜਾਗਰਣ, ਬਰਨਾਲਾ : ਡੀਸੀ ਬਰਨਾਲਾ ਹਰਪ੍ਰੀਤ ਸਿੰਘ ਆਈਏਐੱਸ ਵੱਲੋਂ ਆਉਂਦੇ ਦਿਨੀਂ ਮੰਡੀਆਂ ’ਚ ਕਣਕ ਦੀ ਫ਼ਸਲ ਦੀ ਆਮਦ ਦੇ ਮੱਦੇਨਜ਼ਰ ਸੁਚੱਜੇ ਪ੍ਰਬੰਧ ਤੇ ਸੁਖਾਵੀਂ ਖ਼ਰੀਦ ਯਕੀਨੀ ਬਣਾਉਣ ਲਈ ਕਲੱਸਟਰ ਅਫ਼ਸਰ ਨਿਯੁਕਤ ਕੀਤੇ ਗਏ ਹਨ। ਡੀਸੀ ਨੇ ਦੱਸਿਆ ਕਿ ਕਣਕ ਦੀ ਸਰਕਾਰੀ ਖਰੀਦ ਪਹਿਲੀ ਅਪ੍ਰੈਲ ਤੋਂ ਸ਼ੁਰੂ ਹੋ ਗਈ ਹੈ। ਜ਼ਿਲ੍ਹਾ ਬਰਨਾਲਾ ’ਚ ਪਿਛਲੇ ਸਾਲ 10 ਅਪ੍ਰੈਲ ਦੇ ਆਸਪਾਸ ਫ਼ਸਲ ਮੰਡੀਆਂ ’ਚ ਆਈ ਸੀ ਤੇ ਇਸ ਵਾਰ ਮੌਸਮ ਦੇ ਵਿਗੜੇ ਮਿਜ਼ਾਜ ਕਰਕੇ 15 ਅਪ੍ਰੈਲ ਦੇ ਆਸਪਾਸ ਫ਼ਸਲ ਦੀ ਆਮਦ ਦੀ ਉਮੀਦ ਹੈ। ਉਨ੍ਹਾਂ ਦੱਸਿਆ ਕਿ ਜ਼ਿਲ੍ਹਾ ਬਰਨਾਲਾ ’ਚ 5 ਮਾਰਕੀਟ ਕਮੇਟੀਆਂ ਅਧੀਨ 104 ਮੰਡੀਆਂ ਤੋਂ ਇਲਾਵਾ 45 ਆਰਜ਼ੀ ਖ਼ਰੀਦ ਕੇਂਦਰਾਂ ’ਚ ਕਣਕ ਦੀ ਖ਼ਰੀਦ ਕੀਤੀ ਜਾਵੇਗੀ। ਪਿਛਲੇ ਹਾੜ੍ਹੀ ਦੇ ਸੀਜ਼ਨ ’ਚ 47,5536 ਮੀਟ੍ਰਿਕ ਟਨ ਫ਼ਸਲ ਦੀ ਆਮਦ ਹੋਈ ਸੀ ਤੇ ਇਸ ਸੀਜ਼ਨ ’ਚ 48,6951 ਮੀਟ੍ਰਿਕ ਟਨ ਕਣਕ ਦੀ ਆਮਦ ਦੀ ਉਮੀਦ ਹੈ। ਉਨ੍ਹਾਂ ਦੱਸਿਆ ਕਿ ਕਿਸਾਨਾਂ ਨੂੰ ਮੰਡੀਆਂ ’ਚ ਫ਼ਸਲ ਲਿਆਉਣ ਅਤੇ ਵੇਚਣ ’ਚ ਕੋਈ ਦਿੱਕਤ ਪੇਸ਼ ਨਾ ਆਵੇ, ਇਸ ਦੇ ਮੱਦੇਨਜ਼ਰ ਮੰਡੀਆਂ ਦੀ ਚੈਕਿੰਗ ਲਈ ਸਹਾਇਕ ਕਮਿਸ਼ਨਰ (ਜ) ਬਰਨਾਲਾ, ਐੱਸਡੀਐੱਮ ਬਰਨਾਲਾ, ਐੱਸਡੀਐੱਮ ਤਪਾ ਅਤੇ ਐੱਸਡੀਐੱਮ ਮਹਿਲ ਕਲਾਂ ਦੀ ਅਗਵਾਈ ਹੇਠ 15 ਕਲੱਸਟਰ ਅਫ਼ਸਰ ਤਾਇਨਾਤ ਕੀਤੇ ਗਏ ਹਨ ਜਿਨ੍ਹਾਂ ਨੂੰ ਵੱਖ-ਵੱਖ ਮੰਡੀਆਂ ਦੀ ਜ਼ਿੰਮੇਵਾਰੀ ਦਿੱਤੀ ਗਈ ਹੈ ਤੇ ਉਹ ਮੰਡੀਆਂ ਦੀ ਚੈਕਿੰਗ ਯਕੀਨੀ ਬਣਾਉਣਗੇ। ਡੀਸੀ ਵੱਲੋਂ ਜ਼ਿਲ੍ਹਾ ਮੰਡੀ ਅਫ਼ਸਰ ਤੇ ਜ਼ਿਲ੍ਹਾ ਖੁਰਾਕ ਤੇ ਸਪਲਾਈ ਕੰਟਰੋਲਰ ਨੂੰ ਹਦਾਇਤ ਕੀਤੀ ਗਈ ਕਿ ਮੰਡੀਆਂ ’ਚ ਫੜਾਂ ਦੀ ਸਫਾਈ, ਬਿਜਲੀ, ਪਾਣੀ, ਛਾਂ, ਪਖਾਨੇ, ਬਾਰਦਾਨੇ ਆਦਿ ਸਮੇਤ ਸਾਰੇ ਪ੍ਰਬੰਧ ਯਕੀਨੀ ਬਣਾਏ ਜਾਣ। ਇਸ ਮੌਕੇ ਉਨ੍ਹਾਂ ਕਿਸਾਨਾਂ ਨੂੰ ਅਪੀਲ ਕੀਤੀ ਕਿ ਉਹ ਆਪਣੇ ਖੇਤਾਂ ’ਚ ਬਿਜਲੀ ਦੇ ਖੰਬਿਆਂ, ਟਰਾਂਸਫਾਰਮਰਾਂ ਨੇੜੇ ਮਰਲਾ ਜਗ੍ਹਾ ’ਚ ਫ਼ਸਲ ਦੀ ਕਟਾਈ ਪਹਿਲਾਂ ਕਰ ਲੈਣ ਤਾਂ ਜੋ ਤਾਂ ਜੋ ਚੰਗਿਆੜੀ ਡਿੱਗਣ ਦੀ ਸੂਰਤ ’ਚ ਨੁਕਸਾਨ ਤੋਂ ਬਚਿਆ ਜਾ ਸਕੇ। ਇਸ ਤੋਂ ਇਲਾਵਾ ਟਿਊਬਵੈਲਾਂ ਵਾਲੀਆਂ ਡਿੱਗੀਆਂ ਅਤੇ ਟਰੈਕਟਰ ਆਪਰੇਟਡ ਸਪਰੇਅਰ ਟੈਂਕਰਾਂ ’ਚ ਪਾਣੀ ਭਰ ਕੇ ਰੱਖਣ ਤਾਂ ਜੋ ਲੋੜ ਪੈਣ ਤੇ ਵਰਤਿਆ ਜਾ ਸਕੇ।