ਬੱਚਿਆਂ ਨੂੰ ਪਲਾਸਟਿਕ ਵੇਸਟ ਮੈਨੇਜਮੈਂਟ ਬਾਰੇ ਕੀਤਾ ਜਾਗਰੂਕ
ਐਸ ਬੀ ਐਸ ਸਕੂਲ ਵਿਖੇ ਬੱਚਿਆਂ ਨੂੰ ਪਲਾਸਟਿਕ ਵੇਸਟ ਮੈਨੇਜਮੈਂਟ ਬਾਰੇ ਕੀਤਾ ਜਾਗਰੂਕ
Publish Date: Thu, 05 Feb 2026 05:44 PM (IST)
Updated Date: Fri, 06 Feb 2026 04:05 AM (IST)

ਸਟਾਫ਼ ਰਿਪੋਰਟਰ, ਪੰਜਾਬੀ ਜਾਗਰਣ, ਬਰਨਾਲਾ : ਵਾਤਾਵਰਨ ਦੀ ਸੰਭਾਲ ਤਹਿਤ ਐੱਸਬੀਐੱਸ ਪਬਲਿਕ ਸਕੂਲ ਸੁਰਜੀਤਪੁਰਾ ਵਿਖੇ ਅਧਿਆਪਕ ਆਕਾਸ਼ਦੀਪ ਸ਼ਰਮਾ ਵੱਲੋ ਸੱਤਵੀਂ ਕਲਾਸ ਦੇ ਬੱਚਿਆਂ ਦੀ ਪਲਾਸਟਿਕ ਵੇਸਟ ਮੈਨੇਜਮੈਂਟ ਬਾਰੇ ਜਾਗਰੂਕਤਾ ਗਤੀਵਿਧੀ ਕਰਵਾਈ ਗਈ। ਜਿਸ ’ਚ ਪਲਾਸਟਿਕ ਦੀ ਵਰਤੋਂ ਨਾਲ ਹੋ ਰਹੇ ਵਾਤਾਵਰਨ ਤੇ ਪ੍ਰਦੂਸ਼ਣ ਦੇ ਨੁਕਸਾਨ ਬਾਰੇ ਵਿਦਿਆਰਥੀਆਂ ਨੂੰ ਜਾਣੂ ਕਰਵਾਇਆ ਗਿਆ। ਉਨ੍ਹਾਂ ਦੱਸਿਆ ਕਿ ਪਲਾਸਟਿਕ ਪਦਾਰਥ ਸੌਂ ਸਾਲਾਂ ਤਕ ਨਹੀਂ ਖ਼ਤਮ ਹੁੰਦੇ ਅਤੇ ਜ਼ਮੀਨ, ਨਦੀਆਂ ਤੇ ਸਮੁੰਦਰ ਵਿਚ ਪੈ ਕੇ ਜੈਵਿਕ ਜੀਵਾਂ ਲਈ ਖ਼ਤਰਾ ਬਣ ਜਾਂਦੇ ਹਨ। ਜਿਵੇਂ ਕਿ ਪਲਾਸਟਿਕ ਬੋਤਲਾਂ, ਪੈਕਿੰਗ ਸਮਾਨ ਅਤੇ ਪਲਾਸਟਿਕ ਬੈਗ ਕੂੜੇ ’ਚ ਸੁੱਟੇ ਜਾਣ ਕਾਰਨ ਮਿੱਟੀ ਅਤੇ ਪਾਣੀ ਗੰਦਗੀ ਨਾਲ ਭਰ ਜਾਂਦੇ ਹਨ। ਇਸ ਨਾਲ ਨਾ ਸਿਰਫ ਸਿਹਤ ਖਤਰੇ ’ਚ ਆਉਂਦੀ ਹੈ, ਸਗੋਂ ਵਾਤਾਵਰਣ ਨੂੰ ਵੀ ਨੁਕਸਾਨ ਹੁੰਦਾ ਹੈ। ਗਤੀਵਿਧੀ ਦੌਰਾਨ ਵਿਦਿਆਰਥੀਆਂ ਨੇ ਇਹ ਸਿੱਖਿਆ ਕਿ ਜਿਨ੍ਹਾਂ ਸੰਭਵ ਹੋ ਸਕੇ ਪਲਾਸਟਿਕ ਦੀ ਵਰਤੋਂ ਘਟਾਉਣੀ ਚਾਹੀਦੀ ਹੈ। ਪਲਾਸਟਿਕ ਸਾਮਾਨ ਨੂੰ ਨਵੇਂ ਤਰੀਕੇ ਨਾਲ ਦੁਬਾਰਾ ਵਰਤਣਾ। ਪਲਾਸਟਿਕ ਨੂੰ ਛਾਂਟ ਕੇ ਸਹੀ ਤਰੀਕੇ ਨਾਲ ਰੀਸਾਇਕਲਿੰਗ ਲਈ ਭੇਜਣਾ। ਵਿਦਿਆਰਥੀਆਂ ਨੇ ਘਰੋਂ ਵੱਖ–ਵੱਖ ਪਲਾਸਟਿਕ ਸਾਮਾਨ ਲਿਆ ਕੇ ਰੀਸਾਇਕਲ ਅਤੇ ਨਾਨ–ਰੀਸਾਇਕਲ ਕੈਟੇਗਰੀ ’ਚ ਵਰਗੀਕਰਨ ਕੀਤਾ। ਉਨ੍ਹਾਂ ਨੇ ਪਲਾਸਟਿਕ ਬੋਤਲਾਂ ਅਤੇ ਡੱਬਿਆਂ ਨਾਲ ਸਜਾਵਟੀ ਮਾਡਲ ਤਿਆਰ ਕੀਤੇ, ਜਿਨ੍ਹਾਂ ਨੂੰ ਸਕੂਲ ਦੇ ਹੋਰ ਵਿਦਿਆਰਥੀਆਂ ਨੇ ਵੀ ਦੇਖਿਆ। ਇਸ ਮੌਕੇ ਸਾਇੰਸ ਅਧਿਆਪਕ ਆਕਾਸ਼ਦੀਪ ਸ਼ਰਮਾ ਨੇ ਕਿਹਾ ਕਿ ਪਲਾਸਟਿਕ ਵਰਤਣਾ ਜ਼ਰੂਰੀ ਹੈ, ਪਰ ਇਸ ਦੇ ਸਹੀ ਪ੍ਰਬੰਧਨ ਬਗੈਰ ਇਹ ਵਾਤਾਵਰਣ ਲਈ ਖ਼ਤਰਾ ਬਣ ਜਾਂਦਾ ਹੈ। ਹਰ ਵਿਦਿਆਰਥੀ ਆਪਣੀ ਜ਼ਿੰਮੇਵਾਰੀ ਨਿਭਾ ਕੇ ਪਲਾਸਟਿਕ ਦੇ ਨੁਕਸਾਨ ਨੂੰ ਘਟਾ ਸਕਦਾ ਹੈ। ਵਾਇਸ ਪ੍ਰਿੰਸੀਪਲ ਡਾ. ਸੰਜੇ ਕੁਮਾਰ ਨੇ ਵਿਦਿਆਰਥੀਆਂ ਦੇ ਯਤਨਾਂ ਦੀ ਪ੍ਰਸ਼ੰਸਾ ਕਰਦਿਆਂ ਕਿਹਾ ਕਿ ਇਸ ਤਰੀਕੇ ਨਾਲ ਬੱਚਿਆਂ ’ਚ ਜ਼ਿੰਮੇਵਾਰੀ ਅਤੇ ਵਾਤਾਵਰਣ ਪ੍ਰਤੀ ਜਾਗਰੂਕਤਾ ਪੈਦਾ ਹੁੰਦੀ ਹੈ। ਅਸੀਂ ਚਾਹੁੰਦੇ ਹਾਂ ਕਿ ਇਹ ਬੱਚੇ ਆਪਣੇ ਘਰਾਂ ਅਤੇ ਸਮਾਜ ’ਚ ਵੀ ਇਸਦੀ ਪ੍ਰੇਰਣਾ ਫੈਲਾਉਣ। ਪ੍ਰਿੰਸੀਪਲ ਕਮਲਜੀਤ ਕੌਰ ਨੇ ਆਪਣਾ ਸੰਦੇਸ਼ ਦਿੰਦਿਆਂ ਕਿਹਾ ਕਿ ਆਓ, ਅਸੀਂ ਮਿਲ ਕੇ ਪਲਾਸਟਿਕ ਰਹਿਤ ਵਾਤਾਵਰਣ ਬਣਾਉਣ ਦੀ ਕੋਸ਼ਿਸ਼ ਕਰੀਏ। ਹਰ ਛੋਟਾ ਕਦਮ ਵੱਡੇ ਬਦਲਾਅ ਦੀ ਸ਼ੁਰੂਆਤ ਹੈ। ਸਕੂਲ ਦੇ ਵਿਦਿਆਰਥੀਆਂ ਨੇ ਇਸ ਗਤੀਵਿਧੀ ਦੇ ਜ਼ਰੀਏ ਸਿਰਫ਼ ਸਿਖਣ ਹੀ ਨਹੀਂ, ਸਗੋਂ ਆਪਣੇ ਸਮਾਜ ਵਿੱਚ ਵਾਤਾਵਰਣ ਪ੍ਰਤੀ ਜਾਗਰੂਕਤਾ ਫੈਲਾਉਣ ਦਾ ਵੀ ਵਾਅਦਾ ਕੀਤਾ।