‘ਸੁਰੱਖਿਅਤ ਮਾਤਰਤਵ ਮੁਹਿੰਮ’ ਦੇ 10 ਸਾਲ ਪੂਰੇ ਹੋਣ ’ਤੇ ਲਾਏ ਜਾਂਚ ਕੈਂਪ
'ਸੁਰੱਖਿਅਤ ਮਾਤਰਤਵ ਅਭਿਆਨ' ਦੇ 10 ਸਾਲ ਪੂਰੇ ਹੋਣ ‘ਤੇ ਲਾਏ ਜਾਂਚ ਕੈਂਪ
Publish Date: Wed, 10 Jun 2026 04:23 PM (IST)
Updated Date: Wed, 10 Jun 2026 04:26 PM (IST)

- ਗਰਭਵਤੀ ਔਰਤਾਂ ਦੀ ਜਾਂਚ ਲਈ ਹਰ ਮਹੀਨੇ 9 ਤੇ 23 ਤਾਰੀਖ਼ ਨੂੰ ਲੱਗਦੇ ਨੇ ਵਿਸ਼ੇਸ਼ ਕੈਂਪ : ਡਾ. ਮਹੀਪ ਕੌਰ ਮੁਕੇਸ਼ ਸਿੰਗਲਾ, ਪੰਜਾਬੀ ਜਾਗਰਣ ਭਵਾਨੀਗੜ੍ਹ : ਸਿਵਲ ਸਰਜਨ ਡਾ. ਅਮਰਜੀਤ ਕੌਰ ਦੇ ਦਿਸ਼ਾ-ਨਿਰਦੇਸ਼ਾਂ ਅਤੇ ਸੀਨੀਅਰ ਮੈਡੀਕਲ ਅਫ਼ਸਰ ਡਾ. ਮਹੀਪ ਕੌਰ ਦੀ ਅਗਵਾਈ ਵਿੱਚ ਸਿਹਤ ਬਲਾਕ ਭਵਾਨੀਗੜ੍ਹ ਅਧੀਨ ਸਿਹਤ ਸੰਸਥਾਵਾਂ ਵਿਖੇ ਗਰਭਵਤੀ ਔਰਤਾਂ ਦੀ ਸਿਹਤ ਸੁਰੱਖਿਆ ਨੂੰ ਸਮਰਪਿਤ ‘ਪ੍ਰਧਾਨ ਮੰਤਰੀ ਸੁਰੱਖਿਅਤ ਮਾਤਰਤਵ ਮੁਹਿੰਮ’ ਦੇ ਸਫ਼ਲਤਾਪੂਰਵਕ 10 ਸਾਲ ਪੂਰੇ ਹੋਣ ’ਤੇ ਵਿਸ਼ੇਸ਼ ਮੈਡੀਕਲ ਚੈੱਕਅੱਪ ਕੈਂਪ ਲਗਾਏ ਗਏ। ਡਾ. ਮਹੀਪ ਕੌਰ ਨੇ ਦੱਸਿਆ ਕਿ ਸਿਹਤ ਵਿਭਾਗ ਦੀ ਇਸ ਅਹਿਮ ਯੋਜਨਾ ਤਹਿਤ ਗਰਭਵਤੀ ਮਾਵਾਂ ਨੂੰ ਪੂਰੀ ਤਰ੍ਹਾਂ ਮੁਫ਼ਤ ਅਤੇ ਉੱਚ-ਮਿਆਰੀ ਚਿਕਿਤਸਾ ਸੇਵਾਵਾਂ ਦਿੱਤੀਆਂ ਜਾਂਦੀਆਂ ਹਨ। ਉਨ੍ਹਾਂ ਸਪੱਸ਼ਟ ਕੀਤਾ ਕਿ ਇਹ ਵਿਸ਼ੇਸ਼ ਡਾਕਟਰੀ ਸਹੂਲਤਾਂ ਹਰ ਮਹੀਨੇ ਦੀ 9 ਅਤੇ 23 ਤਾਰੀਖ ਨੂੰ ਸਾਰੇ ਸਰਕਾਰੀ ਸਿਹਤ ਕੇਂਦਰਾਂ ਵਿੱਚ ਨਿਰੰਤਰ ਉਪਲਬਧ ਰਹਿੰਦੀਆਂ ਹਨ। ਅੱਜ ਇਨ੍ਹਾਂ ਕੈਂਪਾਂ ਦੌਰਾਨ ਪਹੁੰਚੀਆਂ ਗਰਭਵਤੀ ਮਹਿਲਾਵਾਂ ਦੀ ਮੁਫ਼ਤ ਸਿਹਤ ਜਾਂਚ ਕਰਨ ਦੇ ਨਾਲ-ਨਾਲ ਖ਼ੂਨ ਤੇ ਪਿਸ਼ਾਬ ਦੇ ਲੋੜੀਂਦੇ ਟੈਸਟ ਕੀਤੇ ਗਏ, ਉੱਚ ਜੋਖਮ ਵਾਲੇ ਗਰਭ ਅਵਸਥਾ ਦੇ ਮਾਮਲਿਆਂ ਦੀ ਨਿਸ਼ਾਨਦੇਹੀ ਕੀਤੀ ਗਈ ਅਤੇ ਮਾਹਿਰ ਡਾਕਟਰਾਂ ਵੱਲੋਂ ਪੋਸ਼ਣ ਸੰਬੰਧੀ ਜ਼ਰੂਰੀ ਮਸ਼ਵਰੇ ਦਿੱਤੇ ਗਏ। ਇਸ ਦੇ ਨਾਲ ਹੀ ਮਹਿਲਾਵਾਂ ਨੂੰ ਗਰਭ ਦੌਰਾਨ ਰੱਖੀਆਂ ਜਾਣ ਵਾਲੀਆਂ ਸਾਵਧਾਨੀਆਂ ਅਤੇ ਚੰਗੀ ਜੀਵਨ ਸ਼ੈਲੀ ਬਾਰੇ ਵੀ ਜਾਗਰੂਕ ਕੀਤਾ ਗਿਆ। ਡਾ. ਮਹੀਪ ਕੌਰ ਨੇ ਜ਼ੋਰ ਦਿੰਦਿਆਂ ਕਿਹਾ ਕਿ ਇਸ ਮੁਹਿੰਮ ਦਾ ਮੁੱਖ ਨਿਸ਼ਾਨਾ ਜਣੇਪੇ ਦੌਰਾਨ ਮਾਂ-ਬੱਚੇ ਦੀ ਸਿਹਤ ਨੂੰ ਸੁਰੱਖਿਅਤ ਰੱਖਣਾ ਅਤੇ ਜਣੇਪਾ ਮੌਤ ਦਰ ਨੂੰ ਘਟਾਉਣਾ ਹੈ। ਉਨ੍ਹਾਂ ਸਾਰੀਆਂ ਗਰਭਵਤੀ ਔਰਤਾਂ ਨੂੰ ਅਪੀਲ ਕੀਤੀ ਕਿ ਉਹ ਸਿਹਤ ਵਿਭਾਗ ਵੱਲੋਂ ਮਿਲ ਰਹੀਆਂ ਇਨ੍ਹਾਂ ਮੁਫ਼ਤ ਸੇਵਾਵਾਂ ਦਾ ਵੱਧ ਤੋਂ ਵੱਧ ਲਾਹਾ ਲੈਣ ਅਤੇ ਸੁਰੱਖਿਅਤ ਜਣੇਪੇ ਲਈ ਸਮੇਂ ਸਿਰ ਆਪਣੀ ਜਾਂਚ ਯਕੀਨੀ ਬਣਾਉਣ। ਔਰਤ ਰੋਗਾਂ ਦੇ ਮਾਹਿਰ ਡਾ. ਨਵਦੀਪ ਕੌਰ ਅਤੇ ਡਾ. ਆਸਥਾ ਗਰਗ ਨੇ ਹਾਜ਼ਰੀਨ ਨੂੰ ਸੰਤੁਲਿਤ ਖੁਰਾਕ ਬਾਰੇ ਜਾਣਕਾਰੀ ਦਿੱਤੀ। ਉਨ੍ਹਾਂ ਕਿਹਾ ਕਿ ਜ਼ਰੂਰੀ ਨਹੀਂ ਕਿ ਮਹਿੰਗਾ ਭੋਜਨ ਹੀ ਜ਼ਿਆਦਾ ਪੌਸ਼ਟਿਕ ਹੋਵੇ, ਸਥਾਨਕ ਫਲ ’ਤੇ ਸਬਜ਼ੀਆਂ ਤਾਜ਼ੀਆਂ ਤੇ ਸਸਤੀਆਂ ਉਪਲਬਧ ਹੁੰਦੀਆਂ ਹਨ, ਇਸ ਲਈ ਉਨ੍ਹਾਂ ਨੂੰ ਆਪਣੇ ਖਾਣੇ ਵਿੱਚ ਸ਼ਾਮਲ ਕੀਤਾ ਜਾਵੇ। ਇਨ੍ਹਾਂ ਕੈਂਪਾਂ ਵਿੱਚ ਸ਼ਾਮਲ ਹੋਈਆਂ ਮਾਵਾਂ ਨੂੰ ਸਿਹਤਮੰਦ ਖ਼ੁਰਾਕ ਦੇ ਤੌਰ ’ਤੇ ਪੌਸ਼ਟਿਕ ਰਿਫ੍ਰੈਸ਼ਮੈਂਟ ਵੀ ਤਕਸੀਮ ਕੀਤੀ ਗਈ। ਇਸ ਮੌਕੇ ਡਾ. ਮੁਖਤਿਆਰ ਸਿੰਘ, ਗੁਰਵਿੰਦਰ ਸਿੰਘ ਬਲਾਕ ਅਜੂਕੇਟਰ, ਹਰਪ੍ਰੀਤ ਕੌਰ ਆਦਿ ਮੌਜੂਦ ਸਨ।