ਸੇਫ਼ ਸਕੂਲ ਵਾਹਨ ਪਾਲਿਸੀ ਤਹਿਤ ਸਕੂਲੀ ਵਾਹਨਾਂ ਦੀ ਚੈਕਿੰਗ
ਸੇਫ਼ ਸਕੂਲ ਵਾਹਨ ਪਾਲਿਸੀ ਤਹਿਤ ਸਕੂਲੀ ਵਾਹਨਾਂ ਦੀ ਚੈਕਿੰਗ
Publish Date: Thu, 22 Jan 2026 04:57 PM (IST)
Updated Date: Fri, 23 Jan 2026 04:04 AM (IST)

54 ਸਕੂਲੀ ਵੈਨਾਂ ਦੀ ਚੈਕਿੰਗ ਕਰ 29 ਦੇ ਕੱਟੇ ਚਲਾਨ ਸਟਾਫ਼ ਰਿਪੋਰਟਰ, ਪੰਜਾਬੀ ਜਾਗਰਣ, ਬਰਨਾਲਾ : ਪੰਜਾਬ ਤੇ ਹਰਿਆਣਾ ਹਾਈਕੋਰਟ ਦੇ ਹੁਕਮਾਂ ਤਹਿਤ ਅਤੇ ਡੀਸੀ ਬਰਨਾਲਾ ਦੀ ਰਹਿਨੁਮਾਈ ਹੇਠ ਜ਼ਿਲ੍ਹਾ ਪ੍ਰੋਗਰਾਮ ਅਫ਼ਸਰ ਰਤਿੰਦਰ ਪਾਲ ਕੌਰ ਧਾਲੀਵਾਲ ਬਰਨਾਲਾ ਦੇ ਦਿਸ਼ਾ-ਨਿਰਦੇਸ਼ਾਂ ਅਨੁਸਾਰ ਜ਼ਿਲ੍ਹੇ ’ਚ ਸੇਫ਼ ਸਕੂਲ ਵਾਹਨ ਪਾਲਿਸੀ ਤਹਿਤ ਸਕੂਲੀ ਬੱਸਾਂ ਦੀ ਚੈਕਿੰਗ ਕੀਤੀ ਗਈ। ਇਸ ਸਬੰਧੀ ਜ਼ਿਲ੍ਹਾ ਬਾਲ ਸੁਰੱਖਿਆ ਅਫ਼ਸਰ ਗੁਰਜੀਤ ਕੌਰ ਨੇ ਦੱਸਿਆ ਕਿ ਇਸ ਦੌਰਾਨ ਜ਼ਿਲ੍ਹਾ ਪੱਧਰੀ ਸੇਫ਼ ਸਕੂਲ ਵਾਹਨ ਟੀਮ ਵੱਲੋਂ ਵੱਖ-ਵੱਖ ਸਕੂਲਾਂ ਦੀਆਂ ਵੈਨਾਂ ਚੈੱਕ ਕੀਤੀਆਂ ਗਈਆਂ। ਇਸ ਮੌਕੇ ਕੁੱਲ 54 ਸਕੂਲੀ ਵੈਨਾਂ ਦੀ ਚੈਕਿੰਗ ਕੀਤੀ ਗਈ, ਜਿਨ੍ਹਾਂ ਵਿੱਚੋਂ 29 ਸਕੂਲੀ ਵੈਨਾਂ ਜੋ ਕਿ ਸੇਫ਼ ਸਕੂਲ ਵਾਹਨ ਪਾਲਿਸੀ ਦੀਆਂ ਸ਼ਰਤਾਂ ਪੂਰੀਆਂ ਨਹੀਂ ਕਰਦੀਆਂ ਸਨ, ਉਨ੍ਹਾਂ ਦੇ ਚਲਾਨ ਕੱਟੇ ਗਏ। ਉਨ੍ਹਾਂ ਦੱਸਿਆ ਕਿ ਜ਼ਿਲ੍ਹਾ ਪੱਧਰੀ ਸੇਫ਼ ਸਕੂਲ ਵਾਹਨ ਟੀਮ ਵੱਲੋ ਸਮੇਂ-ਸਮੇਂ ਤੇ ਸਕੂਲਾਂ ਦੇ ਪ੍ਰਿੰਸੀਪਲਾਂ ਅਤੇ ਸਕੂਲ ਡਰਾਇਵਰਾਂ ਨੂੰ ਸੇਫ਼ ਸਕੂਲ ਵਾਹਨ ਪਾਲਿਸੀ ਦੀਆਂ ਹਦਾਇਤਾਂ ਜਿਵੇਂ ਸੀਸੀਟੀਵੀ ਕੈਮਰਾ, ਖਿੜਕੀ ’ਤੇ ਲੋਹੇ ਦੀ ਗਰਿੱਲ, ਮੁੱਢਲੀ ਸਹਾਇਤਾ ਬਾਕਸ, ਮਹਿਲਾ ਕਡੰਕਟਰ, ਅੱਗ ਬੁਝਾਊ ਯੰਤਰ, ਲਾਇਸੈਂਸ, ਆਦਿ ਬਾਰੇ ਜਾਣਕਾਰੀ ਦਿੱਤੀ ਜਾ ਰਹੀ ਹੈ। ਜ਼ਿਲ੍ਹਾ ਬਾਲ ਸੁਰੱਖਿਆ ਅਫ਼ਸਰ ਨੇ ਦੱਸਿਆ ਕਿ ਇਹ ਚੈਕਿੰਗ ਲਗਾਤਾਰ ਜਾਰੀ ਰੱਖੀ ਜਾਵੇਗੀ। ਇਸ ਮੌਕੇ ਉਨ੍ਹਾਂ ਦੱਸਿਆ ਕਿ ਥਰੀ ਵੀਲਰ ਜਾਂ ਆਟੋ ਰਿਕਸ਼ਾ ਤੇ ਬੱਚੇ ਲੈਕੇ ਆਉਣ ਤੇ ਛੱਡ ਕੇ ਆਉਣ ਤੇ ਵੀ ਸਖ਼ਤ ਕਾਰਵਾਈ ਕੀਤੀ ਜਾਵੇਗੀ। ਟੀਮ ਵੱਲੋਂ ਵਾਰ ਵਾਰ ਪਾਲਿਸੀ ਦੀਆਂ ਹਦਾਇਤਾਂ ਸਬੰਧੀ ਜਾਗਰੂਕ ਕਰਨ ਤੋਂ ਬਾਅਦ ਵੀ ਕਈ ਸਕੂਲਾਂ ਵੱਲੋਂ ਨਿਯਮਾਂ ਦੀ ਪਾਲਣ ਨਹੀਂ ਕੀਤੀ ਜਾ ਰਹੀ ਜਿਸ ਤੇ ਹੁਣ ਸਖ਼ਤੀ ਨਾਲ ਕਾਰਵਾਈ ਕੀਤੀ ਜਾਵੇਗੀ। ਇਸ ਮੌਕੇ ਰੁਪਿੰਦਰ ਸਿੰਘ ਬਾਲ ਸੁਰੱਖਿਆ ਅਫ਼ਸਰ, (ਆਈ.ਸੀ.), ਜ਼ਿਲ੍ਹਾ ਟ੍ਰੈਫਿਕ ਐਜੂਕੇਸ਼ਨ ਸੈੱਲ ਬਰਨਾਲਾ ਗੁਰਚਰਨ ਸਿੰਘ (ਏ.ਐੱਸ.ਆਈ), ਜਸਵਿੰਦਰ ਸਿੰਘ (ਮੁਨਸ਼ੀ) ਤੇ ਰਮਨਦੀਪ ਸਿੰਘ (ਕਾਂਸਟੇਬਲ) ,ਕੁਲਦੀਪ ਸਿੰਘ (ਸਿੱਖਿਆ ਵਿਭਾਗ) ਚੈਕਿੰਗ ਟੀਮ ’ਚ ਸ਼ਾਮਿਲ ਸਨ।