- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਧੂਮਧਾਮ ਨਾਲ ਮਨਾਈਏ ਹੋਲੀ ਦਾ ਤਿਉਹਾਰ, ਕੈਮੀਕਲ ਰੰਗਾਂ ਤੋਂ ਕਰੋ ਗੁਰੇਜ

ਯਾਦਵਿੰਦਰ ਸਿੰਘ ਭੁੱਲਰ, ਪੰਜਾਬੀ ਜਾਗਰਣ, ਬਰਨਾਲਾ
ਹੋਲੀ ਰੰਗਾਂ ਦਾ ਤਿਉਹਾਰ ਹੈ। ਇਸ ਦਿਨ ਲੋਕ ਇੱਕ ਦੂਜੇ ਨੂੰ ਰੰਗ ਦਿੰਦੇ ਹਨ। ਇਹ ਰੰਗ ਖੁਸ਼ੀਆਂ, ਖੇੜੇ, ਸਨੇਹ ਤੇ ਭਾਈਚਾਰੇ ਦੇ ਪ੍ਰਤੀਕ ਹਨ। ਇਸ ਲਈ ਇਹ ਤਿਉਹਾਰ ਬਸੰਤ ਦੀ ਆਮਦ ਦੀ ਵੀ ਸੂਚਨਾ ਦਿੰਦਾ ਹੈ। ਇਸ ਦਿਨ ਲੋਕ ਖੁਸ਼ੀ ਨਾਲ ਨੱਚਦੇ ਅਤੇ ਗਾਉਂਦੇ ਹਨ। ਸਾਨੂੰ ਹੋਲੀ ਦਾ ਤਿਉਹਾਰ ਧੂਮਧਾਮ, ਮਿਲ ਜੁਲ ਕੇ ਤੇ ਕੈਮੀਕਲ ਰੰਗਾਂ ਤੋਂ ਗੁਰੇਜ ਕਰਕੇ ਮਨਾਉਣਾ ਚਾਹੀਦਾ ਹੈ। ਪੇਸ ਹਨ ਕੁੱਝ ਸਖਸੀਅਤਾਂ ਦੇ ਵਿਚਾਰ:
ਹੋਲੀ ਭਾਰਤ ਦਾ ਇੱਕ ਪ੍ਰਸਿੱਧ ਤਿਉਹਾਰ ਹੈ । ਕਈ ਥਾਂਵਾਂ ਤੇ ਇਹ 'ਹੋਲਿਕਾ ਦਹਿਨ' ਦੇ ਨਾਮ ਨਾਲ ਵੀ ਜਾਣਿਆ ਜਾਂਦਾ ਹੈ । ਬਸੰਤ ਰੁੱਤ ’ਚ ਮਨਾਏ ਜਾਣ ਵਾਲੇ ਇਸ ਤਿਉਹਾਰ ਨੂੰ ਜ਼ਿਆਦਾਤਰ ਲੋਕ ਇੱਕ ਦੂਜੇ ਦੇ ਰੰਗ ਲਗਾ ਕੇ ਮਨਾਉਂਦੇ ਹਨ । ਲੋਕ ਢੋਲ ਦੀ ਤਾਲ 'ਤੇ ਨੱਚਦੇ ਹੋਏ ਘਰ-ਘਰ ਜਾ ਕੇ ਆਪਣੇ ਦੋਸਤਾਂ/ਰਿਸ਼ਤੇਦਾਰਾਂ ਨੂੰ ਰੰਗ ਲਗਾਉਂਦੇ ਹਨ । ਸਾਨੂੰ ਇਹ ਤਿਉਹਾਰ ਮਿਲ ਜੁਲ ਕੇ ਮਨਾਉਣਾ ਚਾਹੀਦਾ ਹੈ।
-ਰਵਿੰਦਰਜੀਤ ਸਿੰਘ ਬਿੰਦੀ ਚੇਅਰਮੈਨ ਸੇਂਟ ਬਚਨਪੁਰੀ ਸਕੂਲ ਪੱਖੋ ਕਲਾਂ
: ਬਹੁਤ ਸਾਰੇ ਲੋਕ ਰੰਗਾਂ ਦੀ ਥਾਂ ਆਂਡਿਆਂ, ਟਮਾਟਰਾਂ, ਗਰੀਸ, ਮਕੈਨੀਕਲ ਤੇਲ ਆਦਿ ਦੀ ਵਰਤੋਂ ਵੀ ਇੱਕ ਦੂਜੇ ਤੇ ਸੁੱਟਣ ਲਈ ਕਰਦੇ ਹਨ ਜੋ ਕਿ ਇਸ ਤਿਉਹਾਰ ਨੂੰ ਮਨਾਉਣ ਦੇ ਉਦੇਸ਼ ਤੋਂ ਭਟਕਣਾ ਹੈ । ਇਸ ਦਿਨ ਅਜਿਹੀਆਂ ਚੀਜ਼ਾਂ ਦੀ ਵਰਤੋਂ ਦੀ ਥਾਂ ਹੋਲੀ ਦੇ ਕੁਦਰਤੀ ਰੰਗਾਂ ਦਾ ਨਿਰਮਾਣ ਆਪਣੇ ਘਰਾਂ ’ਚ ਹਲਦੀ, ਚੰਦਨ ਦੀ ਲੱਕੜ, ਮਹਿੰਦੀ ਆਦਿ ਤੋਂ ਹੋ ਸਕਦਾ ਹੈ ਤੇ ਇਹ ਬਾਜ਼ਾਰ ਨਾਲੋਂ ਸਸਤੇ ਵੀ ਪੈਂਦੇ ਹਨ।
-ਦਰਸ਼ਨ ਸਿੰਘ ਚੇਅਰਮੈਨ ਗੋਬਿੰਦ ਇੰਟਰਨੈਸ਼ਨਲ ਸਕੂਲ ਭਦੌੜ
ਅੱਜ ਕੱਲ੍ਹ ਆਮ ਵੇਖਣ ’ਚ ਆ ਰਿਹਾ ਹੈ ਕਿ ਲੋਕ ਕੈਮੀਕਲ ਰੰਗਾਂ ਤੇ ਪੱਕੇ ਰੰਗਾਂ ਦੀ ਵਰਤੋਂ ਇੱਕ ਦੂਜੇ ਨੂੰ ਲਗਾਉਣ ਮੌਕੇ ਕਰਦੇ ਹਨ । ਪੱਕੇ ਰੰਗਾਂ ਨਾਲ ਇੱਕ ਦੂਜੇ ਦੇ ਮੂੰਹ ਦਿੱਤੇ ਜਾਂਦੇ ਹਨ ਤੇ ਇਹ ਰੰਗ ਕਈ ਦਿਨਾਂ ਤੱਕ ਨਹੀਂ ਉੱਤਰਦਾ ਤੇ ਇਹ ਰੰਗ ਅੱਖਾਂ ’ਚ ਪੈ ਜਾਣ ਨਾਲ ਨਿਗ੍ਹਾ ਲਈ ਵੀ ਹਾਨੀਕਾਰਕ ਸਿੱਧ ਹੋ ਸਕਦਾ ਹੈ । ਕੈਮੀਕਲ ਰੰਗਾਂ ਕਾਰਨ ਸਿਰ ਦੇ ਵਾਲ ਝੜ੍ਹਨ ਤੇ ਚਮੜੀ ਦੀਆਂ ਕਈ ਬਿਮਾਰੀਆਂ ਦੀ ਸ਼ਿਕਾਇਤ ਵੀ ਅਕਸਰ ਹੋ ਜਾਂਦੀ ਹੈ । ਕੈਮੀਕਲ ਰੰਗਾਂ ਤੋਂ ਗੁਰੇਜ਼ ਕਰਨਾ ਚਾਹੀਦਾ ਹੈ ।
-ਡਾ. ਰੁਪੇਸ਼ ਸਿੰਗਲਾ ਐੱਮਡੀ ਪ੍ਰੇਮ ਅੱਖਾਂ ਦਾ ਹਸਪਤਾਲ, ਬਰਨਾਲਾ
ਹੋਲੀ ਵਾਲੇ ਦਿਨ ਬਹੁਤ ਸਾਰੇ ਨੌਜਵਾਨ ਮੁੰਡੇ ਕੁੜੀਆਂ ਮੋਟਰਸਾਈਕਲਾਂ/ਕਾਰਾਂ ਤੇ ਸਵਾਰ ਹੋ ਕੇ ਸੜਕਾਂ ਤੇ ਹੋਲੀ ਮਨਾਉਂਦੇ ਅਣਜਾਣ ਬੰਦਿਆਂ 'ਤੇ ਰੰਗ ਪਾਉਂਦੇ ਹਨ । ਜਿਸ ਨਾਲ ਇੱਕ ਪਾਸੇ ਤਾਂ ਪੈਟਰੋਲ ਦੀ ਬਰਬਾਦੀ ਹੋਣ ਦੇ ਨਾਲ ਪ੍ਰਦੂਸ਼ਣ ਵੀ ਵੱਧਦਾ ਹੈ ਤੇ ਦੂਜੇ ਪਾਸੇ ਅਣਜਾਣ ਬੰਦਿਆਂ ਤੇ ਰੰਗ ਪਾਉਣ ਨਾਲ ਝਗੜਾ ਵੀ ਹੋ ਜਾਂਦਾ ਹੈ ਜੋ ਕਈ ਵਾਰ ਭਿਆਨਕ ਰੂਪ ਧਾਰਨ ਕਰ ਲੈਂਦਾ ਹੈ । ਇਸ ਤੋਂ ਬਚਣਾ ਚਾਹੀਦਾ ਹੈ ਤੇ ਨਾਲ ਹੀ ਇਸ ਸਮੇਂ ਅਲਕੋਹਲ ਦਾ ਜ਼ਿਆਦਾ ਸੇਵਨ ਕਰਨਾ ਵੀ ਹਾਦਸਿਆਂ ਨੂੰ ਸੱਦਾ ਦੇਣ ਵਾਲਾ ਸਾਬਿਤ ਹੋ ਸਕਦਾ ਹੈ ।
-ਡਾ. ਪ੍ਰਦੀਪ ਸ਼ਰਮਾ ਐੱਮਡੀ ਪਰਦੀਪ ਹਸਪਤਾਲ ਬਰਨਾਲਾ