ਬਰਨਾਲਾ ’ਚ ਈਦਗਾਹ ’ਚ ਮਨਾਈ ਈਦ
ਬਰਨਾਲਾ ’ਚ ਈਦਗਾਹ ਵਿਖੇ ਸ਼ਰਧਾ ਤੇ ਉਤਸਾਹ ਨਾਲ ਮਨਾਈ ਈਦ
Publish Date: Sat, 21 Mar 2026 03:43 PM (IST)
Updated Date: Sun, 22 Mar 2026 04:02 AM (IST)

ਸਟਾਫ ਰਿਪੋਰਟਰ, ਪੰਜਾਬੀ ਜਾਗਰਣ, ਬਰਨਾਲਾ : ਬਰਨਾਲਾ ਤੇ ਆਸ-ਪਾਸ ਦੇ ਇਲਾਕਿਆਂ ’ਚ ਈਦ ਦਾ ਤਿਉਹਾਰ ਮੁਸਲਿਮ ਭਾਈਚਾਰੇ ਵੱਲੋਂ ਬਹੁਤ ਸ਼ਰਧਾ ਤੇ ਉਤਸ਼ਾਹ ਨਾਲ ਮਨਾਇਆ ਗਿਆ। ਈਦਗਾਹਾਂ ’ਚ ਸਮੂਹਿਕ ਨਮਾਜ ਅਦਾ ਕੀਤੀ, ਜਿੱਥੇ ਸ਼ਾਂਤੀ ਤੇ ਭਾਈਚਾਰਕ ਸਾਂਝ ਲਈ ਦੁਆਵਾਂ ਮੰਗੀਆਂ ਜਾਂਦੀਆਂ ਹਨ। ਇਸ ਸਬੰਧੀ ਜਾਣਕਾਰੀ ਦਿੰਦਿਆਂ ਮੌਲਵੀ ਮੁਹੰਮਦ ਯੋਸਫ਼ ਸਾਹੀ ਇਮਾਮ ਬਰਨਾਲਾ ਤੇ ਇੰਤਜਾਮੀਆ ਕਮੇਟੀ ਈਦਗਾਹ ਬਰਨਾਲਾ ਦੇ ਪ੍ਰਧਾਨ ਡਾ. ਮੁਹੰਮਦ ਹਮੀਦ ਨੇ ਦੱਸਿਆ ਕਿ ਬਰਨਾਲਾ ’ਚ ਈਦਗਾਹ ਸੰਘੇੜਾ ਰੋਡ ਬਰਨਾਲਾ ਸ਼ਿਵ ਵਾਟਿਕਾ ਕਾਲੋਨੀ ਵਿਖੇ ਈਦ ਮਨਾਈ। ਸਮਾਗਮ ਦੌਰਾਨ ਮੁੱਖ ਮਹਿਮਾਨ ਵਜੋਂ ਜ਼ਿਲ੍ਹਾ ਪੁਲਿਸ ਮੁਖੀ ਮੁਹੰਮਦ ਸਰਫ਼ਰਾਜ ਆਲਮ ਸ਼ਾਮਲ ਹੋਏ। ਇਸ ਤੋਂ ਇਲਾਵਾ ਇਲਾਕੇ ਦੀਆਂ ਸਮੂਹ ਧਾਰਮਿਕ, ਸਮਾਜਿਕ ਜਥੇਬੰਦੀਆਂ ਤੇ ਰਾਜਨੀਤਿਕ ਆਗੂ ਵੀ ਸ਼ਾਮਲ ਹੋਏ। ਮੁਸਲਿਮ ਭਾਈਚਾਰੇ ਦੇ ਲੋਕਾਂ ਨੇ ਸੇਵੀਆਂ ਖਾ ਕੇ ਅਤੇ ਇਕ-ਦੂਜੇ ਨੂੰ ਗਲੇ ਮਿਲ ਕੇ ਮੁਬਾਰਕਬਾਦ ਦਿੱਤੀ ਤੇ ਮਿਠਾਈਆਂ ਵੰਡੀਆਂ। ਇਸ ਮੌਕੇ ਸਿੱਖ ਤੇ ਹਿੰਦੂ ਧਰਮ ਦੇ ਅਹੁਦੇਦਾਰ ਤੇ ਰਾਜਸੀ ਪਾਰਟੀਆਂ ਦੇ ਲੋਕ ਵੀ ਈਦ ਦੀਆਂ ਖੁਸ਼ੀਆਂ ’ਚ ਸ਼ਾਮਲ ਹੋਏ। ਮੁਸਲਿਮ ਭਾਈਚਾਰੇ ਨੂੰ ਈਦ ਦੀ ਵਧਾਈ ਦਿੱਤੀ। ਮੁਸਲਿਮ ਭਾਈਚਾਰੇ ਦੇ ਆਗੂਆਂ ਨੇ ਸਮੂਹ ਪਾਰਟੀਆਂ ਦਾ ਈਦ ਦੀਆਂ ਖੁਸ਼ੀਆਂ ਸਾਂਝੀਆਂ ਕਰਨ ’ਤੇ ਧੰਨਵਾਦ ਕੀਤਾ। ਮੌਲਵੀ ਮੁਹੰਮਦ ਯੋਸਫ਼ ਨੇ ਕਿਹਾ ਕਿ ਈਦ ਭਾਈਚਾਰੇ ਤੇ ਸਦਭਾਵਨਾ ਦਾ ਪ੍ਰਤੀਕ ਹੈ। ਭਾਰਤ ’ਚ ਆਪਸੀ ਪਿਆਰ ਤੇ ਏਕਤਾ ਹਮੇਸ਼ਾ ਬਣੀ ਰਹੇ। ਇਹ ਤਿਉਹਾਰ ਪਿਆਰ ਤੇ ਆਪਸੀ ਭਾਈਚਾਰੇ ਦਾ ਸੰਦੇਸ਼ ਦਿੰਦਾ ਹੈ। ਉਨ੍ਹਾਂ ਕਿਹਾ ਕਿ ਦੁਨੀਆਂ ਦੇ ਸਾਰੇ ਲੋਕ ਇੱਕੋ ਖ਼ੁਦਾ ਦੇ ਬੰਦੇ ਹਨ। ਇਸ ਕਰਕੇ ਸਾਨੂੰ ਮਿਲ ਜੁਲ ਕੇ ਰਹਿਣਾ ਚਾਹੀਦਾ ਹੈ ਤੇ ਹਰ ਤਿਉਹਾਰ ਨੂੰ ਖੁਸ਼ੀਆਂ ਨਾਲ ਮਨਾਉਣਾ ਚਾਹੀਦਾ ਹੈ। ਇਸ ਮੌਕੇ ਮੌਲਵੀ ਮੁਹੰਮਦ ਯੁਸਫ਼, ਜਰਨਲ ਸਕੱਤਰ ਅਬਦੁਲ ਮਜੀਦ, ਵਾਇਸ ਪ੍ਰਧਾਨ ਸਦੀਪਕ ਖਾਨ, ਜਾਮਾ ਮਸਜਿਕ ਦੇ ਪ੍ਰਧਾਨ ਅਕਬਰ ਖਾਨ, ਮੁਸਤਾਕ, ਅਜਰ ਤੇ ਅਫ਼ਸਰ ਆਦਿ ਵੀ ਹਾਜ਼ਰ ਸਨ ।