ਡੇਰਾ ਮੈਂਬਰ ਦੀ ਕੁੱਟਮਾਰ ਕਰ ਕੇ ਪਰਸ ਖੋਹਣ ਵਾਲੇ ਆਏ ਪੁਲਿਸ ਅੜਿਕੇ
ਡੇਰੇ ਦੇ ਮੈਂਬਰ ਦੀ ਕੁੱਟਮਾਰ ਕਰਕੇ ਪਰਸ ਖੋਹਣ ਵਾਲਿਆਂ ਨੂੰ ਪੁਲਿਸ ਨੇ ਕੀਤਾ ਗ੍ਰਿਫ਼ਤਾਰ
Publish Date: Fri, 10 Apr 2026 06:26 PM (IST)
Updated Date: Sat, 11 Apr 2026 04:09 AM (IST)

ਵਾਰਦਾਤ ’ਚ ਵਰਤਿਆ ਮੋਟਰਸਾਈਕਲ ਤੇ ਲੁੱਟਿਆ ਗਿਆ ਪਰਸ ਤੇ ਆਧਾਰ ਕਾਰਡ ਵੀ ਬਰਾਮਦ ਗੁਰਪ੍ਰੀਤ ਸਿੰਘ, ਪੰਜਾਬੀ ਜਾਗਰਣ, ਹੰਡਿਆਇਆ : ਕਸਬਾ ਹੰਡਿਆਇਆ ਨੇੜੇ ਪਿਛਲੇ ਦਿਨੀਂ ਹੋਈ ਕੁੱਟਮਾਰ ਸਬੰਧੀ ਕਾਰਵਾਈ ਕਰਦਿਆਂ ਪੁਲਿਸ ਚੌਕੀ ਹੰਡਿਆਇਆ ਵੱਲੋਂ 6 ਵਿਅਕਤੀਆਂ ਨੂੰ ਗ੍ਰਿਫ਼ਤਾਰ ਕਰ ਲਿਆ ਹੈ। ਤਰਸੇਮ ਸਿੰਘ ਚੌਕੀ ਇੰਚਾਰਜ ਹੰਡਿਆਇਆ ਨੇ ਦੱਸਿਆ ਕਿ ਗੁਰਚਰਨ ਸਿੰਘ ਪੁੱਤਰ ਮੇਹਰ ਸਿੰਘ ਵਾਸੀ ਕੋਠੇ ਸਰਾਂ ਹੰਡਿਆਇਆ ਨੇ ਬਿਆਨ ਦਰਜ ਕਰਵਾਇਆ ਕਿ 5 ਅਪ੍ਰੈਲ ਨੂੰ ਜਸ਼ਨਪ੍ਰੀਤ ਸਿੰਘ, ਸ਼ੰਭੂ, ਜਗਦੇਵ ਸਿੰਘ ਤੇ ਮਨਜਿੰਦਰ ਸਿੰਘ ਨੇ ਉਸ ਨੂੰ ਘੇਰ ਕੇ ਬੇਰਹਿਮੀ ਨਾਲ ਕੁੱਟਮਾਰ ਕੀਤੀ। ਕੁੱਟਮਾਰ ਕਰਨ ਤੋਂ ਬਾਅਦ ਦੋਸ਼ੀਆਂ ਨੇ ਉਸਦਾ ਪਰਸ ਵੀ ਖੋਹ ਲਿਆ। ਇਸ ’ਚ 3200 ਰੁਪਏ ਤੇ ਆਧਾਰ ਕਾਰਡ ਵੀ ਮੌਜੂਦ ਸੀ। ਪੀੜਤ ਨੇ ਬਿਆਨ ਦਰਜ ਕਰਵਾਇਆ ਕਿ ਉਹ ਡੇਰਾ ਜੱਗੇਆਣਾ ਹੰਡਿਆਇਆ ਦੀ ਕਮੇਟੀ ਦਾ ਮੈਂਬਰ ਹੈ ਤੇ ਉਸਨੇ ਡੇਰੇ ਦੇ ਮਹੰਤ ਭਜਨ ਦਾਸ ਕੋਲੋਂ ਡੇਰਾ ਦਾ ਹਿਸਾਬ-ਕਿਤਾਬ ਮੰਗਿਆ ਸੀ। ਇਸ ਕਾਰਨ ਡੇਰੇ ਦੇ ਮਹੰਤ ਭਜਨ ਦਾਸ ਤੇ ਜਸਵਿੰਦਰ ਸਿੰਘ ਉਰਫ ਗੋਲਡੀ ਨਾਲ ਉਸਦੀ ਰੰਜਿਸ਼ ਹੋ ਗਈ। ਇਸ ਕਰ ਕੇ ਡੇਰੇ ਦੇ ਮਹੰਤ ਭਜਨ ਦਾਸ ਤੇ ਜਸਵਿੰਦਰ ਸਿੰਘ ਉਰਫ ਗੋਲਡੀ ਨੇ ਸਾਜ਼ਿਸ਼ ਰਚ ਕੇ ਹੋਰਾਂ ਵਿਅਕਤੀਆਂ ਤੋਂ ਗੁਰਚਰਨ ਸਿੰਘ ਦੀ ਪਿੰਡ ਧਨੌਲਾ ਖੁਰਦ ਨੇੜੇ ਕੁੱਟਮਾਰ ਕਰਵਾ ਦਿੱਤੀ। ਇਸ ਮਾਮਲੇ ਸਬੰਧੀ ਪੁਲਿਸ ਚੌਕੀ ਹੰਡਿਆਇਆ ਵੱਲੋਂ ਹੌਲਦਾਰ ਗੁਰਮੀਤ ਸਿੰਘ ਦੀ ਅਗਵਾਈ ਹੇਠ ਕਾਰਵਾਈ ਕਰਦਿਆਂ ਦੋਸ਼ੀ ਜਸ਼ਨਪ੍ਰੀਤ ਸਿੰਘ, ਸ਼ੰਭੂ, ਜਗਦੇਵ ਸਿੰਘ, ਮਨਜਿੰਦਰ ਸਿੰਘ, ਜਸਵਿੰਦਰ ਸਿੰਘ ਉਰਫ ਗੋਲਡੀ ਅਤੇ ਸਵਾਮੀ ਭਜਨ ਦਾਸ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ। ਪੁਲਿਸ ਨੇ ਵਾਰਦਾਤ ’ਚ ਵਰਤਿਆ ਮੋਟਰਸਾਈਕਲ (ਪੀਬੀ31ਜੈਡ0195) ਐੱਚਐੱਫ ਡੀਲਕਸ, ਹਥਿਆਰ ਤੇ ਲੁੱਟਿਆ ਗਿਆ ਪਰਸ ਤੇ ਆਧਾਰ ਕਾਰਡ ਵੀ ਬਰਾਮਦ ਕਰ ਲਏ ਹਨ। ਦੋਸ਼ੀਆਂ ਨੂੰ ਅਦਾਲਤ ’ਚ ਪੇਸ਼ ਕਰ ਕੇ ਮਾਮਲੇ ਸਬੰਧੀ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ। ਗ੍ਰਿਫ਼ਤਾਰ ਕੀਤੇ ਦੋਸ਼ੀਆਂ ’ਚੋਂ ਜਸ਼ਨਦੀਪ ਸਿੰਘ ਤੇ ਸ਼ੰਭੂ ਖ਼ਿਲਾਫ਼ ਪਹਿਲਾਂ ਵੀ ਥਾਣਾ ਧਨੌਲਾ ਅਤੇ ਥਾਣਾ ਸ਼ੇਰਪੁਰ ਅਧੀਨ ਮਾਮਲੇ ਦਰਜ ਹਨ।