ਦਵਾਈਆਂ ਦੀ ਦੁਕਾਨ ਤੋਂ ਨਕਦੀ ਤੇ ਇਨਵਾਟਰ-ਬੈਟਰਾ ਚੋਰੀ
ਮਹਿਲ ਕਲਾਂ ’ਚ ਦਵਾਈਆਂ ਦੀ ਦੁਕਾਨ ਤੋਂ ਨਗਦੀ ਸਮੇਤ ਇਨਵਾਟਰ-ਬੈਟਰਾ ਚੋਰੀ
Publish Date: Thu, 08 Jan 2026 04:29 PM (IST)
Updated Date: Fri, 09 Jan 2026 04:03 AM (IST)

ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਮਹਿਲ ਕਲਾਂ : ਲੁਧਿਆਣਾ–ਬਰਨਾਲਾ ਮੁੱਖ ਮਾਰਗ ’ਤੇ ਸਥਿਤ ਮਹਿਲ ਕਲਾਂ ਦੀ ਅਨਾਜ ਮੰਡੀ ਦੇ ਸਾਹਮਣੇ ਦੁਰਗਾ ਟਰੇਡਿੰਗ ਕੰਪਨੀ (ਗਹਿਲਾਂ ਵਾਲਿਆਂ) ਦੀ ਦਵਾਈਆਂ ਦੀ ਦੁਕਾਨ ਵਿਚ ਚੋਰ ਗਿਰੋਹ ਵੱਲੋਂ ਸ਼ਟਰ ਤੋੜ ਕੇ ਚੋਰੀ ਕਰਨ ਦੀ ਘਟਨਾ ਸਾਹਮਣੇ ਆਈ ਹੈ। ਚੋਰ ਦੁਕਾਨ ’ਚੋਂ 20 ਹਜ਼ਾਰ ਰੁਪਏ ਨਕਦੀ, ਇਨਵਾਟਰ ਬੈਟਰਾ ਸਮੇਤ ਹੋਰ ਕੀਮਤੀ ਸਾਮਾਨ ਚੋਰੀ ਕਰਕੇ ਫ਼ਰਾਰ ਹੋ ਗਏ। ਇਸ ਸਬੰਧੀ ਪੀੜਤ ਦੁਕਾਨ ਮਾਲਕ ਵਰਿੰਦਰ ਕੁਮਾਰ ਪੁੱਤਰ ਕਸਤੂਰੀ ਲਾਲ ਨੇ ਦੱਸਿਆ ਕਿ ਉਹ ਰੋਜ਼ਾਨਾ ਦੀ ਤਰ੍ਹਾਂ ਸ਼ਾਮ ਨੂੰ ਦੁਕਾਨ ਬੰਦ ਕਰ ਕੇ ਘਰ ਚੱਲੇ ਗਏ ਸਨ। ਵੀਰਵਾਰ ਸਵੇਰੇ ਸਾਢੇ 7 ਵਜੇ ਦੇ ਕਰੀਬ ਮਹਿਲਕਲਾਂ ਦੇ ਇਕ ਵਿਅਕਤੀ ਨੇ ਫ਼ੋਨ ਕਰ ਕੇ ਦੁਕਾਨ ਦਾ ਸ਼ਟਰ ਟੁੱਟਿਆ ਹੋਣ ਦੀ ਸੂਚਨਾ ਦਿੱਤੀ। ਸਾਢੇ ਅੱਠ ਵਜੇ ਦੇ ਕਰੀਬ ਜਦੋਂ ਉਹ ਦੁਕਾਨ ’ਤੇ ਪਹੁੰਚੇ ਤਾਂ ਅੰਦਰ ਸਾਮਾਨ ਖਿਲਰਿਆ ਪਿਆ ਸੀ ਤੇ ਸ਼ਟਰ ਪੂਰੀ ਤਰ੍ਹਾਂ ਤੋੜਿਆ ਹੋਇਆ ਸੀ। ਦੁਕਾਨ ਮਾਲਕ ਅਨੁਸਾਰ ਚੋਰ ਗੱਲੇ ਵਿੱਚੋਂ 20-20 ਗ੍ਰਾਮ ਤੇ 10 ਗ੍ਰਾਮ ਦੇ ਚਾਂਦੀ ਦੇ ਸਿੱਕੇ, 20 ਰੁਪਏ ਦੇ ਨੋਟਾਂ ਵਾਲੀ ਕਾਪੀ, 50-50 ਰੁਪਏ ਦੇ ਕਰੀਬ 40 ਨੋਟ, ਦਾਨ ਖਾਤੇ ਵਿੱਚੋਂ ਲਗਭਗ 3200 ਰੁਪਏ ਸਮੇਤ ਕੁੱਲ ਮਿਲਾ ਕੇ ਲਗਭਗ 20 ਹਜ਼ਾਰ ਰੁਪਏ ਨਕਦੀ ਅਤੇ ਦੁਕਾਨ ’ਚ ਪਿਆ ਇਨਵਾਟਰ ਤੇ ਬੈਟਰਾ ਚੋਰੀ ਕੀਤਾ ਹੋਇਆ ਸੀ। ਉਨ੍ਹਾਂ ਕਿਹਾ ਕਿ ਚੋਰੀ ਦੀ ਘਟਨਾ ਸਬੰਧੀ ਥਾਣਾ ਮਹਿਲਕਲਾਂ ਨੂੰ ਤੁਰੰਤ ਜਾਣੂ ਕਰਵਾ ਦਿੱਤਾ ਗਿਆ ਹੈ। ਮੌਕੇ ’ਤੇ ਥਾਣਾ ਮੁਖੀ ਪੁਲਿਸ ਪਾਰਟੀ ਸਮੇਤ ਪਹੁੰਚੇ ਤੇ ਦੁਕਾਨ ਦੀ ਸਥਿਤੀ ਦਾ ਜਾਇਜ਼ਾ ਲਿਆ। ਪੁਲਿਸ ਵੱਲੋਂ ਭਰੋਸਾ ਦਿੱਤਾ ਗਿਆ ਹੈ ਕਿ ਮਾਮਲੇ ਦੀ ਡੂੰਘਾਈ ਨਾਲ ਜਾਂਚ ਕਰਕੇ ਦੋਸ਼ੀਆਂ ਨੂੰ ਜਲਦ ਗ੍ਰਿਫ਼ਤਾਰ ਕੀਤਾ ਜਾਵੇਗਾ। ਕਸਬਾ ਮਹਿਲਕਲਾਂ ’ਚ ਲਗਾਤਾਰ ਵਾਪਰ ਰਹੀਆਂ ਚੋਰੀ ਦੀਆਂ ਘਟਨਾਵਾਂ ਕਾਰਨ ਦੁਕਾਨਦਾਰਾਂ ਤੇ ਆਮ ਲੋਕਾਂ ’ਚ ਡਰ ਤੇ ਅਸੁਰੱਖਿਆ ਦਾ ਮਾਹੌਲ ਬਣਿਆ ਹੋਇਆ ਹੈ। ਵਪਾਰੀਆਂ ਵੱਲੋਂ ਰਾਤਰੀ ਗਸ਼ਤ ਵਧਾਉਣ ਤੇ ਸੁਰੱਖਿਆ ਪ੍ਰਬੰਧ ਮਜ਼ਬੂਤ ਕਰਨ ਦੀ ਮੰਗ ਕੀਤੀ ਜਾ ਰਹੀ ਹੈ।