ਪੀੜ੍ਹਤ ਪਰਿਵਾਰ ਤੇ ਪੰਚਾਇਤ ਪੁਲਿਸ ਕਾਰਵਾਈ ਤੋਂ ਨਹੀਂ ਸਤੁੰਸ਼ਟੀ
ਮਾਮਲਾ ਪਿੰਡ ਰਾਜਗੜ੍ਹ ਦੇ ਨੌਜਵਾਨ ਵਲੋਂ ਸਪਰੇਅ ਪੀਣ ਦਾ
Publish Date: Tue, 24 Mar 2026 06:22 PM (IST)
Updated Date: Wed, 25 Mar 2026 04:05 AM (IST)

ਮਾਮਲਾ ਪਿੰਡ ਰਾਜਗੜ੍ਹ ਦੇ ਨੌਜਵਾਨ ਵੱਲੋਂ ਸਪਰੇਅ ਪੀਣ ਦਾ ਯਾਦਵਿੰਦਰ ਸਿੰਘ ਭੁੱਲਰ, ਪੰਜਾਬੀ ਜਾਗਰਣ, ਬਰਨਾਲਾ ਜ਼ਿਲ੍ਹਾ ਬਰਨਾਲਾ ਦੇ ਪਿੰਡ ਰਾਜਗੜ੍ਹ ਵਿਖੇ ਐਤਵਾਰ ਨੂੰ ਵਾਪਰੀ ਘਟਨਾ ਦਾ ਵਿਵਾਦ ਠੱਲ੍ਹਣ ਦਾ ਨਾਮ ਨਹੀਂ ਲੈ ਰਿਹਾ। ਮੰਗਲਵਾਰ ਬਾਅਦ ਦੁਪਹਿਰ ਇਸ ਮਾਮਲੇ ’ਚ ਜਿੱਥੇ ਕਾਂਗਰਸ ਦੇ ਜ਼ਿਲ੍ਹਾ ਪ੍ਰਧਾਨ ਤੇ ਹਲਕਾ ਬਰਨਾਲਾ ਦੇ ਵਿਧਾਇਕ ਕੁਲਦੀਪ ਸਿੰਘ ਕਾਲਾ ਢਿੱਲੋਂ ਨੇ ਪਰਿਵਾਰ ਦੇ ਹੱਕ ’ਚ ਕਾਨਫਰੰਸ ਕਰਕੇ ਨਾਲ ਖੜ੍ਹਨ ਦਾ ਭਰੋਸਾ ਦਿੱਤਾ, ਉੱਥੇ ਹੀ ਪੀੜ੍ਹਤ ਪਰਿਵਾਰ ਤੇ ਪੰਚਾਇਤ ਵੱਲੋਂ ਪੁਲਿਸ ਕਾਰਵਾਈ ਤੋਂ ਸਤੁੰਸ਼ਟੀ ਨਹੀਂ ਪਾਈ ਜਾ ਰਹੀ ਹੈ। ਭਾਵੇਂ ਬਰਨਾਲਾ ਦੇ ਇੱਕ ਨਿੱਜੀ ਹਸਪਤਾਲ ’ਚ ਸਪਰੇਅ ਪੀਣ ਵਾਲਾ ਮਨਜਿੰਦਰ ਸਿੰਘ ਜਿੰਦਗੀ ਤੇ ਮੌਤ ਦੀ ਲੜਾਈ ਲੜ ਰਿਹਾ ਹੈ, ਉੱਥੇ ਹੀ ਉਸ ਦਾ ਭਰਾ ਬੇਅੰਤ ਸਿੰਘ ਆਪਣੇ ਪਰਿਵਾਰ ਤੇ ਪਿੰਡ ਦੀ ਪੰਚਾਇਤ ਸਣੇ ਪਿੰਡ ਵਾਸੀਆਂ ਦੀ ਹਾਜ਼ਰੀ ’ਚ ਇਨਸਾਫ਼ ਲੈਣ ਲਈ ਦਰ ਦਰ ਭੜਕ ਰਿਹਾ ਹੈ। ਰੈਸਟ ਹਾਊਸ ਬਰਨਾਲਾ ਵਿਖੇ ਮੀਡੀਆ ਦੇ ਰੂਬਰੂ ਹੁੰਦਿਆਂ ਬੇਅੰਤ ਸਿੰਘ ਨੇ ਦੱਸਿਆ ਕਿ ਪੁਲਿਸ ਨੇ ਉਸ ਦੇ ਪਰਿਵਾਰ ਤੇ ਪੰਚਾਇਤ ਮੈਂਬਰਾਂ ਨੂੰ ਅਗਾਊ ਦਰਜ ਹੋਏ ਪਰਚੇ ’ਚ ਹੋਰ ਨਾਮ ਸ਼ਾਮਲ ਕਰਨ ਤੇ ਧਾਰਾ ’ਚ ਵਾਧਾ ਕਰਨ ਦਾ ਵੀ ਭਰੋਸਾ ਦਿੱਤਾ ਗਿਆ ਹੈ, ਜਿਸ ਤੋਂ ਉਹ ਸੰਤੁਸਟ ਨਹੀਂ ਹਨ। ਉਨ੍ਹਾਂ ਦੱਸਿਆ ਕਿ ਉਨ੍ਹਾਂ ਬਰਨਾਲਾ ਪੁਲਿਸ ਨੂੰ ਪੂਰੀ ਘਟਨਾਕ੍ਰਮ ਦੀ ਸੀਸੀਟੀਵੀ ਫੁੱਟੇਜ ਤੇ ਪੰਚਾਇਤ ’ਚੋਂ ਸਰਪੰਚ ਬਲਜੀਤ ਕੌਰ ਦੇ ਪਤੀ ਸਰਬਜੀਤ ਸਿੰਘ, ਪੰਚ ਸੁਖਚੈਨ ਸਿੰਘ, ਪੰਚ ਪ੍ਰਗਟ ਸਿੰਘ ਮਾਨ, ਪੰਚ ਗੁਰਜੰਟ ਸਿੰਘ, ਪੰਚ ਸਤਨਾਮ ਸਿੰਘ, ਭਾਰਤੀ ਕਿਸਾਨ ਯੂਨੀਅਨ ਕਾਦੀਆ ਦੇ ਇਕਾਈ ਪ੍ਰਧਾਨ ਅਜੈਬ ਸਿੰਘ, ਜਸਪਾਲ ਸਿੰਘ, ਬਿੰਦਰ ਸਿੰਘ, ਸੁਸਾਇਟੀ ਪ੍ਰਧਾਨ ਮਨਜਿੰਦਰ ਸਿੰਘ ਤੇ ਨੰਬਰਦਾਰ ਮੰਗਲ ਸਿੰਘ ਆਦਿ ਨੇ ਪੁਲਿਸ ਦੀ ਕਾਰਗੁਜਾਰੀ ’ਤੇ ਸਵਾਲੀਆ ਚਿੰਨ੍ਹ ਲਗਾਉਂਦਿਆਂ ਕਿਹਾ ਕਿ ਪੁਲਿਸ ਸੱਤਾਧਿਰ ਆਗੂਆਂ ਦੇ ਕਹਿਣ ’ਤੇ ਕਾਰਵਾਈ ਕਰ ਰਹੀ ਹੈ। ਪੀੜ੍ਹਤ ਪਰਿਵਾਰ ਨੂੰ ਇਨਸਾਫ਼ ਦੇਣ ਲਈ ਆਨਾਕਾਨੀ ਕਰ ਰਹੀ ਹੈ। ਉਨ੍ਹਾਂ ਦੱਸਿਆ ਕਿ ਪੰਚਾਇਤ ਮੈਂਬਰ ਗੁਰਸੇਵਕ ਸਿੰਘ ਦੇ ਖ਼ਿਲਾਫ਼ ਭਾਵੇਂ ਉਨ੍ਹਾਂ ਨੇ ਹੋਰ ਵਿਰੋਧੀ ਸਿਆਸੀ ਪਾਰਟੀਆਂ ਦੀ ਮਦਦ ਤੇ ਪੰਚਾਇਤ ਸਣੇ ਪਿੰਡ ਵਾਸੀਆਂ ਦਾ ਪ੍ਰਭਾਵ ਮੰਨਦਿਆਂ ਮਾਮਲਾ ਦਰਜ ਕੀਤਾ ਹੈ, ਪਰ ਉਸ ਦੀ ਗ੍ਰਿਫ਼ਤਾਰੀ ਲਈ ਪੁਲਿਸ ਕੋਈ ਵੀ ਚਾਰਾਜੋਈ ਨਹੀਂ ਕਰ ਰਹੀ। ਉਨ੍ਹਾਂ ਦੱਸਿਆ ਕਿ ਉਨ੍ਹਾਂ ਨਾਲ ਐਤਵਾਰ ਤੋਂ ਕਾਂਗਰਸ ਦੇ ਜ਼ਿਲ੍ਹਾ ਪ੍ਰਧਾਨ ਤੇ ਵਿਧਾਇਕ ਕੁਲਦੀਪ ਸਿੰਘ ਕਾਲਾ ਢਿੱਲੋਂ ਦੀ ਸਮੁੱਚੀ ਟੀਮ, ਸ਼੍ਰੋਮਣੀ ਅਕਾਲੀ ਦਲ ਦੇ ਜ਼ਿਲ੍ਹਾ ਪ੍ਰਧਾਨ ਐਡਵੋਕੇਟ ਸਤਨਾਮ ਸਿੰਘ ਰਾਹੀ, ਯਾਦਵਿੰਦਰ ਸਿੰਘ ਬਿੱਟੂ ਦੀਵਾਨਾ ਸਣੇ ਤਿੰਨੇ ਵਿਧਾਨ ਸਭਾ ਹਲਕਿਆਂ ਦੇ ਇੰਚਾਰਜ਼ ਨਾਥ ਸਿੰਘ ਹਮੀਦੀ, ਕੁਲਵੰਤ ਸਿੰਘ ਦੀ ਟੀਮ ਤੋਂ ਇਲਾਵਾ ਗੁਰਦੀਪ ਸਿੰਘ ਬਾਠ ਵੀ ਸੰਘਰਸ਼ ’ਚ ਸ਼ਾਮਲ ਹੋ ਪੀੜ੍ਹਤ ਪਰਿਵਾਰ ਦੀ ਮਦਦ ਕਰ ਰਹੇ ਹਨ। ਸਪਰੇਅ ਪੀਣ ਵਾਲੇ ਨੌਜਵਾਨ ਮਨਜਿੰਦਰ ਸਿੰਘ ਦੇ ਭਰਾ ਬੇਅੰਤ ਸਿੰਘ ਨੇ ਦੱਸਿਆ ਕਿ ਉਹ ਖੁਦ ਵੀ ਆਮ ਆਦਮੀ ਪਾਰਟੀ ਦਾ ਕੱਟੜ ਵਰਕਰ ਸੀ, ਤੇ ਉਹ ਹਰ ਚੋਣ ’ਚ ਆਮ ਆਦਮੀ ਪਾਰਟੀ ਪੋਲਿੰਗ ਬੂਥ ਲਗਾਉਂਦਾ ਰਿਹਾ ਹੈ। ਪਰ ਤਿੰਨ ਦਿਨਾਂ ਤੋਂ ਆਮ ਆਦਮੀ ਪਾਰਟੀ ਦੇ ਕਿਸੇ ਵੀ ਆਗੂ ਜਾਂ ਵਰਕਰ ਨੇ ਉਸ ਨੇ ਪਰਿਵਾਰ ਦਾ ਦੁੱਖ ਨਹੀਂ ਪੁੱਛਿਆ। ਉਨ੍ਹਾਂ ਮੁੜ੍ਹ ਜਿਲ੍ਹਾ ਪੁਲਿਸ ਮੁਖੀ ਮੁਹੰਮਦ ਸਰਫ਼ਰਾਜ ਆਲਮ ਤੋਂ ਮੰਗ ਕੀਤੀ ਹੈ ਕਿ ਉਹ ਇਸ ਮਾਮਲੇ ਦੀ ਡੂੰਘਾਈਂ ਨਾਲ ਜਾਂਚ ਕਰਨ। : ਮਨਜਿੰਦਰ ਸਿੰਘ ਦੇ ਹੋਸ ਆਉਣ ’ਤੇ ਹੋਣਗੇ ਬਿਆਨ: ਐੱਸਐੱਸਪੀ ਜਦ ਇਸ ਘਟਨਾ ਸਬੰਧੀ ਜਿਲ੍ਹਾ ਪੁਲਿਸ ਮੁਖੀ ਮੁਹੰਮਦ ਸਰਫ਼ਰਾਜ ਆਲਮ ਨਾਲ ਗੱਲਬਾਤ ਕੀਤੀ ਤਾਂ ਉਨ੍ਹਾਂ ਕਿਹਾ ਕਿ ਮੁੱਢਲੀ ਕਾਰਵਾਈ ’ਚ ਮਾਮਲਾ ਦਰਜ ਕਰਕੇ ਪੰਚਾਇਤ ਮੈਂਬਰ ਖਿਲਾਫ਼ ਕਾਰਵਾਈ ਕੀਤੀ ਜਾ ਚੁੱਕੀ ਹੈ, ਸਪਰੇਅ ਪੀਣ ਵਾਲੇ ਨੌਜਵਾਨ ਦੀ ਹਾਲਤ ਸਥਿਰ ਹੈ। ਜਲਦੀ ਹੀ ਉਸ ਦੇ ਬਿਆਨ ਕਲਮਬੰਦ ਕੀਤੇ ਜਾਣਗੇ। ਉਸ ਪੀੜ੍ਹਤ ਦੇ ਬਿਆਨਾਂ ’ਤੇ ਪੂਰੀ ਜਾਂਚ ਡੂੰਘਾਈਂ ਨਾਲ ਮੁਕੰਮਲ ਹੋਵੇਗੀ। ਇਸ ’ਚ ਪਾਏ ਗਏ ਕਿਸੇ ਵੀ ਦੋਸੀ ਨੂੰ ਬਖਸਿਆ ਨਹੀਂ ਜਾਵੇਗਾ। ਐਸਐਸਪੀ ਨੇ ਇਹ ਵੀ ਕਿਹਾ ਕਿ ਜਿਲ੍ਹਾ ਬਰਨਾਲਾ ’ਚ ਕਿਸੇ ਵਲੋਂ ਵੀ ਕੀਤੀ ਗਈ ਗੁੰਡਾਗਰਦੀ ਬਰਦਾਸਤ ਨਹੀਂ ਕੀਤੀ ਜਾਵੇਗੀ।