ਐੱਸਐੱਚਓ ਨੇ ਸਾਡੀਆਂ ਮਾਂਵਾਂ-ਭੈਣਾਂ ਨੂੰ ਗਾਲਾਂ ਕੱਢੀਆਂ, ਬੇਇੱਜ਼ਤੀ ਨਾ ਸਹਾਰਦੇ ਹੋਏ ਭਰਾ ਨੇ ਪੀਤੀ ਸਪਰੇਅ : ਬੇਅੰਤ ਸਿੰਘ
ਮਾਮਲਾ ਪੁਲਿਸ ਵਲੋਂ ਪਰਿਵਾਰ ਨੂੰ ਜਲੀਲ ਕਰਨ ਤੇ ਪਰਿਵਾਰਕ ਮੈਂਬਰ ਵਲੋਂ ਸਪਰੇਅ ਪੀਣ ਦਾ
Publish Date: Sun, 22 Mar 2026 06:57 PM (IST)
Updated Date: Mon, 23 Mar 2026 04:11 AM (IST)

ਪਿੰਡ ਰਾਜਗੜ੍ਹ ਵਾਸੀਆਂ ਨੇ ਡੀਸੀ ਦਫਤਰ ਅੱਗੇ ਧਰਨਾ ਲਗਾ ਕੀਤਾ ਰੋਸ ਪ੍ਰਦਰਸ਼ਨ ਮਾਮਲਾ ਪਿੰਡ ’ਚ ਪੰਚਾਇਤ ਵੱਲੋਂ ਗਲੀ ਬਣਾਈ ਜਾਣ ’ਤੇ ਉਠੇ ਇਤਰਾਜ ਦਾ ਪਰਿਵਾਰ, ਪਿੰਡ ਤੇ ਸਿਆਸੀ ਪਾਰਟੀਆਂ ਦੇ ਆਗੂਆਂ ਨੇ ਕਾਰਵਾਈ ਦੀ ਕੀਤੀ ਮੰਗ : ਡੀਐਸਪੀ ਨੂੰ ਕਾਰਵਾਈ ਲਈ ਦਰਖਾਸਤ ਦਿੰਦੇ ਹੋਏ ਪਰਿਵਾਰਕ ਮੈਂਬਰ ਤੇ ਆਗੂ। : ਧਰਨਾ ਦੇ ਕੇ ਨਾਅਰੇਬਾਜ਼ੀ ਕਰਦੇ ਹੋਏ ਪਰਿਵਾਰਕ ਮੈਂਬਰ ਤੇ ਸਮਰਥਕ ਯਾਦਵਿੰਦਰ ਸਿੰਘ ਭੁੱਲਰ, ਪੰਜਾਬੀ ਜਾਗਰਣ, ਬਰਨਾਲਾ ਅੰਮ੍ਰਿਤਸਰ ਵਿਖੇ ਵੇਅਰ ਹਾਊਸ ਦੇ ਡੀਐੱਮ ਵੱਲੋਂ ਸੱਤਾਧਾਰੀ ਪਾਰਟੀ ਦੇ ਮੰਤਰੀ ਵੱਲੋਂ ਤੰਗ ਪਰੇਸ਼ਾਨ ਕੀਤੇ ਜਾਣ ਤੋਂ ਬਾਅਦ ਆਤਮਹੱਤਿਆ ਕੀਤੇ ਜਾਣ ਦੀ ਘਟਨਾ ਵਾਂਗ ਹੀ ਬਰਨਾਲਾ ਜ਼ਿਲ੍ਹੇ ਦੇ ਪਿੰਡ ਰਾਜਗੜ੍ਹ ’ਚ ਵੀ ਅਜਿਹੀ ਹੀ ਇੱਕ ਘਟਨਾ ਵਾਪਰੀ ਹੈ। ਐਤਵਾਰ ਸਵੇਰੇ ਹੀ ਬਰਨਾਲਾ ਦੇ ਪਿੰਡ ਰਾਜਗੜ੍ਹ ਦੇ ਇਕ ਨੌਜਵਾਨ ਮਨਜਿੰਦਰ ਸਿੰਘ ਨੇ ਸਪਰੇਅ ਪੀ ਲਈ ਜਿਸ ਨੂੰ ਪੰਚਾਇਤ ਤੇ ਪਰਿਵਾਰਕ ਮੈਂਬਰਾਂ ਵਲੋਂ ਬਰਨਾਲਾ ਦੇ ਇੱਕ ਨਿੱਜੀ ਹਸਪਤਾਲ ’ਚ ਦਾਖ਼ਲ ਕਰਵਾਇਆ ਗਿਆ, ਜਿੱਥੇ ਉਸ ਦੀ ਹਾਲਤ ਨਾਜੁਕ ਬਣੀ ਹੋਈ ਹੈ। ਪੀੜ੍ਹਤ ਪਰਿਵਾਰ ਤੇ ਪਿੰਡ ਵਾਸੀਆਂ ਨੇ ਕਾਰਵਾਈ ਦੀ ਮੰਗ ਨੂੰ ਲੈ ਕੇ ਡੀਸੀ ਦਫ਼ਤਰ ਅੱਗੇ ਧਰਨਾ ਦਿੱਤਾ। ਇਸ ਘਟਨਾ ਸਬੰਧੀ ਸਪਰੇਅ ਪੀ ਕੇ ਜ਼ਿੰਦਗੀ ਦੀ ਲੜਾਈ ਲੜ ਰਹੇ ਮਨਜਿੰਦਰ ਸਿੰਘ ਦੇ ਭਰਾ ਬੇਅੰਤ ਸਿੰਘ ਨੇ ਦੱਸਿਆ ਕਿ ਉਨ੍ਹਾਂ ਦੇ ਪਿੰਡ ’ਚ ਪੰਚਾਇਤ ਵੱਲੋਂ ਇੱਕ ਗਲੀ ਬਣਾਈ ਜਾ ਰਹੀ ਹੈ, ਜਿਸ ਸਬੰਧੀ ਇਤਰਾਜ਼ ਉੱਠਣ ਤੇ ਇੱਕ ਪੰਚਾਇਤ ਮੈਂਬਰ ਨੇ ਪੁਲਿਸ ਬੁਲਾ ਲਈ। ਉਨ੍ਹਾਂ ਕਿਹਾ ਕਿ ਮੌਕੇ ’ਤੇ ਥਾਣਾ ਧਨੌਲਾ ਦਾ ਐੱਸਐੱਚਓ ਪੁੱਜਿਆ ਤੇ ਉਨ੍ਹਾਂ ਦੇ ਪਰਿਵਾਰ ਦੀਆਂ ਔਰਤਾਂ ਨੂੰ ਕਥਿੱਤ ਤੌਰ ’ਤੇ ਬਹੁਤ ਹੀ ਅਸ਼ਲੀਲ ਸ਼ਬਦ ਵਰਤਦੇ ਹੋਏ ਗਾਲਾਂ ਕੱਢੀਆਂ ਤੇ ਬੇਇੱਜ਼ਤੀ ਕੀਤੀ। ਉਨ੍ਹਾਂ ਦੱਸਿਆ ਕਿ ਇਸ ਮੌਕੇ ਪਿੰਡ ਦੀ ਪੰਚਾਇਤ ਸਮੇਤ ਗਲੀ ’ਚ ਪਿੰਡ ਦੇ ਹੋਰ ਕਾਫੀ ਵਿਅਕਤੀ ਵੀ ਇਕੱਠੇ ਸਨ ਜਿਨ੍ਹਾਂ ਦੇ ਸਾਹਮਣੇ ਉਨ੍ਹਾਂ ਦੀਆਂ ਪਰਿਵਾਰਿਕ ਔਰਤਾਂ ਦੀ ਐੱਸਐੱਚਓ ਨੇ ਅਸ਼ਲੀਲ ਭਾਸ਼ਾ ਵਰਤਦੇ ਹੋਏ ਸ਼ਰੇਆਮ ਬੇਇੱਜ਼ਤੀ ਕੀਤੀ ਤੇ ਇਹ ਬੇਇੱਜ਼ਤੀ ਨਾ ਸਹਾਰਦੇ ਹੋਏ ਉਸ ਦਾ ਭਰਾ ਮਨਜਿੰਦਰ ਸਿੰਘ ਸਪਰੇਅ ਪੀ ਗਿਆ। ਬੇਅੰਤ ਸਿੰਘ ਵੱਲੋਂ ਦੱਸੀਆਂ ਇਨ੍ਹਾਂ ਗੱਲਾਂ ਦੀ ਤਸਦੀਕ ਮੌਕੇ ਤੇ ਪਿੰਡ ਦੇ ਸਰਪੰਚ ਤੇ ਹੋਰ ਵਿਅਕਤੀਆਂ ਨੇ ਵੀ ਕੀਤੀ ਕਿ ਐਸਐਚਓ ਧਨੌਲਾ ਨੇ ਸ਼ਰੇਆਮ ਪਰਿਵਾਰ ਦੀਆਂ ਔਰਤਾਂ ਨਾਲ ਅਸ਼ਲੀਲ ਭਾਸ਼ਾ ਚ ਗੱਲ ਕੀਤੀ ਤੇ ਬਦਸਲੂਕੀ ਕੀਤੀ। ਪੀੜ੍ਹਤ ਪਰਿਵਾਰ ਨੇ ਇਸ ਮਾਮਲੇ ’ਚ ਆਮ ਆਦਮੀ ਪਾਰਟੀ ਦੇ ਹਲਕਾ ਇੰਚਾਰਜ ਤੇ ਵੀ ਦਖਲ ਅੰਦਾਜ਼ੀ ਦੇ ਦੋਸ਼ ਲਗਾਏ ਹਨ। ਬਰਨਾਲਾ ਦੇ ਜਿਹੜੇ ਹਸਪਤਾਲ ’ਚ ਮਨਜਿੰਦਰ ਸਿੰਘ ਜ਼ੇਰੇ ਇਲਾਜ ਹੈ ਉਥੇ ਮਨਜਿੰਦਰ ਸਿੰਘ ਦੇ ਭਰਾ ਬੇਅੰਤ ਸਿੰਘ ਨੇ ਕਿਹਾ ਕਿ ਜੇਕਰ ਉਸਦੇ ਭਰਾ ਮਨਜਿੰਦਰ ਸਿੰਘ ਨੂੰ ਕੁਝ ਹੋ ਜਾਂਦਾ ਹੈ ਤਾਂ ਸੱਤਾਧਾਰੀ ਪਾਰਟੀ ਦਾ ਹਲਕਾ ਇੰਚਾਰਜ, ਥਾਣਾ ਧਨੌਲਾ ਦਾ ਐਸਐਚਓ ਤੇ ਪਿੰਡ ਦਾ ਪੰਚਾਇਤ ਮੈਂਬਰ ਸੇਵਕ ਸਿੰਘ ਜ਼ਿੰਮੇਵਾਰ ਹੋਵੇਗਾ। ਪੀੜ੍ਹਤ ਪਰਿਵਾਰ ਤੇ ਪਿੰਡ ਦੀ ਪੰਚਾਇਤ ਸਮੇਤ ਪਿੰਡ ਦੇ ਲੋਕਾਂ ਨੇ ਉਕਤ ਜ਼ਿੰਮੇਵਾਰ ਵਿਅਕਤੀਆਂ ਦੇ ਖ਼ਿਲਾਫ਼ ਸਖ਼ਤ ਕਾਰਵਾਈ ਦੀ ਮੰਗ ਕੀਤੀ ਹੈ। ਇਸ ਮੌਕੇ ਸਰਪੰਚ ਬਲਜੀਤ ਕੌਰ ਦੇ ਪਤੀ ਸਰਬਜੀਤ ਸਿੰਘ, ਪੰਚਾਇਤ ਮੈਂਬਰ ਸੁਖਚੈਨ ਸਿੰਘ, ਮੈਂਬਰ ਗੁਰਜੰਟ ਸਿੰਘ, ਪੰਚਾਇਤ ਮੈਂਬਰ ਪ੍ਰਗਟ ਸਿੰਘ, ਪੰਚਾਇਤ ਮੈਂਬਰ ਹਰਬੰਸ ਕੌਰ ਦਾ ਪੁੱਤਰ ਜਸਪਾਲ ਸਿੰਘ ਤੇ ਪੰਚਾਇਤ ਮੈਂਬਰ ਮਲਕੀਤ ਕੌਰ ਦੇ ਪਰਿਵਾਰਕ ਮੈਂਬਰਾਂ ਸਣੇ ਵੱਡੀ ਗਿਣਤੀ ’ਚ ਪਿੰਡ ਵਾਸੀ ਇਸ ਪੀੜ੍ਹਤ ਧਿਰ ਲਈ ਇਨਸਾਫ਼ ਲਈ ਮੰਗ ਕਰ ਰਹੇ ਸਨ। : ਬਰਨਾਲਾ ਤੋਂ ਸਿਆਸੀ ਆਗੂ ਗੁਰਦੀਪ ਸਿੰਘ ਬਾਠ ਨੇ ਮੌਕੇ ’ਤੇ ਨਿੱਜੀ ਹਸਪਤਾਲ ਪੁੱਜ ਜਿੱਥੇ ਜ਼ੇਰੇ ਇਲਾਜ ਮਨਜਿੰਦਰ ਸਿੰਘ ਦੇ ਪਰਿਵਾਰ ਨਾਲ ਰਾਬਤਾ ਕੀਤਾ, ਉੱਥੇ ਹੀ ਉਨ੍ਹਾਂ ਦੀ ਮੱਦਦ ਲਈ ਪੂਰਨ ਭਰੋਸਾ ਦਿੰਦਿਆਂ ਸਰਕਾਰ ਖਿਲਾਫ਼ ਸੰਘਰਸ਼ ਦਾ ਵਿਗੁਲ ਵਜਾ ਦਿੱਤਾ। ਬਾਠ ਨੇ ਆੜੇ ਹੱਥੀਂ ਲੈਂਦਿਆਂ ਆਮ ਆਦਮੀ ਪਾਰਟੀ ਦੇ ਮੈਂਬਰ ਪਾਰਲੀਮੈਂਟ ਤੇ ਹਲਕਾ ਇੰਚਾਰਜ਼ ਦੇ ਖਿਲਾਫ਼ ਰੱਜ ਕੇ ਭੜਾਸ ਕੱਢੀ। ਉਨ੍ਹਾਂ ਕਿਹਾ ਕਿ ਪੰਜਾਬ ’ਚ ਇਸ ਪਾਰਟੀ ਨੇ ਵੋਟਾਂ ਲੈ ਕੇ ਸਰਕਾਰ ਬਣਨਦਿਆਂ ਹੀ ਲੋਕਾਂ ਨੂੰ ਲੁੱਟਣਾਂ ਤੇ ਕੁੱਟਣਾ ਸ਼ੁਰੂ ਕਰ ਦਿੱਤਾ ਹੈ। ਜਿਸ ਨੂੰ ਉਹ ਕਦੇ ਵੀ ਬਰਦਾਸਤ ਨਹੀਂ ਕਰਨਗੇ। ਇਸ ਮਾਮਲੇ ’ਚ ਮਨਜਿੰਦਰ ਸਿੰਘ ਨੂੰ ਜਹਿਰੀਲਾ ਪਦਾਰਥ ਨਿਗਲਣ ਲਈ ਮਜਬੂਰ ਕਰਨ ਵਾਲਿਆਂ ਦੇ ਖਿਲਾਫ਼ ਬਣਦੀ ਕਾਰਵਾਈ ਲਈ ਸੰਘਰਸ਼ ’ਚ ਡਟੇ ਰਹਿਣਗੇ। ਰੋਸ ਧਰਨਾ ਦੇ ਰਹੇ ਪੀੜ੍ਹਤ ਪਰਿਵਾਰ ਦੇ ਹੱਕ ’ਚ ਆਏ ਕਾਲਾ ਢਿੱਲੋ ਬਰਨਾਲਾ ਤੋਂ ਕਾਂਗਰਸ ਪਾਰਟੀ ਦੇ ਵਿਧਾਇਕ ਕੁਲਦੀਪ ਸਿੰਘ ਕਾਲਾ ਢਿੱਲੋਂ ਦੇ ਫਰਜੰਦ ਏਪੀ ਢਿੱਲੋਂ ਨੇ ਡੀਸੀ ਦਫ਼ਤਰ ਦੇ ਬਾਹਰ ਰੋਸ ਧਰਨਾ ਦੇ ਰਹੇ ਪੀੜ੍ਹਤ ਪਰਿਵਾਰ ਦੇ ਹੱਕ ’ਚ ਆਉਂਦਿਆਂ ਐੱਸਐੱਚਓ ਧਨੌਲਾ ਦੇ ਖਿਲਾਫ਼ ਬੋਲਦਿਆਂ ਕਿਹਾ ਕਿ ਉਸ ਨੇ ਆਪਣੀ ਕੁਰਸੀ ਦਾ ਨਜਾਇਜ ਲਾਹਾ ਲੈਂਦਿਆਂ ਪੀੜ੍ਹਤ ਪਰਿਵਾਰ ਦੀਆਂ ਮਹਿਲਾਵਾਂ ਨਾਲ ਜੋ ਬਦਸਲੂਕੀ ਕੀਤੀ ਹੈ, ਉਸ ਦੇ ਖਿਲਾਫ਼ ਪੁਲਿਸ ਦੇ ਆਲ੍ਹਾ ਅਧਿਕਾਰੀ ਤੇ ਸਰਕਾਰ ਬਣਦੀ ਕਾਰਵਾਈ ਕੀਤੀ ਜਾਵੇ। ਏਪੀ ਢਿੱਲੋਂ ਨੇ ਕਿਹਾ ਕਿ ਉਹ ਪੀੜ੍ਹਤ ਪਰਿਵਾਰ ਨੂੰ ਇਨਸਾਫ਼ ਦਿਵਾਉਣ ਲਈ ਹਰ ਸੰਘਰਸ਼ ਦੇ ਰਾਹ ’ਤੇ ਤੁਰਨਗੇ। ਇਸ ਮੌਕੇ ਉਨ੍ਹਾਂ ਨਾਲ ਕਾਂਗਰਸੀ ਆਗੂ ਮੱਖਣ ਸ਼ਰਮਾ, ਨਰਿੰਦਰ ਸ਼ਰਮਾ, ਧੰਨਾ ਗਰੇਵਾਲ, ਬਲਦੇਵ ਭੁੱਚਰ, ਗੁਰਮੇਲ ਮੌੜ, ਸੂਰਤ ਸਿੰਘ ਬਾਜਵਾ, ਬਿੱਟੂ ਢਿੱਲੋਂ, ਕਾਕੂ, ਮਹੇਸ਼ ਕੁਮਾਰ ਲੋਟਾ, ਜਸਵੀਰ ਖੇੜੀ ਆਦਿ ਕਾਂਗਰਸੀ ਆਗੂ ਤੇ ਵਰਕਰ ਹਾਜ਼ਰ ਸਨ। ਸ਼੍ਰੋਮਣੀ ਅਕਾਲੀ ਦਲ ਦੇ ਜ਼ਿਲ੍ਹਾ ਪ੍ਰਧਾਨ ਪੁੱਜੇ ਧਰਨੇ ’ਚ ਪੀੜ੍ਹਤ ਪਰਿਵਾਰ ਵਲੋਂ ਡੀਸੀ ਦਫ਼ਤਰ ਵਿਖੇ ਦਿੱਤੇ ਜਾ ਰਹੇ ਰੋਸ ਧਰਨੇ ’ਚ ਸ਼ਾਮ ਨੂੰ ਸ਼੍ਰੋਮਣੀ ਅਕਾਲੀ ਦਲ ਦੇ ਜ਼ਿਲ੍ਹਾ ਪ੍ਰਧਾਨ ਤੇ ਹਲਕਾ ਭਦੌੜ ਦੇ ਇੰਚਾਰਜ਼ ਸੀਨੀਅਰ ਐਡਵੋਕੇਟ ਸਤਨਾਮ ਸਿੰਘ ਰਾਹੀ, ਹਲਕਾ ਮਹਿਲ ਕਲਾਂ ਤੋਂ ਇੰਚਾਰਜ਼ ਤੇ ਪ੍ਰਸਿੱਧ ਢਾਡੀ ਨਾਥ ਸਿੰਘ ਹਮੀਦੀ ਤੇ ਬਰਨਾਲਾ ਤੋਂ ਕੁਲਵੰਤ ਸਿੰਘ ਆਪਣੇ ਸਾਥੀਆਂ ਨਾਲ ਰੋਸ ਪ੍ਰਰਦਸ਼ਨ ’ਚ ਸ਼ਾਮਲ ਹੋ ਕੇ ਪੀੜ੍ਹਤ ਪਰਿਵਾਰ ਦੀ ਮੱਦਦ ’ਤੇ ਆਏ। ਰਾਹੀ ਨੇ ਪੁਲਿਸ ਦੇ ਅਧਿਕਾਰੀਆਂ ਨੂੰ ਕਿਹਾ ਕਿ ਪੁਲਿਸ ਇਸ ਮਾਮਲੇ ’ਚ ਕਾਨੂੰਨੀ ਚਾਰਾਜੋਈ ਕਰਦੇ ਹੋਏ ਪੁਲਿਸ ਪਹਿਲ ਦੇ ਅਧਾਰ ’ਤੇ ਮਾਮਲਾ ਦਰਜ ਕਰੇ, ਫਿਰ ਉਸ ’ਤੇ ਜਾਂਚ ਕਰੇ। ਹਮੀਦੀ ਨੇ ਮੌਜੂਦਾ ਸਰਕਾਰ ’ਤੇ ਵਰ੍ਹਦਿਆਂ ਕਿਹਾ ਕਿ ਸਰਕਾਰ ਦੀ ਸਹਿ ’ਤੇ ਪੁਲਿਸ ਗੁੰਡਾਗਰਦੀ ਕਰ ਰਹੀ ਹੈ। ਇਸ ਮੌਕੇ ਅਕਾਲੀ ਆਗੂ ਤੇ ਸਰਕਲ ਪ੍ਰਧਾਨ ਬੇਅੰਤ ਸਿੰਘ ਬਾਠ ਤੋਂ ਇਲਾਵਾ ਅਕਾਲੀ ਆਗੂ ਤੇ ਵਰਕਰ ਹਾਜ਼ਰ ਸਨ। ਦੋਸ਼ੀ ਨੂੰ ਬਖਸ਼ਿਆ ਨਹੀਂ ਜਾਵੇਗਾ : ਡੀਐੱਸਪੀ ਧਰਨੇ ’ਚ ਮੌਕੇ ’ਤੇ ਪੁੱਜੇ ਡੀਐੱਸਪੀ ਬਲਜੀਤ ਸਿੰਘ ਨੇ ਪੀੜ੍ਹਤ ਪਰਿਵਾਰ ਤੇ ਉਸ ਦੇ ਹਮਾਇਤੀ ਤੇ ਵੱਖ ਵੱਖ ਪਾਰਟੀਆਂ ਦੇ ਨੁਮਾਇੰਦਿਆਂ ਦੀ ਹਾਜ਼ਰੀ ’ਚ ਲਿਖਤੀ ਸ਼ਿਕਾਇਤ ਮਿਲਣ ’ਤੇ ਭਰੋਸਾ ਦਵਾਇਆ ਕਿ ਉਹ ਇਸ ਦੀ ਡੂੰਘਾਈਂ ਨਾਲ ਜਾਂਚ ਕਰਕੇ ਬਣਦੀ ਢੁੱਕਵੀਂ ਕਾਰਵਾਈ ਕਰਨ ’ਚ ਢਿੱਲ ਨਹੀਂ ਰੱਖਣਗੇ। ਉਨ੍ਹਾਂ ਨਾਲ ਡੀਐੱਸਪੀ ਰਾਜਿੰਦਰ ਪਾਲ ਸਿੰਘ ਨੇ ਕਿਹਾ ਕਿ ਜੋ ਵੀ ਇਸ ਮਾਮਲੇ ’ਚ ਦੋਸ਼ੀ ਪਾਇਆ ਗਿਆ ਉਸ ਨੂੰ ਬਖਸ਼ਿਆ ਨਹੀਂ ਜਾਵੇਗਾ। ਉਹ ਚਾਹੇ ਕੋਈ ਸਿਆਸੀ ਆਗੂ ਹੈ ਚਾਹੇ ਪੁਲਿਸ ਵਾਲਾ ਹੈ।