- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਚੋਣ ਡਿਊਟੀ ਦੌਰਾਨ ਜਾਨ ਗਵਾਉਣ ਵਾਲੇ ਅਧਿਆਪਕ ਜੋੜੇ ਦੇ ਹੱਕ ’ਚ ਕੀਤਾ ਕੈਂਡਲ ਮਾਰਚ

ਯਾਦਵਿੰਦਰ ਸਿੰਘ ਭੁੱਲਰ, ਪੰਜਾਬੀ ਜਾਗਰਣ, ਬਰਨਾਲਾ : ਬਰਨਾਲਾ ਦੀਆਂ ਸਮੂਹ ਅਧਿਆਪਕ ਜੱਥੇਬੰਦੀਆਂ ਵੱਲੋਂ ਸੂਬਾ ਪੱਧਰੀ ਸੱਦੇ ਤਹਿਤ ਬੀਤੇ ਦਿਨ ਜ਼ਿਲ੍ਹਾ ਪਰਿਸ਼ਦ ਤੇ ਬਲਾਕ ਸੰਮਤੀ ਚੋਣ ਡਿਊਟੀ ਦੌਰਾਨ ਮੋਗਾ ਵਿਖੇ ਜਾਨ ਗਵਾਉਣ ਵਾਲੇ ਅਧਿਆਪਕ ਜੋੜੇ ਨੂੰ ਇਨਸਾਫ਼ ਦੁਆਉਣ ਲਈ ਰੇਲਵੇ ਸਟੇਸ਼ਨ ਬਰਨਾਲਾ ਤੋਂ ਸ਼ਹੀਦ ਭਗਤ ਸਿੰਘ ਚੌਕ ਤੱਕ ਕੈਂਡਲ ਮਾਰਚ ਕੀਤਾ ਗਿਆ। ਇਸ ਵਿਚ ਜ਼ਿਲ੍ਹੇ ’ਚੋਂ ਵੱਡੀ ਗਿਣਤੀ ਅਧਿਆਪਕਾਂ ਤੇ ਭਰਾਤਰੀ ਜੱਥੇਬੰਦੀਆਂ ਨੇ ਭਾਗ ਲਿਆ। ਇਸ ਮੌਕੇ ਮਾਮਲੇ ਦੀ ਜਾਣਕਾਰੀ ਦਿੰਦੇ ਹੋਏ ਹਰਿੰਦਰ ਮੱਲ੍ਹੀਆਂ, ਰਾਜੀਵ ਕੁਮਾਰ, ਨਰਿੰਦਰ ਸ਼ਹਿਣਾ ਕੇਵਲ ਸਿੰਘ ਅਤੇ ਪ੍ਰਦੀਪ ਕੁਮਾਰ ਨੇ ਦੱਸਿਆ ਕਿ ਜ਼ਿਲ੍ਹਾ ਪਰਿਸ਼ਦ ਤੇ ਬਲਾਕ ਸੰਮਤੀ ਚੋਣਾਂ ਦੌਰਾਨ ਬੀਤੀ 14 ਦਸੰਬਰ ਨੂੰ ਅਧਿਆਪਕ ਜਸਕਰਨ ਸਿੰਘ ਭੁੱਲਰ ਅਤੇ ਉਨ੍ਹਾਂ ਦੀ ਪਤਨੀ ਅਧਿਆਪਕਾ ਕਮਲਜੀਤ ਕੌਰ ਦੀ ਸਵੇਰੇ ਮੋਗਾ ਜ਼ਿਲ੍ਹੇ ’ਚ ਪ੍ਰਸ਼ਾਸਨ ਵੱਲੋਂ ਦੂਰ ਦੁਰਾਡੇ ਲਗਾਈ ਚੋਣ ਡਿਊਟੀ ’ਤੇ ਜਾਂਦੇ ਸਮੇਂ ਕਾਰ ਸੂਏ ਵਾਲੇ ਪਾਣੀ ’ਚ ਡਿੱਗਣ ਕਾਰਣ ਮੌਤ ਹੋ ਗਈ ਸੀ। ਇਸੇ ਤਰ੍ਹਾਂ ਮੂਣਕ (ਜ਼ਿਲ੍ਹਾ ਸੰਗਰੂਰ) ਵਿਖੇ ਐਸੋਸੀਏਟ ਅਧਿਆਪਕਾ ਰਾਜਵੀਰ ਕੌਰ ਦੀ ਮੂਣਕ, ਸਿੱਖਿਆ ਪ੍ਰੋਵਾਇਡਰ ਅਧਿਆਪਕਾ ਪਰਮਜੀਤ ਕੌਰ ਦੀ ਸਮਾਣਾ ਦੇ ਨੇੜੇ ਤੇ ਗੁਰਵਿੰਦਰ ਸਿੰਘ ਪਾਤੜਾਂ ਨੇੜੇ ਦੁਰਘਟਨਾ ਦਾ ਸ਼ਿਕਾਰ ਹੋ ਕੇ ਗੰਭੀਰ ਜ਼ਖ਼ਮੀ ਹੋਏ। ਪੰਜਾਬ ’ਚ ਕਈ ਹੋਰ ਥਾਵਾਂ ’ਤੇ ਵੀ ਚੋਣ ਕਮਿਸ਼ਨ ਤੇ ਪੰਜਾਬ ਸਰਕਾਰ ਦੀ ਚੋਣ ਡਿਊਟੀਆਂ ਦੇ ਮਾਮਲੇ ’ਚ ਕੀਤੀ ਮਨਮਰਜ਼ੀ ਤੇ ਅਣਗਹਿਲੀ ਕਾਰਨ ਅਜਿਹੀਆਂ ਘਟਨਾਵਾਂ ਦਾ ਅਧਿਆਪਕਾਂ ਨੂੰ ਸ਼ਿਕਾਰ ਹੋਣਾ ਪਿਆ। ਉਨ੍ਹਾਂ ਦੱਸਿਆ ਕਿ ਪੰਜਾਬ ਸਰਕਾਰ ਵੱਲੋਂ ਮ੍ਰਿਤਕ ਜੋੜੇ ਨੂੰ 10-10 ਲੱਖ ਰੁਪਏ ਦੀ ਨਿਗੂਣੀ ਰਾਸ਼ੀ ਦੇ ਚੈੱਕ ਦੇ ਕੇ ਕੋਝਾ ਮਜ਼ਾਕ ਕੀਤਾ ਹੈ ਜੋ ਕਿ ਪਰਿਵਾਰ ਤੇ ਜਥੇਬੰਦੀਆਂ ਵੱਲੋਂ ਨਕਾਰ ਦਿੱਤੇ ਗਏ ਜਦੋਂ ਕਿ ਜ਼ਖ਼ਮੀ ਹੋਏ ਅਧਿਆਪਕਾਂ ਦੀ ਤਾਂ ਸਰਕਾਰ ਨੇ ਅਜੇ ਤੱਕ ਕੋਈ ਸਾਰ ਨਹੀਂ ਲਈ। ਆਗੂਆਂ ਨੇ ਮੰਗ ਕੀਤੀ ਕਿ ਸਦੀਵੀ ਵਿਛੋੜਾ ਦੇ ਗਏ ਅਧਿਆਪਕ ਜਸਕਰਨ ਸਿੰਘ ਅਤੇ ਕਮਲਜੀਤ ਕੌਰ ਦੀ ਦੁਖਦਾਈ ਮੌਤ ’ਤੇ 2-2 ਕਰੋੜ ਰੁਪਏ ਦਾ ਮੁਆਵਜ਼ਾ ਉਨ੍ਹਾਂ ਦੇ ਬੱਚਿਆਂ ਦੇ ਨਾਂ ’ਤੇ ਤੁਰੰਤ ਜਾਰੀ ਕੀਤਾ ਜਾਵੇ, ਬੱਚਿਆਂ ਦੀ ਪੜ੍ਹਾਈ ਦੀ ਸਰਕਾਰ ਪੱਧਰ ’ਤੇ ਜਿੰਮੇਵਾਰੀ ਲਈ ਜਾਵੇ ਤੇ ਉਨ੍ਹਾਂ ਦੇ ਬੱਚਿਆਂ ਲਈ ਸਰਕਾਰੀ ਨੌਕਰੀ ਰਾਖਵੀਂ ਰੱਖੀ ਜਾਵੇ। ਇਸ ਤੋਂ ਇਲਾਵਾ ਜ਼ਖ਼ਮੀ ਹੋਏ ਅਧਿਆਪਕਾਂ ਲਈ 20-20 ਲੱਖ ਰੁਪਏ ਮੁਆਵਜ਼ਾ ਦਿੱਤਾ ਜਾਵੇ ਤੇ ਇਲਾਜ਼ ਦੀ ਜ਼ਿੰਮੇਵਾਰੀ ਸਰਕਾਰ ਵੱਲੋਂ ਓਟਣ ਦੇ ਨਾਲ-ਨਾਲ ਉਨ੍ਹਾਂ ਨੂੰ ਤੰਦਰੁਸਤ ਹੋਣ ਤੱਕ ਤਨਖ਼ਾਹ ਸਮੇਤ ਛੁੱਟੀ ’ਤੇ ਮੰਨਿਆ ਜਾਵੇ। ਉਨ੍ਹਾਂ ਕਿਹਾ ਕਿ ਸਰਕਾਰ ਦੇ ਚੋਣ ਵਾਅਦੇ ਅਨੁਸਾਰ ਅਧਿਆਪਕਾਂ ਦੀਆਂ ਬੀਐੱਲਓ ਅਤੇ ਹੋਰ ਗੈਰਵਿਦਿਅਕ ਡਿਊਟੀਆਂ ਰੱਦ ਕੀਤੀਆਂ ਜਾਣ। ਆਗੂਆਂ ਨੇ ਅੱਗੇ ਕਿਹਾ ਕਿ ਜੇਕਰ ਪੰਜਾਬ ਸਰਕਾਰ ਵੱਲੋਂ ਹਾਦਸੇ ਦੇ ਸ਼ਿਕਾਰ ਹੋਏ ਅਧਿਆਪਕਾਂ ਨੂੰ ਇਨਸਾਫ਼ ਨਹੀਂ ਮਿਲਦਾ ਤਾਂ 18 ਜਨਵਰੀ ਨੂੰ ਮੋਗਾ ਵਿਖੇ ਅਧਿਆਪਕ ਇਨਸਾਫ਼ ਕਮੇਟੀ ਦੇ ਬੈਨਰ ਹੇਠ ਵਿਸ਼ਾਲ ਸੂਬਾ ਪੱਧਰੀ ਰੈਲੀ ਕੀਤੀ ਜਾਵੇਗੀ। ਉਨਾਂ ਹਾਜ਼ਰ ਅਧਿਆਪਕਾਂ ਨੂੰ ਇਸ ਰੈਲੀ ਦੀ ਲਾਮਬੰਦੀ ’ਚ ਜੁਟਣ ਦਾ ਸੱਦਾ ਵੀ ਦਿੱਤਾ। ਭਰਾਤਰੀ ਜਥੇਬੰਦੀਆਂ ਵਜੋਂ ਜਮਹੂਰੀ ਅਧਿਕਾਰ ਸਭਾ ਦੇ ਸੋਹਣ ਸਿੰਘ ਮਾਝੀ, ਹਰਚਰਨ ਚਾਹਲ, ਬੇਰੁਜ਼ਗਾਰ ਸਾਂਝਾ ਮੋਰਚਾ ਦੇ ਸੁਖਵਿੰਦਰ ਢਿੱਲਵਾਂ ਸਾਥੀਆਂ ਸਮੇਤ ਹਾਜ਼ਰ ਹੋਏ। ਇਸ ਮੌਕੇ ਸਿਕੰਦਰ ਸਿੰਘ, ਨਿਰਮਲ ਚੁਹਾਣਕੇ,ਅਮਰੀਕ ਭੱਦਲਵੱਡ, ਸੁਖਦੀਪ ਤਪਾ, ਰਮਨਦੀਪ ਸਿੰਘ, ਮਨਮੋਹਨ ਭੱਠਲ,ਸੁਖਵੀਰ ਸੰਘੇੜਾ, ਕਰਮਜੀਤ ਭੋਤਨਾ,ਵਿਕਾਸ ਭੱਦਲਵੱਡ, ਸਤਪਾਲ ਤਪਾ,ਜਗਤਾਰ ਸਿੰਘ ਪੱਤੀ,ਮਾਲਵਿੰਦਰ ਬਰਨਾਲਾ, ਮਲਕੀਤ ਸਿੰਘ ਪੱਤੀ , ਅੰਮ੍ਰਿਤਪਾਲ ਕੋਟਦੁੱਨਾ,ਕਪਿਲ ਦੇਵ, ਭਰਤ ਕੁਮਾਰ ਆਦਿ ਆਗੂ ਹਾਜ਼ਰ ਸਨ।