ਤੀਰਥ ਯਾਤਰਾ ਲਈ ਬੱਸਾਂ ਰਵਾਨਾ
ਮੁੱਖ ਮੰਤਰੀ ਤੀਰਥ ਯਾਤਰਾ ਤਹਿਤ ਜ਼ਿਲ੍ਹਾ ਬਰਨਾਲਾ ਤੋਂ ਬੱਸਾਂ ਰਵਾਨਾ
Publish Date: Sun, 22 Feb 2026 04:41 PM (IST)
Updated Date: Mon, 23 Feb 2026 04:04 AM (IST)
ਸਟਾਫ਼ ਰਿਪੋਰਟਰ, ਪੰਜਾਬੀ ਜਾਗਰਣ, ਬਰਨਾਲਾ : ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਦੇ ਦਿਸ਼ਾ-ਨਿਰਦੇਸ਼ਾਂ ਤਹਿਤ ਤੇ ਸੰਸਦ ਮੈਂਬਰ ਗੁਰਮੀਤ ਸਿੰਘ ਮੀਤ ਹੇਅਰ ਦੀ ਅਗਵਾਈ ਹੇਠ ਜ਼ਿਲ੍ਹਾ ਬਰਨਾਲਾ ਤੋਂ ਮੁੱਖ ਮੰਤਰੀ ਤੀਰਥ ਯਾਤਰਾ ਤਹਿਤ ਲਗਾਤਾਰ ਸ਼ਰਧਾਲੂਆਂ ਦੀਆਂ ਬੱਸਾਂ ਧਾਰਮਿਕ ਸਥਾਨਾਂ ਦੇ ਦਰਸ਼ਨਾਂ ਲਈ ਭੇਜੀਆਂ ਜਾ ਰਹੀਆਂ ਹਨ। ਇਸ ਤਹਿਤ ਜ਼ਿਲ੍ਹੇ ਦੇ ਤਿੰਨੇ ਵਿਧਾਨ ਸਭਾ ਹਲਕਿਆਂ ਤੋਂ ਸ਼ਰਧਾਲੂਆਂ ਦੇ ਜਥੇ ਪਵਿੱਤਰ ਨਗਰੀ ਅੰਮ੍ਰਿਤਸਰ ਵਿਖੇ ਸਥਿਤ ਵੱਖ-ਵੱਖ ਧਾਰਮਿਕ ਸਥਾਨਾਂ ਦੇ ਦਰਸ਼ਨਾਂ ਲਈ ਗਏ ਜਿਨ੍ਹਾਂ ’ਚ ਹਲਕਾ ਬਰਨਾਲਾ ਦੇ ਪਿੰਡ ਝਲੂਰ ਤੋਂ 45 ਸ਼ਰਧਾਲੂ ਸਨ। ਇਸੇ ਤਰ੍ਹਾਂ ਹਲਕਾ ਮਹਿਲਕਲਾਂ ਦੇ ਮਹਿਲਕਲਾਂ ਸੋਢੇ ਤੋਂ ਵਿਧਾਇਕ ਕੁਲਵੰਤ ਸਿੰਘ ਪੰਡੋਰੀ ਦੀ ਅਗਵਾਈ ਹੇਠ 44 ਸ਼ਰਧਾਲੂ ਅਤੇ ਹਲਕਾ ਭਦੌੜ ਦੇ ਕਸਬਾ ਭਦੌੜ ਤੋਂ 41 ਸ਼ਰਧਾਲੂ ਵਿਧਾਇਕ ਲਾਭ ਸਿੰਘ ਉੱਗੋਕੇ ਦੀ ਅਗਵਾਈ ਹੇਠ ਬੱਸਾਂ ਰਾਹੀਂ ਤੀਰਥ ਯਾਤਰਾ ਸਕੀਮ ਤਹਿਤ ਭੇਜੇ ਗਏ। ਇਸ ਸਕੀਮ ਤਹਿਤ ਸ਼ਰਧਾਲੂਆਂ ਦੇ ਰਹਿਣ-ਸਹਿਣ, ਖਾਣੇ ਅਤੇ ਆਵਾਜਾਈ ਦੀ ਪੂਰੀ ਵਿਵਸਥਾ ਪੰਜਾਬ ਸਰਕਾਰ ਵਲੋਂ ਕੀਤੀ ਗਈ ਹੈ ਤੇ ਪਵਿੱਤਰ ਨਗਰੀ ਅੰਮ੍ਰਿਤਸਰ ਵਿਖੇ ਵੱਖ-ਵੱਖ ਧਾਰਮਿਕ ਤੇ ਇਤਿਹਾਸਿਕ ਸਥਾਨਾਂ ਦੇ ਦਰਸ਼ਨ ਕਰਵਾਏ ਜਾ ਰਹੇ ਹਨ।