ਕੈਬਨਿਟ ਮੰਤਰੀ ਬਰਿੰਦਰ ਗੋਇਲ ਵੱਲੋਂ ਹੋਣਹਾਰ ਵਿਦਿਆਰਥਣ ਜਪਨੀਤ ਦਾ ਸਨਮਾਨ; ਕਿਹਾ- ਸਰਕਾਰੀ ਸਕੂਲਾਂ ਦੇ ਬੱਚੇ ਹੁਣ ਬਣ ਰਹੇ ਹਨ ਪੰਜਾਬ ਦੇ ਰੋਲ ਮਾਡਲ
ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਹੇਠ ਸਿੱਖਿਆ ਦੇ ਖੇਤਰ ਵਿੱਚ ਆ ਰਹੇ ਕ੍ਰਾਂਤੀਕਾਰੀ ਬਦਲਾਅ ਹੁਣ ਨਤੀਜਿਆਂ ਵਿੱਚ ਵੀ ਸਾਫ਼ ਨਜ਼ਰ ਆਉਣ ਲੱਗੇ ਹਨ। ਪੰਜਾਬ ਸਕੂਲ ਸਿੱਖਿਆ ਬੋਰਡ ਵੱਲੋਂ ਐਲਾਨੇ ਗਏ ਅੱਠਵੀਂ ਜਮਾਤ ਦੇ ਨਤੀਜਿਆਂ ਵਿੱਚ ਲਹਿਰਾਗਾਗਾ ਦੇ ਨੇੜਲੇ ਪਿੰਡ ਅੜਕਵਾਸ ਦੀ ਵਿਦਿਆਰਥਣ ਜਪਨੀਤ ਕੌਰ ਨੇ ਪੂਰੇ ਪੰਜਾਬ ਵਿੱਚੋਂ ਦੂਜਾ ਸਥਾਨ ਹਾਸਲ ਕਰਕੇ ਇਲਾਕੇ ਦਾ ਨਾਂ ਰੌਸ਼ਨ ਕੀਤਾ ਹੈ। ਇਸ ਸ਼ਾਨਦਾਰ ਪ੍ਰਾਪਤੀ 'ਤੇ ਕੈਬਨਿਟ ਮੰਤਰੀ ਬਰਿੰਦਰ ਗੋਇਲ ਨੇ ਵਿਸ਼ੇਸ਼ ਤੌਰ 'ਤੇ ਪਹੁੰਚ ਕੇ ਜਪਨੀਤ ਕੌਰ ਦਾ ਮੂੰਹ ਮਿੱਠਾ ਕਰਵਾਇਆ ਅਤੇ ਉਸ ਨੂੰ ਸਨਮਾਨਿਤ ਕੀਤਾ।
Publish Date: Sat, 11 Apr 2026 03:20 PM (IST)
Updated Date: Sat, 11 Apr 2026 03:22 PM (IST)

ਸ਼ੰਭੂ ਗੋਇਲ, ਪੰਜਾਬੀ ਜਾਗਰਣ, ਲਹਿਰਾਗਾਗਾ: ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਹੇਠ ਸਿੱਖਿਆ ਦੇ ਖੇਤਰ ਵਿੱਚ ਆ ਰਹੇ ਕ੍ਰਾਂਤੀਕਾਰੀ ਬਦਲਾਅ ਹੁਣ ਨਤੀਜਿਆਂ ਵਿੱਚ ਵੀ ਸਾਫ਼ ਨਜ਼ਰ ਆਉਣ ਲੱਗੇ ਹਨ। ਪੰਜਾਬ ਸਕੂਲ ਸਿੱਖਿਆ ਬੋਰਡ ਵੱਲੋਂ ਐਲਾਨੇ ਗਏ ਅੱਠਵੀਂ ਜਮਾਤ ਦੇ ਨਤੀਜਿਆਂ ਵਿੱਚ ਲਹਿਰਾਗਾਗਾ ਦੇ ਨੇੜਲੇ ਪਿੰਡ ਅੜਕਵਾਸ ਦੀ ਵਿਦਿਆਰਥਣ ਜਪਨੀਤ ਕੌਰ ਨੇ ਪੂਰੇ ਪੰਜਾਬ ਵਿੱਚੋਂ ਦੂਜਾ ਸਥਾਨ ਹਾਸਲ ਕਰਕੇ ਇਲਾਕੇ ਦਾ ਨਾਂ ਰੌਸ਼ਨ ਕੀਤਾ ਹੈ। ਇਸ ਸ਼ਾਨਦਾਰ ਪ੍ਰਾਪਤੀ 'ਤੇ ਕੈਬਨਿਟ ਮੰਤਰੀ ਬਰਿੰਦਰ ਗੋਇਲ ਨੇ ਵਿਸ਼ੇਸ਼ ਤੌਰ 'ਤੇ ਪਹੁੰਚ ਕੇ ਜਪਨੀਤ ਕੌਰ ਦਾ ਮੂੰਹ ਮਿੱਠਾ ਕਰਵਾਇਆ ਅਤੇ ਉਸ ਨੂੰ ਸਨਮਾਨਿਤ ਕੀਤਾ।
ਸਰਕਾਰ ਨੇ ਜੋ ਕਿਹਾ, ਉਹ ਕਰਕੇ ਵਿਖਾਇਆ: ਮੰਤਰੀ ਗੋਇਲ
ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕੈਬਨਿਟ ਮੰਤਰੀ ਬਰਿੰਦਰ ਗੋਇਲ ਨੇ ਕਿਹਾ ਕਿ ਪੰਜਾਬ ਸਰਕਾਰ ਨੇ 2022 ਵਿੱਚ ਸਰਕਾਰੀ ਸਕੂਲਾਂ ਦੀ ਦਸ਼ਾ ਤੇ ਦਿਸ਼ਾ ਸੁਧਾਰਨ ਦਾ ਜੋ ਵਾਅਦਾ ਕੀਤਾ ਸੀ, ਜਪਨੀਤ ਕੌਰ ਦੀ ਇਹ ਸਫਲਤਾ ਉਸ 'ਤੇ ਮੋਹਰ ਲਗਾਉਂਦੀ ਹੈ। ਉਨ੍ਹਾਂ ਕਿਹਾ ਕਿ ਅੱਜ ਸਰਕਾਰੀ ਸਕੂਲਾਂ ਦੇ ਬੱਚੇ ਪ੍ਰਾਈਵੇਟ ਸਕੂਲਾਂ ਨੂੰ ਪਛਾੜ ਕੇ ਮੋਹਰੀ ਪੁਜ਼ੀਸ਼ਨਾਂ ਹਾਸਲ ਕਰ ਰਹੇ ਹਨ, ਜੋ ਕਿ ਪੰਜਾਬ ਲਈ ਬਹੁਤ ਮਾਣ ਵਾਲੀ ਗੱਲ ਹੈ।
600 ਵਿੱਚੋਂ 598 ਅੰਕ ਲੈ ਕੇ ਰਚਿਆ ਇਤਿਹਾਸ
ਸਰਕਾਰੀ ਮਿਡਲ ਸਕੂਲ ਅੜਕਵਾਸ ਦੀ ਇਸ ਹੋਣਹਾਰ ਵਿਦਿਆਰਥਣ ਨੇ 600 ਵਿੱਚੋਂ 598 ਅੰਕ ਪ੍ਰਾਪਤ ਕੀਤੇ ਹਨ। ਆਪਣੀ ਸਫਲਤਾ ਦਾ ਸਿਹਰਾ ਜਪਨੀਤ ਨੇ ਆਪਣੇ ਮਾਪਿਆਂ ਅਤੇ ਸਕੂਲ ਸਟਾਫ਼ ਦੀ ਮਿਹਨਤ ਸਿਰ ਬੰਨ੍ਹਿਆ ਹੈ। ਇਸ ਮੌਕੇ ਜਪਨੀਤ ਦੇ ਪਿਤਾ ਮਾਸਟਰ ਕੁਲਦੀਪ ਸਿੰਘ ਨੇ ਭਾਵੁਕ ਹੁੰਦਿਆਂ ਕਿਹਾ ਕਿ ਬੇਟੀਆਂ ਨੂੰ ਕਦੇ ਭਾਰ ਨਹੀਂ ਸਮਝਣਾ ਚਾਹੀਦਾ, ਜੇਕਰ ਉਨ੍ਹਾਂ ਨੂੰ ਮੌਕਾ ਦਿੱਤਾ ਜਾਵੇ ਤਾਂ ਉਹ ਹਰ ਖੇਤਰ ਵਿੱਚ ਅੱਗੇ ਵਧ ਸਕਦੀਆਂ ਹਨ।
ਪ੍ਰਸ਼ਾਸਨਿਕ ਅਧਿਕਾਰੀ ਅਤੇ ਪਤਵੰਤੇ ਰਹੇ ਮੌਜੂਦ
ਸਨਮਾਨ ਸਮਾਰੋਹ ਦੌਰਾਨ ਐਸ.ਡੀ.ਐਮ. ਲਹਿਰਾ ਰਾਕੇਸ਼ ਪ੍ਰਕਾਸ਼ ਗਰਗ, ਨਗਰ ਕੌਂਸਲ ਪ੍ਰਧਾਨ ਕਾਂਤਾ ਗੋਇਲ, ਗੌਰਵ ਗੋਇਲ, ਲੱਕੀ ਗੋਇਲ, ਮਾਰਕੀਟ ਕਮੇਟੀ ਦੇ ਚੇਅਰਮੈਨ ਸ਼ੀਸ਼ਪਾਲ ਆਨੰਦ ਅਤੇ ਬਲਾਕ ਸੰਮਤੀ ਦੇ ਚੇਅਰਮੈਨ ਅਵਤਾਰ ਸਿੰਘ ਪਰੋਚਾ ਸਮੇਤ ਵੱਡੀ ਗਿਣਤੀ ਵਿੱਚ ਪਾਰਟੀ ਆਗੂ ਅਤੇ ਵਰਕਰ ਹਾਜ਼ਰ ਸਨ।