ਪੈਨਸ਼ਨਰਾਂ ਨੇ ਮੰਗਾਂ ਅਣਗੌਲਿਆਂ ਕੀਤੇ ਜਾਣ ’ਤੇ ਸੰਘਰਸ਼ ਦੀ ਚੇਤਾਵਨੀ
ਪੈਨਸ਼ਨਰਜ਼ ਵੈਲਫੇਅਰ ਐਸੋਸੀਏਸ਼ਨ ਦੀ ਬਲਾਕ ਪੱਧਰੀ ਮੀਟਿੰਗ ਹੋਈ
Publish Date: Thu, 01 Jan 2026 05:09 PM (IST)
Updated Date: Fri, 02 Jan 2026 04:05 AM (IST)

ਜਸਵੀਰ ਸਿੰਘ ਵਜੀਦਕੇ,ਪੰਜਾਬੀ ਜਾਗਰਣ, ਮਹਿਲ ਕਲਾਂ : ਪੈਨਸ਼ਨਰਜ਼ ਵੈੱਲਫੇਅਰ ਐਸੋਸੀਏਸ਼ਨ ਯੂਨਿਟ ਮਹਿਲ ਕਲਾਂ ਦੀ ਬਲਾਕ ਪੱਧਰੀ ਮੀਟਿੰਗ ਯੂਨਿਟ ਪ੍ਰਧਾਨ ਮਾਸਟਰ ਦਰਸ਼ਨ ਸਿੰਘ ਪੰਡੋਰੀ ਦੀ ਅਗਵਾਈ ਹੇਠ ਬੀਡੀਪੀਓ ਦਫ਼ਤਰ ਮਹਿਲਕਲਾਂ ਵਿਖੇ ਹੋਈ। ਮੀਟਿੰਗ ’ਚ ਜਥੇਬੰਦੀ ਦੇ ਪ੍ਰਮੁੱਖ ਆਗੂਆਂ ਸਮੇਤ ਵੱਡੀ ਗਿਣਤੀ ’ਚ ਪੈਨਸ਼ਨਰਜ਼ ਨੇ ਸ਼ਮੂਲੀਅਤ ਕੀਤੀ। ਮੀਟਿੰਗ ਨੂੰ ਸੰਬੋਧਨ ਕਰਦਿਆਂ ਯੂਨਿਟ ਪ੍ਰਧਾਨ ਮਾਸਟਰ ਦਰਸ਼ਨ ਸਿੰਘ ਪੰਡੋਰੀ, ਜਨਰਲ ਸਕੱਤਰ ਸੁਰਿੰਦਰ ਸ਼ਰਮਾ,ਮੀਤ ਪ੍ਰਧਾਨ ਬਖਤੌਰ ਸਿੰਘ ਮੂੰਮ ਅਤੇ ਅਮਰਜੀਤ ਸਿੰਘ ਮਹਿਲ ਖੁਰਦ ਨੇ ਕਿਹਾ ਕਿ ਸੂਬਾ ਪੱਧਰ ਅਤੇ ਜ਼ਿਲ੍ਹਾ ਪੱਧਰ ’ਤੇ ਲਗਾਤਾਰ ਮੀਟਿੰਗਾਂ ਤੇ ਮੰਗ ਪੱਤਰ ਸੌਂਪਣ ਦੇ ਬਾਵਜੂਦ ਸਰਕਾਰ ਵੱਲੋਂ ਪੈਨਸ਼ਨਰਜ਼ ਦੀਆਂ ਜਾਇਜ਼ ਤੇ ਲੰਬੇ ਸਮੇਂ ਤੋਂ ਲਟਕ ਰਹੀਆਂ ਮੰਗਾਂ ਨੂੰ ਅਣਗੌਲਿਆ ਕੀਤਾ ਜਾ ਰਿਹਾ ਹੈ। ਸਰਕਾਰ ਵੱਲੋਂ ਮੀਟਿੰਗਾਂ ਲਈ ਸਮਾਂ ਦੇ ਕੇ ਟਾਲਮਟੋਲ ਕਰਨ ਦੀ ਨੀਤੀ ਅਪਣਾਈ ਜਾ ਰਹੀ ਹੈ ਅਤੇ ਅਸਲ ਮਸਲਿਆਂ ’ਤੇ ਕੋਈ ਠੋਸ ਫੈਸਲਾ ਨਹੀਂ ਲਿਆ ਜਾ ਰਿਹਾ। ਆਗੂਆਂ ਨੇ ਕਿਹਾ ਕਿ 2.59 ਫੈਕਟਰ ਅਨੁਸਾਰ ਬਕਾਇਆ ਰਹਿੰਦੀਆਂ, ਡੀਏ ਦੇ ਅਰਿਅਰਜ਼, ਕੈਸ਼ਲੈੱਸ ਮੈਡੀਕਲ ਸੁਵਿਧਾ ਸਮੇਤ ਹੋਰ ਅਹਿਮ ਮੰਗਾਂ ਸਬੰਧੀ ਮੁੱਖ ਮੰਤਰੀ, ਮੰਤਰੀਆਂ, ਵਿਧਾਇਕਾਂ ਅਤੇ ਹਲਕਾ ਇੰਚਾਰਜਾਂ ਨੂੰ ਕਈ ਵਾਰ ਮੰਗ ਪੱਤਰ ਸੌਂਪੇ ਜਾ ਚੁੱਕੇ ਹਨ, ਪਰ ਹਾਲੇ ਤੱਕ ਕੋਈ ਵੀ ਸਕਾਰਾਤਮਕ ਕਾਰਵਾਈ ਨਹੀਂ ਹੋਈ।ਉਨ੍ਹਾਂ ਸਰਕਾਰ ਦੀ ਤਿੱਖੀ ਆਲੋਚਨਾ ਕਰਦਿਆਂ ਕਿਹਾ ਕਿ ਸਿਰਫ਼ ਲਾਰੇ-ਲੱਪੇ ਲਗਾ ਕੇ ਪੈਨਸ਼ਨਰਜ਼ ਨੂੰ ਗੁੰਮਰਾਹ ਕੀਤਾ ਜਾ ਰਿਹਾ ਹੈ, ਜਿਸ ਕਾਰਨ ਸੂਬੇ ਭਰ ਦੇ ਪੈਨਸ਼ਨਰਜ਼ ’ਚ ਭਾਰੀ ਨਾਰਾਜ਼ਗੀ ਪਾਈ ਜਾ ਰਹੀ ਹੈ। ਆਗੂਆਂ ਨੇ ਸਪਸ਼ਟ ਕੀਤਾ ਕਿ ਜਥੇਬੰਦੀ ਦੇ ਅਗਲੇ ਸੰਘਰਸ਼ੀ ਪ੍ਰੋਗਰਾਮਾਂ ਦੀ ਰੂਪਰੇਖਾ ਸਟੇਟ ਬਾਡੀ ਦੀ ਮੀਟਿੰਗ ਵਿੱਚ ਤੈਅ ਕੀਤੀ ਜਾਵੇਗੀ ਅਤੇ ਉਸ ’ਤੇ ਪੂਰੀ ਤਰ੍ਹਾਂ ਡੱਟ ਕੇ ਅਮਲ ਕੀਤਾ ਜਾਵੇਗਾ।ਉਨ੍ਹਾਂ ਚੇਤਾਵਨੀ ਦਿੱਤੀ ਕਿ ਜੇਕਰ ਸਰਕਾਰ ਨੇ ਜਲਦ ਪੈਨਸ਼ਨਰਜ਼ ਦੀਆਂ ਹੱਕੀ ਮੰਗਾਂ ਪੂਰੀਆਂ ਨਾ ਕੀਤੀਆਂ ਤਾਂ ਅਗਲੇ ਪੜਾਅ ’ਚ ਤਿੱਖਾ ਅਤੇ ਫੈਸਲਾਕੁੰਨ ਸੰਘਰਸ਼ ਸ਼ੁਰੂ ਕੀਤਾ ਜਾਵੇਗਾ। ਇਸ ਮੌਕੇ ਮਾਸਟਰ ਨਿਰਪਾਲ ਸਿੰਘ ਜਲਾਲਦੀਵਾਲ, ਰਾਜਕੁਮਾਰ ਨਿਹਾਲੂਵਾਲ, ਨਛੱਤਰ ਸਿੰਘ ਛਾਪਾ, ਠਾਕੁਰ ਸਿੰਘ ਮੂੰਮ, ਮਾਸਟਰ ਦਲਬੀਰ ਸਿੰਘ ਵਜੀਦਕੇ, ਕੇਵਲ ਸਿੰਘ ਗਹਿਲ,ਜੱਗਾ ਸਿੰਘ ਮਹਿਲ ਖੁਰਦ, ਰੂਪ ਸਿੰਘ ਗਹਿਲ, ਅਜਮੇਰ ਸਿੰਘ ਕਾਲਸਾ, ਵਰਿੰਦਰ ਸਿੰਘ, ਕਰਤਾਰ ਸਿੰਘ ਸਮੇਤ ਵੱਡੀ ਗਿਣਤੀ ’ਚ ਪੈਨਸ਼ਨਰਜ਼ ਹਾਜ਼ਰ ਸਨ।