ਭਾਜਪਾਈਆਂ ਨੇ ਮੀਤ ਹੇਅਰ ਦੇ ਘਰ ਅੱਗੇ ਦਿੱਤਾ ਧਰਨਾ
ਭਾਜਪਾ ਆਗੂਆਂ ਤੇ ਵਰਕਰਾਂ ਨੇ ਮੈਂਬਰ ਮੀਤ ਹੇਅਰ ਦੇ ਘਰ ਅੱਗੇ ਧਰਨਾ ਦਿੱਤਾ
Publish Date: Fri, 27 Mar 2026 05:28 PM (IST)
Updated Date: Sat, 28 Mar 2026 04:06 AM (IST)

ਸਟਾਫ ਰਿਪੋਰਟਰ, ਪੰਜਾਬੀ ਜਾਗਰਣ, ਬਰਨਾਲਾ : ਅੰਮ੍ਰਿਤਸਰ ਵੇਅਰਹਾਊਸ ਦੇ ਡੀਐੱਮ ਗਗਨਜੀਤ ਸਿੰਘ ਰੰਧਾਵਾ ਖੁਦਕੁਸ਼ੀ ਮਾਮਲੇ ’ਚ ਭਾਰਤੀ ਜਨਤਾ ਪਾਰਟੀ ਯੁਵਾ ਮੋਰਚਾ ਦੇ ਵਰਕਰਾਂ ਨੇ ਸੰਗਰੂਰ ਲੋਕ ਸਭਾ ਹਲਕੇ ਤੋਂ ਸੰਸਦ ਮੈਂਬਰ ਗੁਰਮੀਤ ਸਿੰਘ ਮੀਤ ਹੇਅਰ ਦੇ ਬਰਨਾਲਾ ਘਰ ਦਾ ਘਿਰਾਓ ਕੀਤਾ। ਪ੍ਰਦਰਸ਼ਨਕਾਰੀਆਂ ਨੇ ਸੂਬਾ ਸਰਕਾਰ ਖ਼ਿਲਾਫ਼ ਨਾਅਰੇਬਾਜ਼ੀ ਕੀਤੀ। ਪ੍ਰਦਰਸ਼ਨ ਦੌਰਾਨ ਭਾਜਪਾ ਆਗੂ ਰਜਿੰਦਰ ਉੱਪਲ ਨੇ ਦੋਸ਼ ਲਾਇਆ ਕਿ ਪੰਜਾਬ ਸਰਕਾਰ ਡੀਐੱਮ ਗਗਨਜੀਤ ਸਿੰਘ ਰੰਧਾਵਾ ਦੀ ਮੌਤ ਦੀ ਨਿਰਪੱਖ ਜਾਂਚ ਤੋਂ ਟਾਲਾ ਵੱਟ ਰਹੀ ਹੈ। ਉਨ੍ਹਾਂ ਦੋਸ਼ ਲਾਇਆ ਕਿ ਆਮ ਆਦਮੀ ਪਾਰਟੀ ਦੀ ਸਰਕਾਰ ਸਾਬਕਾ ਕੈਬਨਿਟ ਮੰਤਰੀ ਲਾਲਜੀਤ ਸਿੰਘ ਭੁੱਲਰ ਨੂੰ ਬਚਾਉਣ ਲਈ ਸੀਬੀਆਈ ਜਾਂਚ ਦੀ ਇਜਾਜ਼ਤ ਨਹੀਂ ਦੇ ਰਹੀ ਹੈ। ਉਨ੍ਹਾਂ ਕਿਹਾ ਕਿ ਜਦੋਂ ਤੱਕ ਕੇਂਦਰ ਸਰਕਾਰ ਤੇ ਜਾਂਚ ਏਜੰਸੀਆਂ ਇਸ ਸੰਵੇਦਨਸ਼ੀਲ ਮਾਮਲੇ ਦੀ ਜ਼ਿੰਮੇਵਾਰੀ ਨਹੀਂ ਲੈਂਦੀਆਂ, ਸੱਚਾਈ ਦਾ ਪਰਦਾਫਾਸ਼ ਕਰਨਾ ਅਸੰਭਵ ਹੋਵੇਗਾ। ਉਨ੍ਹਾਂ ਭ੍ਰਿਸ਼ਟਾਚਾਰ ਵਿਰੁੱਧ ਤੇ ਨਿਆਂ ਲਈ ਲੜਾਈ ’ਚ ਪਿੱਛੇ ਨਾ ਹਟਣ ਦੇ ਆਪਣੇ ਸੰਕਲਪ ਨੂੰ ਦੁਹਰਾਇਆ। ਪ੍ਰਦਰਸ਼ਨਕਾਰੀਆਂ ’ਚ ਭਾਜਪਾ ਆਗੂ ਰਾਜਿੰਦਰ ਉੱਪਲ ਤੇ ਸੰਦੀਪ ਜੇਠੀ ਦੇ ਨਾਲ-ਨਾਲ ਵੱਡੀ ਗਿਣਤੀ ’ਚ ਭਾਜਪਾ ਵਰਕਰ ਤੇ ਯੁਵਾ ਮੋਰਚਾ ਦੇ ਮੈਂਬਰ ਵੀ ਸ਼ਾਮਲ ਸਨ। ਪ੍ਰਦਰਸ਼ਨਕਾਰੀਆਂ ਨੇ ਚਿਤਾਵਨੀ ਦਿੱਤੀ ਕਿ ਜੇਕਰ ਸੀਬੀਆਈ ਜਾਂਚ ਦੀ ਮੰਗ ਜਲਦੀ ਪੂਰੀ ਨਹੀਂ ਕੀਤੀ ਗਈ, ਤਾਂ ਆਉਣ ਵਾਲੇ ਦਿਨਾਂ ’ਚ ਅੰਦੋਲਨ ਤੇਜ਼ ਹੋ ਜਾਵੇਗਾ।