ਕਹੇਰੂ ’ਚ ਐੱਸਸੀ ਕੋਟੇ ਦੀ ਜ਼ਮੀਨ ਘਟਾਉਣ ਕਾਰਨ ਬੋਲੀ ਰੱਦ ਕਰਵਾਈ
ਕਹੇਰੂ ’ਚ ਐਸਸੀ ਕੋਟੇ ਦੀ ਜ਼ਮੀਨ ਘਟਾਉਣ ਕਾਰਨ ਬੋਲੀ ਰੱਦ ਕਰਵਾਈ
Publish Date: Wed, 10 Jun 2026 04:55 PM (IST)
Updated Date: Wed, 10 Jun 2026 04:56 PM (IST)

ਵਰਿੰਦਰ ਸਿੰਘ, ਪੰਜਾਬੀ ਜਾਗਰਣ ਧੂਰੀ : ਪਿੰਡ ਕਹੇਰੂ ਵਿਖੇ ਪੰਚਾਇਤ ਅਤੇ ਪ੍ਰਸ਼ਾਸਨ ਨੇ ਸਾਜਿਸ਼ ਤਹਿਤ ਐੱਸਸੀ ਭਾਈਚਾਰੇ ਦੇ ਹਿੱਸੇ ਆਉਂਦੀ ਪੰਚਾਇਤੀ ਜ਼ਮੀਨ ਦੀ ਜਰਨਲ ਟੱਕ ਵਾਲੀ ਜ਼ਮੀਨ ਨਾਲ ਅਦਲਾ ਬਦਲੀ ਕਰਨ ਅਤੇ ਐੱਸਸੀ ਕੋਟੇ ਵਾਲੀ ਜ਼ਮੀਨ 54 ਵਿਘੇ ਤੋਂ ਘਟਾ ਕੇ 38 ਵਿਘੇ ਕਰਨ ਦੀ ਬੋਲੀ ਅੱਜ ਪਿੰਡ ਕਹੇਰੂ ਵਿਖੇ ਸ਼੍ਰੀ ਗੁਰੂ ਰਵਿਦਾਸ ਮੰਦਿਰ ਵਿੱਚ ਕੀਤੀ ਗਈ। ਮਜ਼ਦੂਰਾਂ ਵੱਲੋਂ ਰੋਸ ਪ੍ਰਗਟ ਕਰਦਿਆਂ ਇਸ ਬੋਲੀ ਨੂੰ ਰੱਦ ਕਰਵਾਇਆ। ਮਜ਼ਦੂਰਾਂ ਨਾਲ ਹੋ ਰਹੇ ਇਸ ਧੱਕੇ ਖਿਲਾਫ ਕ੍ਰਾਂਤੀਕਾਰੀ ਪੇਂਡੂ ਮਜ਼ਦੂਰ ਯੂਨੀਅਨ ਪੰਜਾਬ ਦੇ ਜ਼ਿਲ੍ਹਾ ਪ੍ਰਧਾਨ ਬਲਜੀਤ ਸਿੰਘ ਦੀ ਅਗਵਾਈ ਹੇਠ ਸ਼੍ਰੀ ਗੁਰੂ ਰਵਿਦਾਸ ਮੰਦਰ ਵਿੱਚ ਮਜ਼ਦੂਰ ਭਾਈਚਾਰੇ ਨਾਲ ਮੀਟਿੰਗ ਕੀਤੀ ਗਈ। ਮੀਟਿੰਗ ਵਿੱਚ ਮਜ਼ਦੂਰ ਭਾਈਚਾਰੇ ਨੇ ਜਥੇਬੰਦੀ ਦੇ ਆਗੂ ਬਲਜੀਤ ਸਿੰਘ, ਰਘਬੀਰ ਸਿੰਘ ਨਾਲ ਗੱਲ ਸਾਂਝੀ ਕਰਦਿਆਂ ਕਿਹਾ ਕਿ ਪਿੰਡ ਦੀ ਪੰਚਾਇਤ ਵੱਲੋਂ ਬੀਡੀਪੀਓ ਧੂਰੀ ਨਾਲ ਮਿਲ ਕੇ ਪਿੰਡ ਜਹਾਂਗੀਰ ਦੀ ਹੱਦ ਉੱਪਰ ਪਿੰਡ ਕਹੇਰੂ ਦੀ ਪੰਚਾਇਤੀ ਜਮੀਨ ਵਿੱਚ ਸਟੇਡੀਅਮ ਬਣਾਉਣ ਦੇ ਮਤਾ ਪਾਸ ਕਰਨ ਦੀ ਗੱਲ ਕੀਤੀ ਜਾ ਰਹੀ ਹੈ। ਜ਼ਿਕਰਯੋਗ ਗੱਲ ਇਹ ਹੈ ਕਿ ਪਿੰਡ ਕਹੇਰੂ ਵਿੱਚ ਪਹਿਲਾ ਹੀ ਇੱਕ ਸਟੇਡੀਅਮ ਮੌਜੂਦ ਹੈ। ਪਿੰਡ ਦੇ ਸਮੂਹ ਮਜ਼ਦੂਰ ਭਾਈਚਾਰੇ ਨੇ ਉਸ ਮਜ਼ਦੂਰ ਵਿਰੋਧੀ ਮਤੇ ਦੀ ਕਾਪੀ ਪਿੰਡ ਦੀ ਪੰਚਾਇਤ ਤੋਂ ਮੰਗੀ ਤਾਂ ਕੋਰੀ ਨਾ ਕੀਤੀ ਗਈ। ਸਿਤਮਜ਼ਰੀਫ਼ੀ ਦੀ ਹੱਦ ਦੇਖੋ ਕਿ ਮਜ਼ਦੂਰਾਂ ਵਾਲੇ ਐੱਸਸੀ ਟੱਕ ਨੂੰ ਜਰਨਲ ਵਿੱਚ ਤਬਦੀਲ ਕੀਤਾ ਗਿਆ ਹੈ। ਮਜ਼ਦੂਰ ਭਾਈਚਾਰੇ ਨੇ ਆਪਣੀ ਗੱਲ ਕਰਦਿਆਂ ਇਹ ਵੀ ਕਿਹਾ ਕਿ ਪਿਛਲੀ ਐੱਸਸੀ ਭਾਈਚਾਰੇ ਵਾਲੀ ਜ਼ਮੀਨ ਦੀ ਬੋਲੀ 54 ਵਿਘੇ ਦੀ ਹੁੰਦੀ ਸੀ ਪਰ ਇਸ ਵਾਰ ਪ੍ਰਸ਼ਾਸਨ ਤੇ ਪੰਚਾਇਤ ਵੱਲੋਂ ਸਿਰਫ 38 ਵਿੱਘਿਆਂ ਦੀ ਹੀ ਬੋਲੀ ਕਰਵਾਈ ਜਾ ਰਹੀ ਹੈ। ਯੂਨੀਅਨ ਮਜ਼ਦੂਰਾਂ ਨਾਲ ਹੋ ਰਹੇ ਇਸ ਧੱਕੇ ਅਤੇ ਵਿਤਕਰੇ ਨੂੰ ਬਰਦਾਸ਼ਤ ਨਹੀਂ ਕਰੇਗੀ। ਜਥੇਬੰਦੀ ਪ੍ਰਸ਼ਾਸਨ ਕੋਲੋਂ ਮੰਗ ਕਰਦੀ ਹੈ ਕਿ ਮਜ਼ਦੂਰਾਂ ਦੀ 54 ਵਿੱਘੇ ਜਮੀਨ ਉਹਨਾਂ ਨੂੰ ਘੱਟ ਰੇਟ ਅਤੇ ਸਾਂਝੇ ਤੌਰ ਉੱਪਰ ਦਿੱਤੀ ਜਾਵੇ ਜੇਕਰ ਪ੍ਰਸ਼ਾਸਨ ਇਨ੍ਹਾਂ ਮੰਗਾਂ ਨੂੰ ਨਹੀਂ ਮੰਨੇਗਾ ਤਾਂ ਯੂਨੀਅਨ ਵੱਲੋਂ ਮਜ਼ਦੂਰਾਂ ਦੇ ਹੱਕਾਂ ਵਿੱਚ ਸੰਘਰਸ਼ ਕੀਤਾ ਜਾਵੇਗਾ। ਇਸ ਮੌਕੇ ਸਤਿਗੁਰ ਸਿੰਘ, ਮਲਕੀਤ ਸਿੰਘ, ਹਾਕਮ ਸਿੰਘ, ਨਿਰਮਲ ਸਿੰਘ ਆਦਿ ਸ਼ਾਮਲ ਸਨ।