ਯੁਵਕ ਸੇਵਾਵਾਂ ਕਲੱਬ ਨੇ ਧੀਆਂ ਦੀ ਲੋਹੜੀ ਮਨਾਈ
ਪਿੰਡ ਪੰਡੋਰੀ ’ਚ ਭਾਈ ਘਨੱਈਆ ਜੀ ਯੁਵਕ ਸੇਵਾਵਾਂ ਕਲੱਬ ਵੱਲੋਂ ਧੀਆਂ ਦੀ ਲੋਹੜੀ ਧੂਮਧਾਮ ਨਾਲ ਮਨਾਈ
Publish Date: Wed, 14 Jan 2026 04:58 PM (IST)
Updated Date: Thu, 15 Jan 2026 04:04 AM (IST)

ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਮਹਿਲ ਕਲਾਂ : ਪਿੰਡ ਪੰਡੋਰੀ ਵਿਖੇ ਭਾਈ ਘਨੱਈਆ ਜੀ ਯੁਵਕ ਸੇਵਾਵਾਂ ਕਲੱਬ ਵੱਲੋਂ ‘ਇਕੱਠੇ ਹੋਈਏ ਖੁਸ਼ੀ ਮਨਾਈਏ ਰਲ ਮਿਲ ਸਾਰੇ ਤਿਉਹਾਰ ਮਨਾਈਏ’ ਮਿਸ਼ਨ ਤਹਿਤ ਧੀਆਂ ਦੀ ਲੋਹੜੀ ਦਾ ਤਿਉਹਾਰ ਬੜੀ ਉਤਸ਼ਾਹ ਅਤੇ ਭਾਈਚਾਰਕ ਸਾਂਝ ਨਾਲ ਮਨਾਇਆ ਗਿਆ। ਇਸ ਮੌਕੇ ਪਿੰਡ ਦੇ ਦਰਵਾਜ਼ੇ ’ਤੇ ਬੀਬੀਆਂ ਅਤੇ ਭੈਣਾਂ ਦਾ ਵੱਡਾ ਇਕੱਠ ਕੀਤਾ ਗਿਆ, ਜਿਸ ’ਚ ਕਲੱਬ ਦੀਆਂ ਮੈਂਬਰ ਬੀਬੀਆਂ ਤੋਂ ਇਲਾਵਾ ਪਿੰਡ ਦੀਆਂ ਬੀਬੀਆਂ, ਭੈਣਾਂ ਅਤੇ ਬੱਚੀਆਂ ਨੇ ਵੱਡੀ ਗਿਣਤੀ ’ਚ ਹਿੱਸਾ ਲਿਆ। ਇਸ ਸਮਾਗਮ ਦੌਰਾਨ ਇੱਕ ਸਾਲ ਤੋਂ ਘੱਟ ਉਮਰ ਦੀਆਂ ਨਵਜਾਤ ਧੀਆਂ ਨੂੰ ਕਲੱਬ ਵੱਲੋਂ ਵਿਸ਼ੇਸ਼ ਤੌਰ ’ਤੇ ਸਨਮਾਨਿਤ ਕੀਤਾ ਗਿਆ। ਕਲੱਬ ਦੇ ਪ੍ਰਧਾਨ ਹਰਵਿੰਦਰ ਸਿੰਘ ਸਿੱਧੂ ਨੇ ਮੌਕੇ ’ਤੇ ਪਹੁੰਚੀਆਂ ਸਾਰੀਆਂ ਸਤਿਕਾਰਯੋਗ ਬੀਬੀਆਂ ਅਤੇ ਭੈਣਾਂ ਦਾ ਧੰਨਵਾਦ ਕਰਦਿਆਂ ਕਿਹਾ ਕਿ ਪਿੰਡ ਪੰਡੋਰੀ ’ਚ ਸਾਰੇ ਤਿਉਹਾਰ ਇਸੇ ਤਰ੍ਹਾਂ ਰਲ ਮਿਲ ਕੇ ਮਨਾਏ ਜਾਣੇ ਚਾਹੀਦੇ ਹਨ, ਤਾਂ ਜੋ ਪਿੰਡ ਦੀ ਭਾਈਚਾਰਕ ਸਾਂਝ ਹੋਰ ਮਜ਼ਬੂਤ ਹੋ ਸਕੇ। ਇਸ ਮੌਕੇ ਮੂੰਗਫਲੀ, ਰਿਓੜੀਆਂ ਅਤੇ ਕੱਪੜਿਆਂ ਦੀ ਸੇਵਾ ਕਰਨ ਵਾਲੇ ਸਪਿੰਦਰ ਸਿੰਘ ਬੋਪਾਰਾਏ ਦਾ ਵੀ ਕਲੱਬ ਵੱਲੋਂ ਵਿਸ਼ੇਸ਼ ਤੌਰ ’ਤੇ ਧੰਨਵਾਦ ਕੀਤਾ ਗਿਆ। ਸਮਾਗਮ ’ਚ ਕਲੱਬ ਦੇ ਮੈਂਬਰ ਨਵਦੀਪ ਸਿੰਘ ਬਾਠ, ਪਰਮਿੰਦਰ ਸਿੰਘ ਮਹਿਰਾ, ਕਰਮਵੀਰ ਸਿੰਘ, ਸਤਨਾਮ ਸਿੰਘ ਸੋਢਾ, ਜਗਵੀਰ ਸਿੰਘ ਜੱਗਾ, ਕਰਨਪ੍ਰੀਤ ਸਿੰਘ ਸਿੱਧੂ, ਹਰਸੁੱਖ ਸਿੰਘ ਬਾਠ, ਬੀਬੀ ਰਜਿੰਦਰ ਕੌਰ ਜੌਹਲ, ਬੀਬੀ ਮਨਜੀਤ ਕੌਰ, ਬੀਬੀ ਪਰਮਿੰਦਰ ਕੌਰ ਸਿੱਧੂ, ਹਰਪ੍ਰੀਤ ਕੌਰ ਸਿੱਧੂ, ਰਾਜਦੀਪ ਕੌਰ, ਸੁਖਵਿੰਦਰ ਕੌਰ, ਬੀਬੀ ਕਰਮਤੇ ਤੋਂ ਇਲਾਵਾ ਵੱਡੀ ਗਿਣਤੀ ’ਚ ਬੀਬੀਆਂ ਭੈਣਾਂ ਹਾਜ਼ਰ ਰਹੀਆਂ।