281 ਗੋਲ਼ੀਆਂ ਸਮੇਤ 4 ਵਿਅਕਤੀ ਕਾਬੂ
ਭਦੌੜ ਪੁਲਿਸ ਵੱਲੋਂ ਵੱਖ-ਵੱਖ ਥਾਵਾਂ ਤੋਂ 281 ਗੋਲੀਆਂ ਸਮੇਤ ਚਾਰ ਵਿਅਕਤੀ ਕਾਬੂ, ਮੁਕੱਦਮਾ ਦਰਜ
Publish Date: Sat, 24 Jan 2026 06:16 PM (IST)
Updated Date: Sun, 25 Jan 2026 04:13 AM (IST)

ਯੋਗੇਸ਼ ਸ਼ਰਮਾ, ਪੰਜਾਬੀ ਜਾਗਰਣ, ਭਦੌੜ : ਭਦੌੜ ਪੁਲਿਸ ਨੇ ਸਮਾਜ ਵਿਰੋਧੀ ਤੇ ਨਸ਼ਾ ਸਬੰਧੀ ਗਤੀਵਿਧੀਆਂ ਖ਼ਿਲਾਫ਼ ਵੱਡੀ ਕਾਰਵਾਈ ਕਰਦੇ ਹੋਏ ਵੱਖ-ਵੱਖ ਥਾਵਾਂ ਤੋਂ ਕੁੱਲ 281 ਗੋਲੀਆਂ ਸਮੇਤ 4 ਵਿਅਕਤੀਆਂ ਨੂੰ ਕਾਬੂ ਕਰਨ ’ਚ ਸਫਲਤਾ ਹਾਸਲ ਕੀਤੀ ਹੈ। ਇਸ ਸਬੰਧੀ ਥਾਣਾ ਭਦੌੜ ’ਚ ਚਾਰਾਂ ਮੁਲਜ਼ਮਾਂ ਖ਼ਿਲਾਫ਼ ਮੁਕੱਦਮਾ ਦਰਜ ਕਰ ਕੇ ਅਗਲੀ ਕਾਨੂੰਨੀ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ। ਇਸ ਮਾਮਲੇ ਸਬੰਧੀ ਜਾਣਕਾਰੀ ਦਿੰਦਿਆਂ ਥਾਣਾ ਭਦੌੜ ਦੇ ਐੱਸਐੱਚਓ ਇੰਸਪੈਕਟਰ ਹਰਸਿਮਰਨਜੀਤ ਸਿੰਘ ਨੇ ਦੱਸਿਆ ਕਿ ਪੁਲਿਸ ਟੀਮ ਸਰਕਾਰੀ ਗੱਡੀ ਰਾਹੀਂ ਸ਼ੱਕੀ ਥਾਵਾਂ ’ਤੇ ਗਸ਼ਤ ਤੇ ਚੈਕਿੰਗ ਕਰ ਰਹੀ ਸੀ। ਜਦੋਂ ਪੁਲਿਸ ਪੱਥਰਾਂ ਵਾਲੇ ਰੋਡ ਵੱਲ ਜਾ ਰਹੀ ਸੀ ਤਾਂ ਵਿਧਾਤਾ ਰੋਡ ਸਥਿਤ ਸ਼ਮਸ਼ਾਨ ਘਾਟ ਨੇੜੇ ਇਕ ਵਿਅਕਤੀ ਸ਼ੱਕੀ ਹਾਲਤ ’ਚ ਨਜ਼ਰ ਆਇਆ। ਪੁਲਿਸ ਵੱਲੋਂ ਉਸਨੂੰ ਕਾਬੂ ਕਰ ਕੇ ਨਾਮ-ਪਤਾ ਪੁੱਛਿਆ ਗਿਆ ਤਾਂ ਉਸਨੇ ਆਪਣਾ ਨਾਮ ਗੁਰਪ੍ਰੀਤ ਸਿੰਘ ਉਰਫ਼ ਬੱਬੂ ਵਾਸੀ ਬਾਜਾਖਾਨਾ ਰੋਡ, ਭਦੌੜ ਦੱਸਿਆ। ਤਲਾਸ਼ੀ ਦੌਰਾਨ ਉਸ ਵਿਅਕਤੀ ਕੋਲੋਂ ਇਕ ਲਿਫਾਫਾ ਬਰਾਮਦ ਹੋਇਆ, ਜਿਸ ਵਿਚ ਖੁੱਲੀਆਂ ਗੋਲੀਆਂ ਮਿਲੀਆਂ। ਪੁੱਛਗਿੱਛ ਕਰਨ ’ਤੇ ਮੁਲਜ਼ਮ ਕੋਈ ਵੀ ਤਸੱਲੀਬਖ਼ਸ਼ ਜਵਾਬ ਨਾ ਦੇ ਸਕਿਆ, ਜਿਸ ਤੋਂ ਬਾਅਦ ਉਸਨੂੰ ਗ੍ਰਿਫ਼ਤਾਰ ਕਰ ਕੇ ਕਾਨੂੰਨੀ ਕਾਰਵਾਈ ਅਮਲ ਵਿਚ ਲਿਆਂਦੀ ਗਈ। ਇਸੇ ਤਰ੍ਹਾਂ ਦੂਜੇ ਮਾਮਲੇ ਵਿਚ ਏਐੱਸਆਈ ਬਲਦੇਵ ਸਿੰਘ ਆਪਣੀ ਪੁਲਿਸ ਟੀਮ ਸਮੇਤ ਸਰਕਾਰੀ ਗੱਡੀ ’ਚ ਗਸ਼ਤ ਕਰ ਰਹੇ ਸਨ। ਜਦੋਂ ਪੁਲਿਸ ਦਾਣਾ ਮੰਡੀ ਭਦੌੜ ਨੇੜੇ ਪਹੁੰਚੀ ਤਾਂ ਉੱਥੇ ਤਿੰਨ ਨੌਜਵਾਨਾਂ ਨੂੰ ਸ਼ੱਕ ਦੇ ਆਧਾਰ ’ਤੇ ਕਾਬੂ ਕੀਤਾ ਗਿਆ। ਪੁੱਛਗਿੱਛ ਦੌਰਾਨ ਉਨ੍ਹਾਂ ਨੇ ਆਪਣੇ ਨਾਮ ਜੀਵਨ ਸਿੰਘ ਵਾਸੀ ਮੱਝੂਕੇ, ਜੱਗਾ ਸਿੰਘ ਵਾਸੀ ਪੱਤੀ ਮੋਹਰ ਸਿੰਘ ਤੇ ਅਵਤਾਰ ਸਿੰਘ ਵਾਸੀ ਨੈਣੇਵਾਲ ਦੱਸੇ। ਪੁਲਿਸ ਵੱਲੋਂ ਕੀਤੀ ਗਈ ਤਲਾਸ਼ੀ ਦੌਰਾਨ ਉਨ੍ਹਾਂ ਕੋਲੋਂ ਇੱਕ ਪਾਰਦਰਸ਼ੀ ਲਿਫਾਫਾ ਬਰਾਮਦ ਹੋਇਆ, ਜਿਸ ਵਿੱਚੋਂ 41 ਨਸ਼ੀਲੀਆਂ ਗੋਲੀਆਂ ਮਿਲੀਆਂ। ਇਸ ਬਰਾਮਦਗੀ ਦੇ ਆਧਾਰ ’ਤੇ ਚਾਰਾਂ ਵਿਅਕਤੀਆਂ ਖ਼ਿਲਾਫ਼ ਸੰਬੰਧਿਤ ਧਾਰਾਵਾਂ ਤਹਿਤ ਮੁਕੱਦਮਾ ਦਰਜ ਕਰ ਲਿਆ ਗਿਆ ਹੈ। ਐੱਸਐੱਚਓ ਹਰਸਿਮਰਨਜੀਤ ਸਿੰਘ ਨੇ ਕਿਹਾ ਕਿ ਸਮਾਜ ਵਿਰੋਧੀ ਅਤੇ ਨਸ਼ਾ ਤਸਕਰੀ ਵਰਗੇ ਕੰਮਾਂ ਨੂੰ ਕਿਸੇ ਵੀ ਕੀਮਤ ’ਤੇ ਬਰਦਾਸ਼ਤ ਨਹੀਂ ਕੀਤਾ ਜਾਵੇਗਾ।