ਬਰਨਾਲਾ ਪੁਲਿਸ ਦਾ ਨਸ਼ਾ ਤਸਕਰ ਦੀ ਗੈਰ ਕਾਨੂੰਨੀ ਦੁਕਾਨ ’ਤੇ ਚੱਲ੍ਹਿਆ ਪੀਲਾ ਪੰਜਾ
ਬਰਨਾਲਾ ਪੁਲਿਸ ਦਾ ਨਸ਼ਾ ਤਸਕਰ ਦੀ ਗੈਰ ਕਾਨੂੰਨੀ ਦੁਕਾਨ ’ਤੇ ਚੱਲ੍ਹਿਆ ਪੀਲਾ ਪੰਜਾ
Publish Date: Sun, 12 Apr 2026 06:10 PM (IST)
Updated Date: Mon, 13 Apr 2026 04:11 AM (IST)

ਸਟਾਫ ਰਿਪੋਰਟਰ, ਪੰਜਾਬੀ ਜਾਗਰਣ, ਬਰਨਾਲਾ : ਪੰਜਾਬ ਸਰਕਾਰ ਦੇ ਹੁਕਮਾਂ ਤਹਿਤ ਚਲਾਈ ਗਈ ਮੁਹਿੰਗ ਯੁੱਧ ਨਸ਼ਿਆਂ ਵਿਰੁੱਧ ਦੇ ਚਲਦਿਆਂ ਜ਼ਿਲ੍ਹਾ ਪੁਲਿਸ ਮੁਖੀ ਮੁਹੰਮਦ ਸਰਫ਼ਰਾਜ ਆਲਮ ਦੇ ਦਿਸ਼ਾ-ਨਿਰਦੇਸ਼ਾਂ ਤਹਿਤ ਐੱਸਪੀ ਡੀ ਅਸ਼ੋਕ ਕੁਮਾਰ ਦੀ ਅਗਵਾਈ ਹੇਠ ਬਰਨਾਲਾ ਦੀ ਸੈਂਸੀ ਬਸਤੀ ’ਚ ਇਕ ਨਸ਼ਾ ਤਸਕਰ ਵੱਲੋਂ ਨਸ਼ੇ ਦੀ ਕਮਾਈ ਨਾਲ ਬਣਾਈ ਗੈਰ ਕਾਨੂੰਨੀ ਇਮਾਰਤ ਦੁਕਾਨ ’ਤੇ ਪੀਲਾ ਪੰਜਾ ਚਲਾ ਕੇ ਉਸ ਨੂੰ ਢਹਿ ਢੇਰੀ ਕੀਤਾ ਗਿਆ। ਪੁਲਿਸ ਨੇ ਬਰਨਾਲਾ ’ਚ ਇਕ ਮਹਿਲਾ ਨਸ਼ਾ ਤਸਕਰ ਵੱਲੋਂ ਸਰਕਾਰੀ ਜ਼ਮੀਨ ’ਤੇ ਗੈਰ-ਕਾਨੂੰਨੀ ਤੌਰ ’ਤੇ ਬਣਾਈ ਗਈ ਦੁਕਾਨ ਢਾਹ ਦਿੱਤੀ ਹੈ। ਇਹ ਕਾਰਵਾਈ ਸਿਵਲ ਪ੍ਰਸ਼ਾਸਨ (ਨਗਰ ਸੁਧਾਰ ਟਰੱਸਟ) ਦੇ ਸਹਿਯੋਗ ਨਾਲ ਕੀਤੀ ਗਈ। ਜਿਸ ’ਚ ਵੱਡੀ ਗਿਣਤੀ ’ਚ ਪੁਲਿਸ ਫੋਰਸ ਤਾਇਨਾਤ ਕੀਤੀ ਗਈ। ਜ਼ਿਲ੍ਹਾ ਪੁਲਿਸ ਦੇ ਐੱਸਪੀ ਅਸ਼ੋਕ ਸ਼ਰਮਾ, ਡੀਐੱਸਪੀ ਸਤਵੀਰ ਸਿੰਘ, ਸਿਟੀ ਥਾਣਾ 1 ਦੇ ਇੰਚਾਰਜ ਲਖਵਿੰਦਰ ਸਿੰਘ ਤੇ ਸੀਆਈਏ ਸਟਾਫ ਇੰਚਾਰਜ ਬਲਜੀਤ ਸਿੰਘ ਮੌਕੇ ’ਤੇ ਮੌਜੂਦ ਰਹੇ। ਉਨ੍ਹਾਂ ਦੱਸਿਆ ਕਿ ਕ੍ਰਿਸ਼ਨਾ ਨਾਮ ਦੀ ਇਕ ਔਰਤ ਵਿਰੁੱਧ ਨਸ਼ਾ ਤਸਕਰੀ ਦੇ 9 ਮਾਮਲੇ ਦਰਜ ਹਨ। ਪੁਲਿਸ ਅਨੁਸਾਰ ਇਹ ਔਰਤ ਇਸ ਸਮੇਂ ਜ਼ਮਾਨਤ ’ਤੇ ਹੈ। ਇਸ ਦੇ ਬਾਵਜੂਦ, ਉਹ ਲਗਾਤਾਰ ਨਸ਼ਾ ਤਸਕਰੀ ਦੀਆਂ ਗਤੀਵਿਧੀਆਂ ’ਚ ਸ਼ਾਮਲ ਪਾਈ ਗਈ। ਜਾਂਚ ਤੋਂ ਪਤਾ ਲੱਗਾ ਕਿ ਔਰਤ ਨੇ ਸਰਕਾਰੀ ਜ਼ਮੀਨ ’ਤੇ ਕਬਜ਼ਾ ਕਰ ਕੇ ਇੱਕ ਗੈਰ-ਕਾਨੂੰਨੀ ਦੁਕਾਨ ਬਣਾਈ ਸੀ। ਪੁਲਿਸ ਤੇ ਸਿਵਲ ਪ੍ਰਸ਼ਾਸਨ ਵੱਲੋਂ ਕੀਤੀ ਗਈ ਸਾਂਝੀ ਕਾਰਵਾਈ ਦੌਰਾਨ, ਇਸ ਗੈਰ-ਕਾਨੂੰਨੀ ਦੁਕਾਨ ਨੂੰ ਪੂਰੀ ਤਰ੍ਹਾਂ ਢਾਹ ਦਿੱਤਾ ਗਿਆ। : ਹੁਣ ਤੱਕ 576 ਨਸ਼ਾ ਤਸਕਰਾਂ ’ਤੇ ਮਾਮਲੇ ਦਰਜ ਕਰ ਕੇ 1147 ਨੂੰ ਕੀਤਾ ਕਾਬੂ : ਐੱਸਪੀ ਡੀ ਇਸ ਮੌਕੇ ਐੱਸਪੀ ਡੀ ਅਸ਼ੋਕ ਕੁਮਾਰ ਨੇ ਕਿਹਾ ਕਿ ਜ਼ਿਲ੍ਹਾ ਪੁਲਿਸ ਮੁਖੀ ਮੁਹੰਮਦ ਸਰਫ਼ਰਾਜ ਆਲਮ ਦੇ ਨਿਰਦੇਸ਼ਾਂ ਤਹਿਤ ਬਰਨਾਲਾ ਪੁਲਿਸ ਵੱਲੋਂ ਨਸ਼ੇ ਦਾ ਕਾਰੋਬਾਰ ਕਰਨ ਵਾਲਿਆ ਦੇ ਖ਼ਿਲਾਫ਼ ਵੱਡੇ ਪੱਧਰ ’ਤੇ ਕਾਰਵਾਈ ਕੀਤੀ ਜਾ ਰਹੀ ਹੈ। ਬਰਨਾਲਾ ਪੁਲਿਸ ਵੱਲੋਂ ਹੁਣ ਤੱਕ 576 ਦੇ ਕਰੀਬ ਨਸ਼ਾ ਤਸਕਰੀ ਦੇ ਮੁਕੱਦਮੇ ਦਰਜ ਕੀਤੇ ਗਏ ਹਨ ਤੇ 1147 ਦੇ ਵਿਅਕਤੀਆਂ ਨੂੰ ਕਾਬੂ ਕੀਤਾ ਗਿਆ ਹੈ। ਉਨ੍ਹਾਂ ਦੱਸਿਆ ਕਿ ਇਸ ਪੂਰੇ ਪਰਿਵਾਰ ਦੇ ਖ਼ਿਲਾਫ਼ ਪਹਿਲਾਂ ਕਈ ਨਸ਼ਾ ਤਸਕਰੀ ਦੇ ਮਾਮਲੇ ਦਰਜ ਸਨ। ਇਸ ਪਰਿਵਾਰ ਦੇ ਮੈਂਬਰਾਂ ਧਰਵਿੰਦਰ ਸਿੰਘ ਪੁੱਤਰ ਮਨੋਹਰ ਸਿੰਘ ਦੇ ਖ਼ਿਲਾਫ਼ 8 ਪਰਚੇ, ਮਨੋਹਰ ਸਿੰਘ ਦੇ ਖਿਲਾਫ਼ 5 ਪਰਚੇ ਤੇ ਕ੍ਰਿਸ਼ਨਾ ਦੇ ਖਿਲਾਫ਼ 9 ਪਰਚੇ ਦਰਜ ਸਨ। ਜਿਸ ਦੇ ਚਲਦਿਆਂ ਪੁਲਿਸ ਨੇ ਇਸ ਪਰਿਵਾਰ ਵਲੋਂ ਬਣਾਈ ਗਈ ਗੈਰ ਕਾਨੂੰਨੀ ਦੁਕਾਨ ਨੂੰ ਤੁੜਵਾਇਆ ਗਿਆ ਹੈ। : ਨਸ਼ਾ ਤਸਕਰਾਂ ਨੂੰ ਕਿਸੇ ਕੀਮਤ ’ਤੇ ਬਖਸਿਆ ਨਹੀਂ ਜਾਵੇਗਾ : ਐੱਸਐੱਸਪੀ ਜ਼ਿਲ੍ਹਾ ਪੁਲਿਸ ਮੁਖੀ ਮੁਹੰਮਦ ਸਰਫ਼ਰਾਜ ਆਲਮ ’ਤੇ ਨਸ਼ਾ ਤਸਕਰੀ ਦਾ ਧੰਦਾ ਕਰਨ ਵਾਲੇ ਅਨਸਰਾਂ ਨੂੰ ਸਖਤ ਸ਼ਬਦਾਂ ’ਚ ਚਿਤਾਵਨੀ ਦਿੰਦਿਆਂ ਕਿਹਾ ਕਿ ਜੇਕਰ ਕੋਈ ਵੀ ਵਿਅਕਤੀ ਨਸ਼ੇ ਦਾ ਕਾਰੋਬਾਰ ਕਰਦਾ ਫੜਿਆ ਜਾਂਦਾ ਹੈ ਤਾਂ ਉਸ ਦੇ ਖ਼ਿਲਾਫ਼ ਸਖਤ ਤੋਂ ਸਖਤ ਕਾਰਵਾਈ ਕੀਤੀ ਜਾਵੇਗੀ। ਉਨ੍ਹਾਂ ਨੂੰ ਕਿਸੇ ਵੀ ਕੀਮਤ ’ਤੇ ਬਖਸ਼ਿਆ ਨਹੀਂ ਜਾਵੇਗਾ। ਉਨ੍ਹਾਂ ਕਿਹਾ ਕਿ ਆਉਣ ਵਾਲੇ ਦਿਨਾਂ ’ਚ ਅਜਿਹੇ ਸਮਾਜ ਵਿਰੋਧੀ ਅਨਸਰਾਂ ਵਿਰੁੱਧ ਇਸੇ ਤਰ੍ਹਾਂ ਦੀ ਸਖ਼ਤ ਕਾਰਵਾਈ ਜਾਰੀ ਰਹੇਗੀ, ਤਾਂ ਜੋ ਸਮਾਜ ਨੂੰ ਨਸ਼ਾ ਮੁਕਤ ਬਣਾਇਆ ਜਾ ਸਕੇ।