ਕਾਸੋ ਮੁਹਿੰਮ ਤਹਿਤ ਬਰਨਾਲਾ ਪੁਲਿਸ ਨੇ ਜ਼ਿਲ੍ਹਾ ਜੇਲ੍ਹ ’ਚ ਕੀਤੀ ਚੈਕਿੰਗ
ਗਾਸੋ ਅਭਿਆਨ ਤਹਿਤ ਬਰਨਾਲਾ ਪੁਲਿਸ ਨੇ ਜਿਲ੍ਹਾ ਜੇਲ੍ਹ ’ਚ ਕੀਤੀ ਚੈਕਿੰਗ
Publish Date: Thu, 22 Jan 2026 05:40 PM (IST)
Updated Date: Fri, 23 Jan 2026 04:10 AM (IST)

ਯਾਦਵਿੰਦਰ ਸਿੰਘ ਭੁੱਲਰ, ਪੰਜਾਬੀ ਜਾਗਰਣ, ਬਰਨਾਲਾ : ਜ਼ਿਲ੍ਹਾ ਪੁਲਿਸ ਮੁਖੀ ਮੁਹੰਮਦ ਸਰਫ਼ਰਾਜ ਆਲਮ ਦੇ ਦਿਸ਼ਾ-ਨਿਰਦੇਸ਼ਾਂ ਤਹਿਤ ਬਰਨਾਲਾ ਪੁਲਿਸ ਵੱਲੋਂ 26 ਜਨਵਰੀ ਤੋਂ ਪਹਿਲਾਂ ਸਮਾਜ ਵਿਰੋਧੀ ਅਨਸਰਾਂ ਤੇ ਨਸ਼ਾ ਤਸਕਰਾਂ ਵਿਰੁੱਧ ਆਪਣੀ ਕਾਰਵਾਈ ਤੇਜ਼ ਕਰ ਦਿੱਤੀ ਹੈ ਤੇ ਸੀਨੀਅਰ ਪੁਲਿਸ ਅਧਿਕਾਰੀਆਂ ਦੀ ਅਗਵਾਈ ਹੇਠ ਵੀਰਵਾਰ ਸਵੇਰੇ ਬਰਨਾਲਾ ਜ਼ਿਲ੍ਹਾ ਜੇਲ੍ਹ ’ਚ ਦੋ ਘੰਟੇ ਤਲਾਸ਼ੀ ਮੁਹਿੰਮ ਚਲਾਈ ਗਈ। ਇਸ ਤਲਾਸ਼ੀ ਮੁਹਿੰਮ ’ਚ ਬਰਨਾਲਾ ਦੇ ਐੱਸਪੀਡੀ ਅਸ਼ੋਕ ਕੁਮਾਰ, ਜੇਲ੍ਹ ਸੁਪਰਡੈਂਟ ਸ਼ਿਵਰਾਜ ਸਿੰਘ ਨੰਦਗੜ੍ਹ, ਡੀਐੱਸਪੀ ਸਤਬੀਰ ਸਿੰਘ ਬੈਂਸ ਸਮੇਤ ਕਈ ਬਰਨਾਲਾ ਪੁਲਿਸ ਥਾਣਿਆਂ ਦੀਆਂ ਵੱਖ-ਵੱਖ ਟੀਮਾਂ ਸ਼ਾਮਲ ਸਨ। ਪੁਲਿਸ ਟੀਮਾਂ ਨੇ ਪੂਰੇ ਜੇਲ੍ਹ ਕੰਪਲੈਕਸ ਤੇ ਕੈਦੀਆਂ ਦੀਆਂ ਬੈਰਕਾਂ ਦੀ ਤਲਾਸ਼ੀ ਲਈ। ਸਮੇਂ-ਸਮੇਂ ’ਤੇ ਕੀਤੀ ਜਾਂਦੀ ਹੈ ਜੇਲ੍ਹ ’ਚ ਚੈਕਿੰਗ : ਐੱਸਪੀ ਡੀ ਐੱਸਪੀਡੀ ਅਸ਼ੋਕ ਕੁਮਾਰ ਤੇ ਜ਼ਿਲ੍ਹਾ ਜੇਲ੍ਹ ਬਰਨਾਲਾ ਦੇ ਸੁਪਰਡੈਂਟ ਸ਼ਿਵਰਾਜ ਸਿੰਘ ਨੰਦਗੜ੍ਹ ਨੇ ਦੱਸਿਆ ਕਿ ਜੇਲ੍ਹ ਦੇ ਅੰਦਰ ਨਿਯਮਤ ਤਲਾਸ਼ੀ ਮੁਹਿੰਮ ਚਲਾਈ ਜਾ ਰਹੀ ਹੈ। ਇਸਦਾ ਮੁੱਖ ਉਦੇਸ਼ ਇਹ ਯਕੀਨੀ ਬਣਾਉਣਾ ਹੈ ਕਿ ਕੋਈ ਵੀ ਬਾਹਰੀ ਵਿਅਕਤੀ ਜੇਲ੍ਹ ਦੇ ਕੈਦੀਆਂ ਕੋਲ ਨਸ਼ੀਲੇ ਪਦਾਰਥ, ਮੋਬਾਈਲ ਫੋਨ ਨਾ ਲਿਆ ਸਕੇ ਜਾਂ ਕਿਸੇ ਵੀ ਤਰ੍ਹਾਂ ਦੀ ਸਮਾਜ ਵਿਰੋਧੀ ਗਤੀਵਿਧੀ ’ਚ ਸ਼ਾਮਲ ਨਾ ਹੋ ਸਕੇ। ਅਧਿਕਾਰੀਆਂ ਨੇ ਦੱਸਿਆ ਕਿ ਕਿਸੇ ਵੀ ਸਮਾਜ ਵਿਰੋਧੀ ਅਨਸਰ ਨੂੰ ਆਪਣੀਆਂ ਗਤੀਵਿਧੀਆਂ ਨੂੰ ਅੰਜਾਮ ਦੇਣ ਤੋਂ ਰੋਕਣ ਲਈ ਬਰਨਾਲਾ ਜ਼ਿਲ੍ਹੇ ਭਰ ’ਚ ਵੱਖ-ਵੱਖ ਬੈਰੀਕੇਡ ’ਤੇ ਸਖ਼ਤ ਸੁਰੱਖਿਆ ਉਪਾਅ ਕੀਤੇ ਗਏ ਹਨ। ਸੁਪਰਡੈਂਟ ਸ਼ਿਵਰਾਜ ਸਿੰਘ ਨੰਦਗੜ੍ਹ ਨੇ ਦੱਸਿਆ ਕਿ ਅਜਿਹੇ ਤਲਾਸ਼ੀ ਅਭਿਆਨ ਸਮੇਂ-ਸਮੇਂ ’ਤੇ ਜਾਰੀ ਰਹਿੰਦੇ ਹਨ ਤੇ ਭਵਿੱਖ ’ਚ ਨਿਯਮਿਤ ਤੌਰ ’ਤੇ ਕੀਤੇ ਜਾਣਗੇ। ਉਨ੍ਹਾਂ ਕਿਹਾ ਕਿ ਜੇਲ੍ਹ ’ਚ ਪਿਛਲੀਆਂ ਤਲਾਸ਼ੀਆਂ ਦੌਰਾਨ, ਬਰਨਾਲਾ ਜੇਲ੍ਹ ’ਚ ਨਸ਼ੀਲੇ ਪਦਾਰਥ ਤੇ ਮੋਬਾਈਲ ਫੋਨ ਰੱਖਣ ਦੇ ਦੋਸ਼ ’ਚ ਕਈ ਵਿਅਕਤੀਆਂ ਵਿਰੁੱਧ ਕਾਰਵਾਈ ਕੀਤੀ ਗਈ ਹੈ। ਇਸ ਤਲਾਸ਼ੀ ਮੁਹਿੰਮ ਰਾਹੀਂ ਬਰਨਾਲਾ ਪੁਲਿਸ ਦਾ ਮੁੱਖ ਉਦੇਸ਼ ਬਰਨਾਲਾ ਜੇਲ੍ਹ ’ਚ ਕੈਦੀਆਂ ਨੂੰ ਬਾਹਰੋਂ ਮੋਬਾਈਲ ਫੋਨ, ਨਸ਼ੀਲੇ ਪਦਾਰਥ ਪ੍ਰਾਪਤ ਕਰਨ ਤੇ ਸਮਾਜ ਵਿਰੋਧੀ ਗਤੀਵਿਧੀਆਂ ’ਚ ਸ਼ਾਮਲ ਹੋਣ ਤੋਂ ਰੋਕਣਾ ਹੈ।