- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਬਰਨਾਲਾ ਪੁਲਿਸ ਨੇ ਪਿੰਡ ਠੀਕਰੀਵਾਲਾ ’ਚ ਬੇਅਦਬੀ ਕਰਨ ਵਾਲੇ ਚਾਚਾ ਭਤੀਜਾ ਸਣੇ ਰਿਸਤੇਦਾਰ ਫੜਿਆ

* ਘਟਨਾ ਨੂੰ ਅੰਜਾਮ ਦੇਣ ਵਾਲੇ ਦੀ ਗੁਰਦੁਆਰਾ ਪ੍ਰਬੰਧਕ ਦੇ ਪ੍ਰਧਾਨ ਨਾਲ ਸੀ ਨਿੱਜੀ ਰੰਜਿਸ਼
* ਮਾਮਲਾ ਠੀਕਰੀਵਾਲਾ ਵਿਖੇ ਗੁਟਕਾ ਸਾਹਿਬ ਦੇ ਅੰਗ ਪਾੜਨ ਦਾ
ਯਾਦਵਿੰਦਰ ਸਿੰਘ ਭੁੱਲਰ, ਪੰਜਾਬੀ ਜਾਗਰਣੇ
ਬਰਨਾਲਾ : ਇਤਿਹਾਸਤ ਪਿੰਡ ਠੀਕਰੀਵਾਲਾ ’ਚ ਅਮਰ ਸ਼ਹੀਦ ਸੇਵਾ ਸਿੰਘ ਠੀਕਰੀਵਾਲਾ ਦੀ ਸਾਲਾਨਾ ਬਰਸੀ ’ਤੇ ਹੋਏ ਧਾਰਮਿਕ ਸਮਾਗਮ ਦੇ ਤਿੰਨੇ ਦਿਨ ਹੋਈ ਬੇਅਦਬੀ ਤਹਿਤ ਪਿੰਡ ਵਾਸੀਆਂ ਤੇ ਪੰਥਕ ਧਿਰਾਂ ’ਚ ਕਾਫ਼ੀ ਰੋਸ ਸੀ, ਜਿਸ ’ਤੇ ਬਰਨਾਲਾ ਪੁਲਿਸ ਨੇ ਆਪਣੀ ਤਕਨੀਕ ਤੇ ਇੰਟੈਂਲੀਜੈਂਸੀ ਦੀਆਂ ਟੀਮਾਂ ਦੀ ਮੱਦਦ ਨਾਲ ਇਸ ਘਟਨਾ ਨੂੰ ਅੰਜਾਮ ਦੇਣ ਵਾਲੇ ਚਾਚਾ-ਭਤੀਜੇ ਤੇ ਉਨ੍ਹਾਂ ਦੇ ਰਿਸਤੇਦਾਰ ਸਣੇ ਤਿੰਨ ਜਣਿਆਂ ਨੂੰ ਕਾਬੂ ਕੀਤਾ ਹੈ। ਭਾਵੇਂ ਇਸ ਘਟਨਾ ਨੂੰ ਅੰਜਾਮ ਦੇਣ ਵਾਲੇ ਕੁਲਦੀਪ ਸਿੰਘ ਵੱਲੋਂ ਆਪਣੇ ਹੀ ਗੂੰਗੇ ਬੋਲੇ ਭਤੀਜੇ ਤੋਂ ਇਹ ਘਟਨਾ ਕਰਵਾਈ ਸੀ, ਪਰ ਪਿੰਡ ’ਚ ਲੱਗੇ ਸੀਸੀਟੀਵੀ ਕੈਮਰੇ ’ਤੇ ਪਿੰਡ ਦੇ ਸੂਝਵਾਨ ਲੋਕਾਂ ਦੀ ਸੁਚੱਜੀ ਅਗਵਾਈ ਨੇ ਬਰਨਾਲਾ ਪੁਲਿਸ ਦੇ ਜ਼ਿਲ੍ਹਾ ਪੁਲਿਸ ਮੁਖੀ ਮੁਹੰਮਦ ਸਰਫ਼ਰਾਜ ਆਲਮ ਵੱਲੋਂ ਵਿਸ਼ੇਸ਼ ਟੀਮ ਤਿਆਰ ਕਰਦਿਆਂ ਉਪ ਕਪਤਾਨ ਪੁਲਿਸ ਸਤਵੀਰ ਸਿੰਘ ਬੈਂਸ, ਸੀਆਈਏ ਇੰਚਾਰਜ਼ ਇੰਸਪੈਕਟਰ ਬਲਜੀਤ ਸਿੰਘ, ਥਾਣਾ ਸਦਰ ਦੇ ਮੁਖੀ ਇੰਸਪੈਕਟਰ ਜਗਜੀਤ ਸਿੰਘ ਵੱਲੋਂ ਇਸ ਪੂਰੇ ਘਟਨਾਕ੍ਰਮ ਦੀ ਘੋਖ ਪੜਤਾਲ ਤੇ ਜਾਂਚ ਕਰਦਿਆਂ ਇਸ ਘਟਨਾ ਨੂੰ ਅੰਜਾਮ ਦੇਣ ਤੇ ਸਾਜ਼ਿਸ਼ ਕਰਤਾ ਨੂੰ ਬੇਨਕਾਬ ਕਰਦਿਆਂ ਤਿੰਨ ਜਣਿਆਂ ਨੂੰ ਗ੍ਰਿਫ਼ਤਾਰ ਕਰ ਕੇ ਸ਼ੁੱਕਰਵਾਰ ਨੂੰ ਮਾਨਯੋਗ ਅਦਾਲਤ ’ਚ ਪੇਸ਼ ਕੀਤਾ ਗਿਆ।
ਸ਼ੁੱਕਰਵਾਰ ਬਾਅਦ ਦੁਪਹਿਰ ਪ੍ਰੈੱਸ ਕਾਨਫ਼ਰੰਸ ਰਾਹੀਂ ਜਾਣਕਾਰੀ ਸਾਂਝੀ ਕਰਦਿਆਂ ਡੀਐੱਸਪੀ ਸਤਵੀਰ ਸਿੰਘ ਬੈਂਸ ਨੇ ਦੱਸਿਆ ਕਿ ਉਨ੍ਹਾਂ ਨੂੰ 21 ਜਨਵਰੀ ਨੂੰ ਇਤਲਾਹ ਮਿਲੀ ਸੀ ਕਿ ਪਿੰਡ ਠੀਕਰੀਵਾਲਾ ਵਿਖੇ ਸਹੀਦ ਸੇਵਾ ਸਿੰਘ ਠੀਕਰੀਵਾਲ ਦੀ 18, 19 ਤੇ 20 ਜਨਵਰੀ 2026 ਦੀ ਬਰਸੀ ਸੀ ਤੇ 19 ਜਨਵਰੀ ਨੂੰ ਜਗਵੀਰ ਸਿੰਘ ਪੁੱਤਰ ਗੁਰਮੇਲ ਸਿੰਘ ਵਾਸੀ ਠੀਕਰੀਵਾਲ, ਜੋ ਗੂੰਗਾ ਬੋਲਾ ਹੈ ਤੇ ਇਸ ਦਾ ਰਿਸ਼ਤੇਦਾਰ ਰਣਦੀਪ ਸਿੰਘ ਪੁੱਤਰ ਬਲਵੀਰ ਸਿੰਘ ਵਾਸੀ ਸੁਲਤਾਨਪੁਰ ਜ਼ਿਲ੍ਹਾ ਸੰਗਰੂਰ ਵੀ ਇਸ ਕੋਲ ਆਇਆ ਹੋਇਆ ਸੀ। ਇਨ੍ਹਾਂ ਦੋਵਾਂ ਕੋਲ ਗੁਟਕਾ ਸਾਹਿਬ ਦੇ ਅੰਗ ਸਨ। ਜਿਨ੍ਹਾਂ 19 ਜਨਵਰੀ ਦੀ ਰਾਤ ਨੂੰ ਵਕਤ ਕਰੀਬ 10.30 ਵਜੇ ਜਗਵੀਰ ਸਿੰਘ ਤੇ ਰਣਦੀਪ ਸਿੰਘ ਉਕਤਾਨ ਨੇ ਗੁਟਕਾ ਸਾਹਿਬ ਦੇ ਅੰਗ ਪਿੰਡ ਠੀਕਰੀਵਾਲ ਦੀਆਂ ਗਲੀਆਂ ’ਚ ਖਿਲਾਰ ਦਿੱਤੇ ਸਨ। ਇਨ੍ਹਾਂ ਪਿੰਡ ਦੇ ਵੱਖ-ਵੱਖ ਬੰਦਿਆਂ ਨੂੰ ਵੀ ਗੁਟਕਾ ਸਾਹਿਬ ਦੇ ਅੰਗ ਫੜਾਏ ਸਨ ਤਾਂ ਕਿ ਉਸ ਦਿਨ ਬਰਸੀ ਸਮਾਗਮ ’ਤੇ ਆਏ ਲੋਕਾਂ ਦਾ ਗੁੱਸਾ ਭੜਕ ਜਾਵੇ ਤੇ ਪਿੰਡ ਦਾ ਮਾਹੌਲ ਖ਼ਰਾਬ ਹੋ ਜਾਵੇ। ਜਿਸ ’ਤੇ ਇੰਸਪੈਕਟਰ ਜਗਜੀਤ ਸਿੰਘ ਮੁੱਖ ਅਫਸਰ ਥਾਣਾ ਬਰਨਾਲਾ ਨੇ ਮੌਕੇ ਦੀ ਨਜ਼ਾਕਤ ਨੂੰ ਦੇਖਦਿਆਂ ਤੁਰੰਤ ਥਾਣਾ ਬਰਨਾਲਾ ’ਚ ਮਾਮਲਾ ਦਰਜ ਕਰ ਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਦੌਰਾਨੇ ਤਫਤੀਸ਼ ਤੇ ਸੀਸੀਟੀਵੀ ਕੈਮਰਿਆਂ ਨੂੰ ਚੈੱਕ ਕਰਨ ’ਤੇ ਇਹ ਗੱਲ ਸਾਹਮਣੇ ਆਈ ਕਿ ਜਗਵੀਰ ਸਿੰਘ ਤੇ ਰਣਦੀਪ ਸਿੰਘ ਨੇ ਪਿੰਡ ਠੀਕਰੀਵਾਲ ਦੀਆਂ ਗਲੀਆਂ ’ਚ ਗੁਟਕਾ ਸਾਹਿਬ ਦੇ ਅੰਗ ਖਿਲਾਰੇ ਹਨ। ਦੋਸ਼ੀਆਨ ਰਣਦੀਪ ਸਿੰਘ ਤੇ ਜਗਵੀਰ ਸਿੰਘ ਨੂੰ ਗ੍ਰਿਫਤਾਰ ਕੀਤਾ ਗਿਆ ਹੈ। 23 ਜਨਵਰੀ ਨੂੰ ਮੁਕੱਦਮੇ ’ਚ ਕੁਲਦੀਪ ਸਿੰਘ ਪੁੱਤਰ ਮਹਿੰਦਰ ਸਿੰਘ ਵਾਸੀ ਠੀਕਰੀਵਾਲ ਦੋਸ਼ੀ ਨਾਮਜ਼ਦ ਕਰ ਕੇ ਗ੍ਰਿਫ਼ਤਾਰ ਕੀਤਾ ਗਿਆ ਹੈ। ਦੌਰਾਨੇ ਤਫਤੀਸ਼ ਇਹ ਗੱਲ ਵੀ ਸਾਹਮਣੇ ਆਈ ਹੈ ਕਿ ਕੁਲਦੀਪ ਸਿੰਘ ਉਕਤ ਦੀ ਪਿੰਡ ਦੀ ਗੁਰਦੁਆਰਾ ਕਮੇਟੀ ਨਾਲ ਪਹਿਲਾ ਤੋਂ ਤਕਰਾਰਬਾਜ਼ੀ ਚੱਲਦੀ ਸੀ, ਜਿਸ ’ਤੇ ਕੁਲਦੀਪ ਸਿੰਘ ਨੇ ਆਪਣੇ ਰਿਸ਼ਤੇਦਾਰ ਰਣਦੀਪ ਸਿੰਘ ਵਾਸੀ ਸੁਲਤਾਨਪੁਰ ਨੂੰ ਬਰਸੀ ਵਾਲੇ ਦਿਨ ਆਪਣੇ ਕੋਲ ਬੁਲਾਇਆ ਸੀ ਫਿਰ ਕੁਲਦੀਪ ਸਿੰਘ ਨੇ ਜਗਵੀਰ ਸਿੰਘ, ਜੋ ਗੁੰਗਾ-ਬੋਲਾ ਹੈ ਤੇ ਜੋ ਕੁਲਦੀਪ ਸਿੰਘ ਦੀ ਭਾਸ਼ਾ ਸਮਝਦਾ ਹੈ। ਰਣਦੀਪ ਸਿੰਘ ਦੀ ਹਾਜ਼ਰੀ ’ਚ ਜਗਵੀਰ ਸਿੰਘ ਨੂੰ ਪੂਰੀ ਟ੍ਰੇਨਿੰਗ ਦੇ ਕੇ ਇਨ੍ਹਾਂ ਦੋਵਾਂ ਨੂੰ ਗੁਟਕਾ ਸਾਹਿਬ ਦੇ ਅੰਗ ਦੇ ਕੇ ਪਿੰਡ ਠੀਕਰੀਵਾਲ ਦੀਆਂ ਗਲੀਆਂ ’ਚ ਖਿਲਾਰਨ ਲਈ ਭੇਜਿਆ ਸੀ ਤਾਂ ਜੋ ਗੁਰਦੁਅਰਾ ਕਮੇਟੀ ਦੀ ਬਦਨਾਮੀ ਹੋਏ ਤੇ ਪਿੰਡ ਦਾ ਮਾਹੌਲ ਖ਼ਰਾਬ ਹੋ ਜਾਵੇ। ਤਿੰਨਾਂ ਵਿਅਕਤੀਆਂ ਨੂੰ ਅਦਾਲਤ ’ਚ ਪੇਸ਼ ਕਰ ਕੇ ਰਿਮਾਂਡ ਹਾਸਲ ਕਰ ਕੇ ਹੋਰ ਡੂੰਘਾਈ ਨਾਲ ਪੁੱਛ ਗਿੱਛ ਕੀਤੀ ਜਾਵੇਗੀ।