ਬਰਨਾਲਾ ਪੁਲਿਸ ਨੇ ਲੱਖਾਂ ਰੁਪਏ ਦੀਆਂ ਠੱਗੀਆਂ ਮਾਰਨ ਵਾਲੇ ਗਿਰੋਹ ਦਾ ਕੀਤਾ ਪਰਦਾਫ਼ਾਸ
ਬਰਨਾਲਾ ਪੁਲਿਸ ਨੇ ਲੱਖਾਂ ਰੁਪਏ ਦੀਆਂ ਠੱਗੀਆਂ ਮਾਰਨ ਵਾਲੇ ਗਿਰੋਹ ਦਾ ਕੀਤਾ ਪਰਦਾਫ਼ਾਸ
Publish Date: Thu, 08 Jan 2026 05:50 PM (IST)
Updated Date: Fri, 09 Jan 2026 04:07 AM (IST)

ਕਾਬੂ ਕੀਤੇ ਵਿਅਕਤੀਆਂ ਕੋਲੋਂ 23 ਲੱਖ ਰੁਪਏ ਕਰਵਾਏ ਫ਼ਰੀਜ ਯਾਦਵਿੰਦਰ ਸਿੰਘ ਭੁੱਲਰ, ਪੰਜਾਬੀ ਜਾਗਰਣ, ਬਰਨਾਲਾ : ਬਰਨਾਲਾ ਪੁਲਿਸ ਵੱਲੋਂ ਵੱਖ-ਵੱਖ ਕੰਪਨੀ ਦੀਆਂ ਫ੍ਰੈਂਚਆਈ ਦੇਣ ਦੇ ਨਾਮ ’ਤੇ 58 ਲੱਖ ਰੁਪਏ ਦੀ ਠੱਗੀਆਂ ਮਾਰਨ ਵਾਲੇ ਗਿਰੋਹ ਦੇ ਮੈਂਬਰਾਂ ਨੂੰ ਕਾਬੂ ਕਰ ਕੇ ਵੱਡੀ ਸਫ਼ਲਤਾ ਹਾਸਲ ਕੀਤੀ ਹੈ। ਡੀਐੱਸਪੀ ਸਤਵੀਰ ਸਿੰਘ ਬੈਂਸ ਨੇ ਦੱਸਿਆ ਕਿ ਜ਼ਿਲ੍ਹਾ ਪੁਲਿਸ ਮੁਖੀ ਮੁਹੰਮਦ ਸਰਫ਼ਰਾਜ ਆਲਮ ਦੇ ਦਿਸ਼ਾ-ਨਿਰਦੇਸ਼ਾਂ ਤਹਿਤ ਮਾੜੇ ਅਨਸਰਾਂ ਦੇ ਖ਼ਿਲਾਫ਼ ਕਾਰਵਾਈ ਕਰਦਿਆਂ ਬਰਨਾਲਾ ਪੁਲਿਸ ਨੇ ਫ੍ਰੈਂਚਆਈ ਦੇਣ ਦੇ ਨਾਂ ’ਤੇ ਲੋਕਾਂ ਨਾਲ ਠੱਗੀਆਂ ਮਾਰਨ ਵਾਲੇ ਗਿਰੋਹ ਨੂੰ ਕਾਬੂ ਕੀਤਾ ਹੈ। ਥਾਣਾ ਸਾਈਬਰ ਕਰਾਇਮ ਬਰਨਾਲਾ ਵਿਖੇ ਕੇਆਈਏ ਕੰਪਨੀ ਦੀ ਫ੍ਰੈਂਚਆਈ ਦੇਣ ਦੇ ਨਾਮ ’ਤੇ 58 ਲੱਖ ਰੁਪਏ ਦੀ ਠੱਗੀ ਮਾਰਨ ਸਬੰਧੀ ਮੁਕੱਦਮਾ ਨੰਬਰ 2 ਮਿਤੀ 07 ਮਾਰਚ 2025 ਨੂੰ ਵੱਖ-ਵੱਖ ਧਾਰਾਵਾਂ ਤਹਿਤ ਥਾਣਾ ਸਾਇਬਰ ਕਰਾਈਮ ਬਰਨਾਲਾ ਵਿਖੇ ਦਰਜ ਹੋਇਆ ਸੀ। ਇਸ ਤਹਿਤ ਕਾਰਵਾਈ ਕਰਦਿਆਂ 2 ਵਿਅਕਤੀਆਂ ਅਸ਼ੋਕ ਕੁਮਾਰ ਪੁੱਤਰ ਰਾਮ ਚੰਦਰ ਵਾਸੀ ਦਾਨਾਪੁਰ ਖਗੌਲ ਜ਼ਿਲ੍ਹਾ ਪਟਨਾ ਬਿਹਾਰ ਤੇ ਸ਼ਿਆਮ ਸੁੰਦਰ ਕੁਮਾਰ ਪੁੱਤਰ ਜਵਾਹਰ ਲਾਲ ਵਿਦਾਰਥੀ ਪਿੰਡ ਯਾਮਨਾਗੰਜ, ਜ਼ਿਲ੍ਹਾ ਜਹਾਨਾਬਾਦ ਬਿਹਾਰ ਨੂੰ ਕਾਬੂ ਕੀਤਾ। ਜਿਸ ਕੋਲੋਂ ਕੀਤੀ ਪੁੱਛ ਪੜ੍ਹਤਾਲ ਦੌਰਾਨ ਪੰਜ ਹੋਰ ਵਿਅਕਤੀਆਂ ਰਾਹੁਲ ਕੁਮਾਰ ਪੁੱਤਰ ਅਨਿਲ ਪ੍ਰਸਾਦ ਸਿੰਘ ਵਾਸੀ ਚੱਕਵੇ, ਵਰਸਾਲੀਗੰਜ ਨਵਾਰਡਾ ਬਿਹਾਰ, ਉੱਤਮ ਵਿਸਾਲ ਕੁਮਾਰ ਵਾਸੀ ਬਿਹਾਰ, ਅਭੀਸੇਕ ਕੁਮਾਰ ਵਾਸੀ ਟਿਲਹਾਰਾ ਬਿਹਾਰ, ਰੌਸਨ ਕੁਮਾਰ ਵਾਸੀ ਬਿਹਾਰ ਤੇ ਦਿਆਨੰਦ ਵਾਸੀ ਕਰਟਾਨਕਾ ਨੂੰ ਕਾਬੂ ਕੀਤਾ ਹੈ। ਜਦਕਿ ਦੋ ਹੋਰ ਵਿਅਕਤੀਆਂ ਦੀ ਗ੍ਰਿਫ਼ਤਾਰੀ ਬਾਕੀ ਹੈ। ਉਨ੍ਹਾਂ ਦੱਸਿਆ ਕਿ ਇਹ ਗੈਂਗ ਪੰਜਾਬ ਤੋਂ ਇਲਾਵਾ ਤਾਮਿਲਨਾਡੂ, ਵੈਸਟ ਬੰਗਾਲ, ਬਿਹਾਰ, ਮਹਾਂਰਾਸ਼ਟਰ, ਉਡੀਸ਼ਾ, ਤੇਲਗਾਨਾ, ਹਰਿਆਣਾ, ਕਰਨਾਟਕਾ, ਆਧਰਾ ਪ੍ਰਦੇਸ਼, ਛੱਤੀਸ਼ਗੜ੍ਹ, ਮੱਧ ਪ੍ਰਦੇਸ਼, ਕੇਰਲਾ ਤੇ ਹੋਰ ਕਈ ਰਾਜਾਂ ’ਚ ਕਰੋੜਾਂ ਰੁਪਏ ਦੀ ਠੱਗੀ ਮਾਰ ਚੁੱਕੇ ਹਨ। ਜਿਨ੍ਹਾ ਦੇ ਖਿਲਾਫ਼ ਵੱਖ ਵੱਖ ਸਟੇਟਾਂ ’ਚ 6 ਮੁਕੱਦਮੇ ਤੇ 29 ਦਰਖਾਸਤਾਂ ਦਰਜ ਹਨ। ਇਹ ਗੈਂਗ ਵੱਖ ਵੱਖ ਸਟੇਟਾਂ ’ਚ ਫੈਂਚਆਈ ਦੇਣ, ਸਸਤਾ ਸਟੀਲ ਵੇਚਣ, ਕੈਟਲ ਫ਼ੀਡ ਪ੍ਰੋਡਕਟ ਵੇਚਣ, ਆਨ ਲਾਇਨ ਲੋਨ ਦੇਣ, ਕੱਪੜੇ ਵੇਚਣ, ਸੀਮੇਂਟ ਵੇਚ ਤੇ ਹੋਟਲ ਬੁਕਿੰਗ ਕਰਨ ਦੇ ਨਾਮ ਪਰ ਠੱਗੀਆਂ ਮਾਰਦੇ ਸਨ। ਉਨ੍ਹਾ ਦੱਸਿਆ ਕਿ ਇਨ੍ਹਾਂ ਪਾਸੋ ਹੁਣ ਤੱਕ 23 ਲੱਖ ਰੁਪਏ ਫ਼ਰੀਜ ਕਰਵਾਏ ਜਾ ਚੁੱਕੇ ਹਨ। ਜਿਸ ’ਚੋਂ 20 ਲੱਖ ਰੁਪਏ ਵਾਪਸ ਮੁਦੱਈ ਮੁਕੱਦਮਾ ਦੇ ਖਾਤਾ ’ਚ ਟਰਾਂਸਫ਼ਰ ਵੀ ਕਰਵਾਏ ਜਾ ਚੁੱਕੇ ਹਨ। ਉਨ੍ਹਾਂ ਦੱਸਿਆ ਕਿ ਕਾਬੂ ਕੀਤੇ ਵਿਅਕਤੀਆਂ ਪਾਸੋ ਹੋਰ ਪੁੱਛ ਪੜਤਾਲ ਕੀਤੀ ਜਾ ਰਹੀ ਹੈ ਤੇ ਹੋਰ ਵੱਡੇ ਖੁਲਾਸੇ ਹੋਣ ਦੀ ਸੰਭਾਨਾ ਹੈ।