ਨਕਦ ਪੈਸੇ ਨਾ ਮਿਲਨ ਕਰ ਕੇ ਬੈਂਕ ਖਾਤਾਧਾਰਕਾਂ ਵੱਲੋਂ ਰੋਸ ਪ੍ਰਦਰਸ਼ਨ
ਨਗਦ ਪੈਸੇ ਨਾ ਮਿਲਨ ਕਰਕੇ ਬੈਂਕ ਖਾਤਾਧਾਰਕਾਂ ਵੱਲੋਂ ਰੋਸ ਪ੍ਰਦਰਸ਼ਨ
Publish Date: Mon, 13 Apr 2026 06:36 PM (IST)
Updated Date: Tue, 14 Apr 2026 04:07 AM (IST)

ਦੀਪਕ ਬਾਂਸਲ, ਪੰਜਾਬੀ ਜਾਗਰਣ, ਤਪਾ ਮੰਡੀ : ਤਪਾ ਦੇ ਅੰਦਰਲੇ ਬੱਸ ਸਟੈਂਡ ’ਤੇ ਸਥਿਤ ਪੀਐੱਨਬੀ ਬੈਂਕ ਬਰਾਂਚ ਤਪਾ ’ਚੋਂ ਨਕਦ ਪੈਸੇ ਨਾ ਮਿਲਣ ਕਾਰਨ ਦੁਖੀ ਖਾਤਾਧਾਰਕਾਂ ਨੇ ਬੈਂਕ ਅੰਦਰ ਬੈਠ ਕੇ ਰੋਸ ਪ੍ਰਦਰਸ਼ਨ ਕੀਤਾ। ਖਾਤਾਧਾਰਕ ਗੁਰਵਿੰਦਰ ਸਿੰਘ ,ਕਾਲਾ ਸਿੰਘ, ਭਜਨੋ ਦੇਵੀ ਤੇ ਹਰਬੰਸ ਸਿੰਘ ਆਦਿ ਨੇ ਦੱਸਿਆ ਕਿ ਉਹ ਆਪਣੇ ਖਾਤਿਆਂ ’ਚੋਂ ਵੱਡੀ ਰਕਮ ਕਢਵਾਉਣ ਲਈ ਬੈਂਕ ਆਏ ਸਨ, ਪਰ ਬੈਂਕ ਮੈਨੇਜਰ ਵੱਲੋਂ ਸਿਰਫ਼ 50 ਹਜ਼ਾਰ ਰੁਪਏ ਹੀ ਜਾਰੀ ਕਰਨ ਦੀ ਗੱਲ ਕਹੀ ਜਾ ਰਹੀ ਹੈ। ਜਦਕਿ ਇਸ ਸਮੇਂ ਕਣਕ ਦੀ ਕਟਾਈ ਦਾ ਸੀਜ਼ਨ ਚੱਲ ਰਿਹਾ ਹੈ ਤੇ ਉਨ੍ਹਾਂ ਨੂੰ ਮਜ਼ਦੂਰਾਂ ਨੂੰ ਭੁਗਤਾਨ ਕਰਨ ਤੇ ਹੋਰ ਜ਼ਰੂਰੀ ਖਰਚਿਆਂ ਲਈ ਤੁਰੰਤ ਰਕਮ ਦੀ ਲੋੜ ਹੈ। ਪਰ ਬੈਂਕ ਵੱਲੋਂ ਪੂਰੀ ਰਕਮ ਨਾ ਦੇਣ ਕਾਰਨ ਉਨ੍ਹਾਂ ਨੂੰ ਕਾਫ਼ੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ, ਪਹਿਲਾਂ ਵੀ ਕੈਸ਼ ਰੁਪਏ ਲੈਣ ਲਈ ਉਨ੍ਹਾਂ ਨੂੰ ਕਾਫੀ ਚੱਕਰ ਲਗਾਉਣੇ ਪੈਂਦੇ ਹਨ ਜਦ ਕੀ ਹੋਰ ਬੈਂਕਾਂ ਨਕਦ ਕੈਸ਼ ਭੁਗਤਾਨ ਕਰ ਰਹੀਆਂ ਹਨ। ਇਸ ਕਾਰਨ ਉਨ੍ਹਾਂ ’ਚ ਨਾਰਾਜ਼ਗੀ ਵਧ ਰਹੀ ਹੈ। ਜਦੋਂ ਇਸ ਮਾਮਲੇ ਬਾਰੇ ਬੈਂਕ ਮੈਨੇਜਰ ਮੁਕੇਸ਼ ਖਟਿਕ ਨਾਲ ਗੱਲ ਕੀਤੀ ਗਈ ਤਾਂ ਉਨ੍ਹਾਂ ਨੇ ਕਿਹਾ ਕਿ ਬੈਂਕ ਦੇ ਸਿਸਟਮ ’ਚ ਕਨੈਕਟਿਵਿਟੀ ਦੀ ਸਮੱਸਿਆ ਆ ਰਹੀ ਹੈ ਤੇ ਇਹ ਸਮੱਸਿਆ ਸਿਰਫ਼ ਇਕ ਬੈਂਕ ਤੱਕ ਸੀਮਿਤ ਨਹੀਂ, ਸਗੋਂ ਸੂਬੇ ਦੇ ਸਾਰੇ ਬੈਂਕਾਂ ਵਿਚ ਆ ਰਹੀ ਹੈ। ਉਨ੍ਹਾਂ ਨੇ ਦੱਸਿਆ ਕਿ ਇਸ ਕਾਰਨ ਪੇਮੈਂਟ ਪ੍ਰਕਿਰਿਆ ਪ੍ਰਭਾਵਿਤ ਹੋ ਰਹੀ ਹੈ ਅਤੇ ਇਸੇ ਲਈ ਗਾਹਕਾਂ ਨੂੰ ਥੋੜ੍ਹੀ-ਥੋੜ੍ਹੀ ਰਕਮ ਦਿੱਤੀ ਜਾ ਰਹੀ ਹੈ। ਫਿਲਹਾਲ, ਖਾਤਾ ਧਾਰਕਾਂ ਵੱਲੋਂ ਮੰਗ ਕੀਤੀ ਜਾ ਰਹੀ ਹੈ ਕਿ ਬੈਂਕ ਜਲਦ ਤੋਂ ਜਲਦ ਇਸ ਸਮੱਸਿਆ ਦਾ ਹੱਲ ਕਰੇ ਅਤੇ ਉਨ੍ਹਾਂ ਨੂੰ ਉਨ੍ਹਾਂ ਦੀ ਲੋੜ ਮੁਤਾਬਕ ਪੂਰੀ ਰਕਮ ਉਪਲਬਧ ਕਰਵਾਈ ਜਾਵੇ।