ਖ਼ਰਾਬ ਮੌਸਮ ਤੇ ਤੇਜ ਹਵਾਵਾਂ ਨੇ ਕਿਸਾਨਾਂ ’ਚ ਵਧਾਈ ਚਿੰਤਾ
ਖ਼ਰਾਬ ਮੌਸਮ ਤੇ ਤੇਜ ਹਵਾਵਾਂ ਨੇ ਕਿਸਾਨਾਂ ’ਚ ਵਧਾਈ ਚਿੰਤਾ
Publish Date: Mon, 16 Mar 2026 05:50 PM (IST)
Updated Date: Tue, 17 Mar 2026 04:08 AM (IST)

ਯਾਦਵਿੰਦਰ ਸਿੰਘ ਭੁੱਲਰ, ਪੰਜਾਬੀ ਜਾਗਰਣ, ਬਰਨਾਲਾ : ਪਿਛਲੇ ਇੱਕ ਦੋ ਦਿਨਾਂ ਤੋਂ ਪੰਜਾਬ ਅੰਦਰ ਪੈ ਰਹੀ ਬਰਸਾਤ ਤੇ ਤੇਜ ਹਵਾਵਾਂ ਨੇ ਕਿਸਾਨਾਂ ਨੂੰ ਚਿੰਤਾ ’ਚ ਪਾ ਦਿੱਤਾ ਹੈ, ਤੇਜ ਹਵਾਵਾਂ ਚੱਲਣ ਕਾਰਨ ਕਈ ਥਾਵਾਂ ’ਤੇ ਕਿਸਾਨਾਂ ਦੀ ਫ਼ਸਲ ਪੂਰੀ ਤਰ੍ਹਾਂ ਨਾਲ ਹੇਠਾਂ ਵਿਛ ਗਈ ਹੈ, ਜਿਸ ਕਾਰਨ ਕਿਸਾਨਾਂ ’ਚ ਕਣਕ ਦੇ ਝਾੜ ’ਤੇ ਅਸਲ ਪੈਣ ਦਾ ਵੀ ਡਰ ਸਤਾ ਰਿਹਾ ਹੈ। ਜੇਕਰ ਮੌਸਮ ਇਸੇ ਤਰ੍ਹਾਂ ਨਾਲ ਰਿਹਾ ਹੈ ਤਾਂ ਫ਼ਸਲ ਹੋਰ ਜਿਆਦਾ ਖ਼ਰਾਬ ਹੋਣ ਦਾ ਖਸਦਾ ਵਧ ਸਕਦਾ ਹੈ, ਕਿਸਾਨਾ ਵਲੋਂ ਖ਼ਰਾਬ ਹੋ ਰਹੀਆਂ ਫ਼ਸਲਾ ਦੇ ਯੋਗ ਮੁਆਵਜੇ ਸਬੰੰਧੀ ਵੀ ਸਰਕਾਰ ਪਾਸੋ ਗੁਰਾਹ ਲਗਾਈ ਜਾ ਰਹੀ ਹੈ। ਪੇਸ ਹਨ ਕਿਸਾਨਾਂ ਦੇ ਵਿਚਾਰ: : ਕਣਕ ਦੇ ਝਾੜ ’ਤੇ ਪੈ ਸਕਦਾ ਅਸਰ : ਬਿੱਟੂ ਝਲੂਰ : ਬਲਦੇਵ ਸਿੰਘ ਬਿੱਟੂ ਝਲੂਰ ਜਿਲ੍ਹਾ ਪ੍ਰੈੱਸ ਸਕੱਤਰ ਬੀਕੇਯੂ ਕਾਦੀਆ ਨੇ ਕਿਹਾ ਕਿ ਅਸੀਂ ਹਾਲੇ ਹੜ੍ਹਾਂ ਦੀ ਮਾਰ ਤੋਂ ਨਹੀਂ ਉਭਰੇ ਤੇ ਅੱਜ ਦੀ ਪਈ ਬਰਸਾਤ ਤੇ ਕਈ ਥਾਵਾਂ ’ਤੇ ਗੜੇਮਾਰੀ ਨੇ ਕਿਸਾਨਾਂ ਦਾ ਭਾਰੀ ਨੁਕਸਾਨ ਕਰ ਦਿੱਤਾ ਹੈ। ਇਸ ਸਮੇਂ ਕਣਕ ਦੀ ਫ਼ਸਲ ਪੂਰੀ ਤਰ੍ਹਾਂ ਪੱਕ ਚੁਕੀ ਸੀ ਤੇ ਕੁਝ ਦਿਨਾਂ ’ਚ ਵਾਢੀ ਸ਼ੁਰੂ ਹੋਣੀ ਸੀ, ਪਰ ਅਚਾਨਕ ਆਈ ਤੇਜ਼ ਹਨੇਰੀ ਤੇ ਗੜੇਮਾਰੀ ਕਾਰਨ ਖੇਤਾਂ ’ਚ ਖੜੀ ਫ਼ਸਲ ਡਿੱਗ ਗਈ। ਇਸ ਨਾਲ ਕਣਕ ਦੇ ਝਾੜ ਵਿੱਚ ਲੱਗਭਗ 2 ਤੋਂ 3 ਕੁਇੰਟਲ ਪ੍ਰਤੀ ਏਕੜ ਤੱਕ ਘਾਟਾ ਪੈ ਸਕਦਾ ਹੈ। ਸਰਕਾਰ ਨੂੰ ਕਿਸਾਨਾਂ ਲਈ ਯੋਗ ਮੁਆਵਜੇ ਦੀ ਵਿਵਸਥਾ ਕਰਨੀ ਚਾਹੀਦੀ ਹੈ। : ਜੇਕਰ ਫ਼ਸਲ ਦਾ ਨੁਕਸਾਨ ਹੋਵੇ ਸਰਕਾਰ ਤੁਰੰਤ ਦੇਵੇ ਮੁਆਵਜਾ : ਰਾਜਗੜ੍ਹ : ਯਾਦਵਿੰਦਰ ਸਿੰਘ ਰਾਜਗੜ੍ਹ ਜਿਲ੍ਹਾ ਚੇਅਰਮੈਨ ਬੀਕੇਯੂ ਕਾਦੀਆ ਨੇ ਕਿਹਾ ਕਿ ਪਹਿਲਾਂ ਹੀ ਹੜ੍ਹਾਂ ਤੇ ਕੁਦਰਤੀ ਆਫਤਾਂ ਕਾਰਨ ਕਿਸਾਨ ਆਰਥਿਕ ਤੌਰ ਤੇ ਕਾਫੀ ਪ੍ਰਭਾਵਿਤ ਹੋ ਚੁੱਕੇ ਹਨ ਤੇ ਹੁਣ ਬੇਮੌਸਮੀ ਬਾਰਿਸ਼ ਨੇ ਮੁਸ਼ਕਿਲਾਂ ਹੋਰ ਵਧਾ ਦਿੱਤੀਆਂ ਹਨ। ਉਨ੍ਹਾਂ ਸਰਕਾਰ ਤੋਂ ਮੰਗ ਕੀਤੀ ਕਿ ਜਿਹੜੇ ਇਲਾਕਿਆਂ ’ਚ ਫ਼ਸਲ ਦਾ ਨੁਕਸਾਨ ਹੋਇਆ ਹੈ, ਉੱਥੇ ਤੁਰੰਤ ਗਿਰਦਾਵਰੀ ਕਰਵਾ ਕੇ ਯੋਗ ਮੁਆਵਜ਼ਾ ਦਿੱਤਾ ਜਾਵੇ, ਤਾਂ ਜੋ ਨੁਕਸਾਨ ਦੀ ਕੁਝ ਭਰਪਾਈ ਹੋ ਸਕੇ ਤੇ ਆਪਣੀ ਆਰਥਿਕ ਹਾਲਤ ’ਚ ਕੁੱਝ ਸੁਧਾਰ ਕਰ ਸਕਣ। : ਤੇਜ਼ ਹਵਾਵਾਂ ਤੇ ਮੀਂਹ ਨੇ ਕਿਸਾਨਾਂ ਦੇ ਹੌਂਸਲੇ ਢਾਹੇ : ਬੂਟਾ ਸਿੰਘ : ਬੂਟਾ ਸਿੰਘ ਖ਼ਜਾਨਚੀ ਬੀਕੇਯੂ ਕਾਦੀਆ ਇਕਾਈ ਸੇਖਾ ਨੇ ਕਿਹਾ ਕਿ ਦੋ ਦਿਨ ਤੋਂ ਹੋ ਰਹੀ ਕਿਣਮਣ ਕਣੀ ਤੇ ਤੇਜ ਹਵਾਵਾਂ ਨੇ ਕਿਸਾਨਾਂ ਦੇ ਹੌਸਲੇ ਢਾਹ ਦਿੱਤੇ ਹਨ। ਕਾਫੀ ਜਗ੍ਹਾ ਕਣਕਾਂ ਡਿੱਗ ਪਈਆਂ ਹਨ ਅਤੇ ਕਿਸਾਨ ਅਰਦਾਸਾਂ ਕਰ ਰਹੇ ਹਨ ਕਿ ਪਰਮਾਤਮਾ ਮੇਹਰ ਦਾ ਹੱਥ ਰੱਖੇ ਕਿਉਂਕਿ ਮੀਂਹ ਦੇ ਨਾਲ ਜਦ ਝੱਖੜ ਝੋਲਾ ਆਉਂਦਾ ਹੈ ਤਾਂ ਕਣਕਾਂ ਬਿਲਕੁਲ ਵਿਛ ਜਾਂਦੀਆਂ ਹਨ। 15 ਤੋਂ 20 ਦਿਨ ਤੱਕ ਕਣਕਾਂ ਬਿਲਕੁਲ ਪੱਕ ਕੇ ਤਿਆਰ ਹੋ ਜਾਣਗੀਆਂ ਤੇ ਵਾਢੀ ਦਾ ਜ਼ੋਰ ਪੈ ਜਾਵੇਗਾ। ਇਸ ਵਾਰ ਠੰਡ ਨਾ ਪੈਣ ਕਾਰਨ ਤੇ ਗਰਮੀ ਜਿਆਦਾ ਪੈਣ ਕਾਰਨ ਕਣਕ ਦਾ ਝਾੜ ਘਟਣ ਦਾ ਖਤਰਾ ਹੈ। : ਫ਼ਸਲ ਦੇ ਨੁਕਸਾਨ ’ਤੇ ਸਰਕਾਰ ਬਾਂਹ ਨਹੀਂ ਫੜਦੀਆਂ : ਜੱਗਾ ਮਾਨ : ਜੋਗਿੰਦਰ ਸਿੰਘ ਜੱਗਾ ਮਾਨ ਪ੍ਰਧਾਨ ਬੀਕੇਯੂ ਕਾਦੀਆ ਇਕਾਈ ਸੇਖਾ ਨੇ ਕਿਹਾ ਕਿ ਜੇ ਕਣਕ ਦਾ ਨੁਕਸਾਨ ਹੋ ਜਾਵੇ ਤਾਂ ਸਰਕਾਰਾਂ ਵੀ ਬਾਂਹ ਨਹੀਂ ਫੜਦੀਆਂ ਸਿਰਫ ਦੌਰੇ ਕਰਕੇ ਲੀਡਰ ਮੁੜ ਜਾਂਦੇ ਹਨ ਤੇ ਮਗਰਮੱਛ ਦੇ ਹੰਝੂ ਕੇਰਦੇ ਹਨ। ਪਰਮਾਤਮਾ ਨਾ ਹੀ ਇਹੋ ਜਿਹਾ ਵੇਲਾ ਲਿਆਵੇ ਤੇ ਨਾ ਹੀ ਸਰਕਾਰਾਂ ਅੱਗੇ ਹੱਥ ਅੱਡਣੇ ਪੈਣ। ਫਸਲ ਤੋਂ ਕਿਸਾਨਾਂ ਨੂੰ ਡਾਢੀਆਂ ਉਮੀਦਾਂ ਹੁੰਦੀਆਂ ਹਨ ਤੇ ਦੇਸ਼ ਦਾ ਸਾਰਾ ਸਿਸਟਮ ਫਸਲ ਤੇ ਹੀ ਚਲਦਾ ਹੈ ਜੇ ਫਸਲ ਹੀ ਮਰ ਜਾਵੇ ਤਾਂ ਸਾਰਾ ਸਿਸਟਮ ਹਿਲ ਜਾਂਦਾ ਹੈ।