ਬਾਬਾ ਕਲੇਰਾਂ ਨੇ ਇਲਾਕੇ ਅੰਦਰ ਗਊਸ਼ਾਲਾਵਾਂ ਖੋਲ੍ਹਣ ਦਾ ਚੁੱਕਿਆ ਬੀੜਾ
ਬਾਬਾ ਕਲੇਰਾਂ ਨੇ ਇਲਾਕੇ ਅੰਦਰ ਗਊਸ਼ਾਲਾਵਾ ਖੋਲ੍ਹਣ ਦਾ ਚੁੱਕਿਆ ਬੀੜਾ
Publish Date: Wed, 07 Jan 2026 03:55 PM (IST)
Updated Date: Wed, 07 Jan 2026 03:57 PM (IST)

- ਗਊਸ਼ਾਲਾਵਾਂ ਖੋਲ੍ਹਣ ਨਾਲ ਸੜਕ ਹਾਦਸਿਆਂ ਨੂੰ ਪਵੇਗੀ ਠੱਲ੍ਹ ਸੱਤਪਾਲ ਸਿੰਘ ਕਾਲਾਬੂਲਾ, ਪੰਜਾਬੀ ਜਾਗਰਣ ਸ਼ੇਰਪੁਰ : ਧਾਰਮਿਕ ਤੇ ਸਮਾਜ ਸੇਵੀ ਸ਼ਖ਼ਸੀਅਤ ਸਰਪੰਚ ਬਾਬਾ ਜਗਜੀਤ ਸਿੰਘ ਕਲੇਰਾਂ ਨੇ ਨਵਾਂ ਉਦਮ ਕਰਦਿਆਂ ਇਲਾਕੇ ’ਚ ਸੜਕਾਂ ’ਤੇ ਫਿਰ ਰਹੀਆਂ ਬੇਸਹਾਰਾ ਗਊਆਂ ਦੀ ਸਾਂਭ-ਸੰਭਾਲ ਲਈ ਬੀੜਾ ਚੁੱਕਣ ਦਾ ਇੱਕ ਅਹਿਮ ਫੈਸਲਾ ਲਿਆ। ਬਾਬਾ ਕਲੇਰਾਂ ਨੇ ਆਪਣੇ ਇਲਾਕੇ ’ਚ (ਕਾਤਰੋ, ਕਲੇਰਾਂ, ਫਰਵਾਹੀ ਦੇ ਨਜ਼ਦੀਕ) ਇੱਕ ਵਿਸ਼ਾਲ ਗਊਸ਼ਾਲਾ ਬਣਾਉਣ ਦਾ ਉਪਰਾਲਾ ਕਰਨ ਸਬੰਧੀ ਆਪਣੀ ਇੱਛਾ ਜ਼ਾਹਿਰ ਕੀਤੀ ਹੈ। ਉਨ੍ਹਾਂ ਇਸ ਸਬੰਧੀ ਦੱਸਿਆ ਕਿ ਉਹ ਇਸ ਨਵੀਂ ਬਣਨ ਵਾਲੀ ਗਊਸ਼ਾਲਾ ’ਚ ਤਿੰਨ ਜ਼ਿਲਿਆਂ ਸੰਗਰੂਰ, ਬਰਨਾਲਾ ਤੇ ਮਾਲੇਰਕੋਟਲਾ ਵਿਚਲੀਆਂ ਬੇਸਹਾਰਾ ਗਊਆਂ ਨੂੰ ਰੱਖਣ ਲਈ ਯੋਜਨਾ ਬਣਾਉਣਗੇ। ਉਨ੍ਹਾਂ ਕਿਹਾ ਕਿ ਇਹ ਕਾਰਜ ਸੰਗਤਾਂ ਦੇ ਸਹਿਯੋਗ ਤੋਂ ਬਿਨਾਂ ਅਸੰਭਵ ਹੈ। ਇਸ ਲਈ ਉਨ੍ਹਾਂ ਕਸਬਾ ਸ਼ੇਰਪੁਰ ਦੀਆਂ ਸਮੂਹ ਸੰਸਥਾਵਾਂ ਤੇ ਹਿੰਦੂ ਭਾਈਚਾਰੇ ਦੇ ਲੋਕਾਂ ਕੋਲੋਂ ਵੀ ਇਸ ਬਾਬਤ ਰਾਏ ਮੰਗੀ ਹੈ। ਉਨ੍ਹਾਂ ਕਿਹਾ ਕਿ ਇਸ ਸਬੰਧੀ ਜਲਦੀ ਹੀ ਉਹ ਮੁੱਖ ਮੰਤਰੀ ਭਗਵੰਤ ਮਾਨ, ਮੁੱਖ ਮੰਤਰੀ ਦੇ ਦਫਤਰ ਇੰਚਾਰਜ ਚੇਅਰਮੈਨ ਦਲਵੀਰ ਸਿੰਘ ਢਿੱਲੋਂ, ਚੇਅਰਮੈਨ ਰਾਜਵੰਤ ਸਿੰਘ ਘੁੱਲੀ ਨੂੰ ਬਲਾਕ ਦੇ ਸਰਪੰਚਾਂ ਨੂੰ ਨਾਲ ਲੈ ਕੇ ਮਿਲਣਗੇ ਅਤੇ ਗਊਸ਼ਾਲਾ ਬਣਾਉਣ ਸਬੰਧੀ ਮੰਗ ਪੱਤਰ ਸੌਂਪਣਗੇ। ਜੇਕਰ ਮੁੱਖ ਮੰਤਰੀ ਦੇ ਆਪਣੇ ਹਲਕੇ ’ਚ ਗਊਸ਼ਾਲਾ ਬਣਦੀ ਹੈ ਤਾਂ ਜਿੱਥੇ ਸੜਕਾਂ ’ਤੇ ਫਿਰ ਰਹੀਆਂ ਲਾਵਾਰਿਸ ਗਊਆਂ ਨੂੰ ਰਹਿਣ ਬਸੇਰਾ ਮਿਲੇਗਾ ਉੱਥੇ ਲਾਵਾਰਿਸ ਪਸ਼ੂਆਂ ਨਾਲ ਹੋਣ ਵਾਲੇ ਐਕਸੀਡੈਂਟਾਂ ਤੋਂ ਵੀ ਰਾਹਤ ਮਿਲੇਗੀ।