ਵਿਸ਼ਵ ਕੈਂਸਰ ਦਿਵਸ ਮੌਕੇ ਕੀਤਾ ਜਾਗਰੂਕ
ਵਿਸ਼ਵ ਕੈਂਸਰ ਦਿਵਸ’ ਮੌਕੇ ਕੀਤਾ ਜਾਗਰੂਕ
Publish Date: Wed, 04 Feb 2026 06:10 PM (IST)
Updated Date: Wed, 04 Feb 2026 06:14 PM (IST)

- ਗੈਰ-ਸੰਚਾਰੀ ਰੋਗਾਂ ਤੋਂ ਬਚਾਅ ਲਈ ਜਾਂਚ ਜ਼ਰੂਰੀ : ਡਾ. ਮਹੀਪ ਕੌਰ ਮੁਕੇਸ਼ ਸਿੰਗਲਾ, ਪੰਜਾਬੀ ਜਾਗਰਣ ਭਵਾਨੀਗੜ੍ਹ : ਸੀਨੀਅਰ ਮੈਡੀਕਲ ਅਫਸਰ ਭਵਾਨੀਗੜ੍ਹ ਡਾ. ਮਹੀਪ ਕੌਰ ਦੀ ਅਗਵਾਈ ਹੇਠ ਸੀਐੱਚਸੀ ਭਵਾਨੀਗੜ੍ਹ ਅਧੀਨ ਆਉਂਦੇ ਵੱਖ-ਵੱਖ ਸਿਹਤ ਕੇਂਦਰਾਂ ਵਿੱਚ ਵਿਸ਼ਵ ਕੈਂਸਰ ਦਿਵਸ ਮੌਕੇ ਲੋਕਾਂ ਨੂੰ ਜਾਗਰੂਕ ਕੀਤਾ ਗਿਆ। ਇਸ ਮੌਕੇ ਵੱਖ-ਵੱਖ ਜਾਗਰੂਕਤਾ ਸਰਗਰਮੀਆਂ ਰਾਹੀਂ ਲੋਕਾਂ ਨੂੰ ਇਸ ਨਾਮੁਰਾਦ ਬਿਮਾਰੀ ਦੇ ਲੱਛਣਾਂ ਅਤੇ ਬਚਾਅ ਦੇ ਤਰੀਕਿਆਂ ਬਾਰੇ ਵਿਸਥਾਰਪੂਰਵਕ ਜਾਣਕਾਰੀ ਦਿੱਤੀ ਗਈ। ਸੀਨੀਅਰ ਮੈਡੀਕਲ ਅਫਸਰ ਡਾ. ਮਹੀਪ ਕੌਰ ਨੇ ਕਿਹਾ ਕਿ ਕੈਂਸਰ ਵਰਗੀ ਭਿਆਨਕ ਬਿਮਾਰੀ ਤੋਂ ਡਰਨ ਦੀ ਲੋੜ ਨਹੀਂ ਹੈ, ਸਗੋਂ ਸਮੇਂ ਸਿਰ ਜਾਗਰੂਕ ਹੋਣ ਦੀ ਲੋੜ ਹੈ। ਉਨ੍ਹਾਂ ਦੱਸਿਆ ਕਿ ਜੇਕਰ ਕੈਂਸਰ ਦੀ ਪਛਾਣ ਪਹਿਲੀ ਸਟੇਜ ’ਤੇ ਹੋ ਜਾਵੇ ਤਾਂ ਇਸ ਦਾ ਇਲਾਜ ਸੰਭਵ ਹੈ। ਉਨ੍ਹਾਂ ਲੋਕਾਂ ਨੂੰ ਅਪੀਲ ਕੀਤੀ ਕਿ ਜੇਕਰ ਸਰੀਰ ਦੇ ਕਿਸੇ ਵੀ ਹਿੱਸੇ ਵਿੱਚ ਕੋਈ ਅਣਜਾਣ ਗੰਢ, ਲੰਬੇ ਸਮੇਂ ਤੋਂ ਖਾਂਸੀ, ਆਵਾਜ਼ ਵਿੱਚ ਭਾਰੀਪਨ ਜਾਂ ਭੁੱਖ ਨਾ ਲੱਗਣ ਵਰਗੇ ਲੱਛਣ ਦਿਖਾਈ ਦੇਣ, ਤਾਂ ਤੁਰੰਤ ਸਰਕਾਰੀ ਹਸਪਤਾਲ ਵਿੱਚ ਜਾਂਚ ਕਰਵਾਉਣੀ ਚਾਹੀਦੀ ਹੈ। ਇਸ ਮੌਕੇ ਉਨ੍ਹਾਂ ਦੱਸਿਆ ਕਿ ਸਾਡੀ ਬਦਲ ਰਹੀ ਜੀਵਨਸ਼ੈਲੀ, ਨਸ਼ਿਆਂ ਦਾ ਸੇਵਨ (ਖਾਸ ਕਰ ਕੇ ਤੰਬਾਕੂ ਅਤੇ ਸਿਗਰਟਨੋਸ਼ੀ) ਅਤੇ ਗਲਤ ਖਾਣ-ਪੀਣ ਕੈਂਸਰ ਦੇ ਮੁੱਖ ਕਾਰਨ ਬਣ ਰਹੇ ਹਨ। ਉਨ੍ਹਾਂ ਔਰਤਾਂ ਨੂੰ ਛਾਤੀ ਦੇ ਕੈਂਸਰ ਅਤੇ ਬੱਚੇਦਾਨੀ ਦੇ ਕੈਂਸਰ ਪ੍ਰਤੀ ਸੁਚੇਤ ਰਹਿਣ ਲਈ ਵਿਸ਼ੇਸ਼ ਤੌਰ ’ਤੇ ਪ੍ਰੇਰਿਤ ਕੀਤਾ। ਇਸ ਮੌਕੇ ਗੁਰਵਿੰਦਰ ਸਿੰਘ ਬਲਾਕ ਐਜੂਕੇਟਰ ਨੇ ਦੱਸਿਆ ਕਿ ਇਸ ਮੌਕੇ ਮਰੀਜ਼ਾਂ ਅਤੇ ਉਨ੍ਹਾਂ ਦੇ ਵਾਰਸਾਂ ਨੂੰ ਜਾਗਰੂਕਤਾ ਸਮੱਗਰੀ (ਪੈਂਫਲੈੱਟ) ਵੀ ਵੰਡੀ ਗਈ, ਤਾਂ ਜੋ ਉਹ ਘਰ-ਘਰ ਜਾ ਕੇ ਹੋਰਨਾਂ ਨੂੰ ਵੀ ਸਿਹਤਮੰਦ ਜੀਵਨ ਜਿਊਣ ਲਈ ਜਾਗਰੂਕ ਕਰ ਸਕਣ।