ਸਕੂਟਰੀ ਸਵਾਰ ਨੂੰਹ ਤੇ ਸਹੁਰੇ ਨੂੰ ਟਰੱਕ ਨੇ ਮਾਰੀ ਫੇਟ, ਨੂੰਹ ਦੀ ਮੌਤ ਸਹੁਰਾ ਜ਼ਖ਼ਮੀ
ਸਕੂਟਰੀ ਸਵਾਰ ਨੂੰਹ ਅਤੇ ਸਹੁਰੇ ਨੂੰ ਟਰੱਕ ਨੇ ਮਾਰੀ ਫੇਟ,ਨੂੰਹ ਦੀ ਮੌਤ ਸਹੁਰਾ ਜਖਮੀ
Publish Date: Tue, 21 Apr 2026 05:37 PM (IST)
Updated Date: Wed, 22 Apr 2026 04:04 AM (IST)

ਦੀਪਕ ਬਾਂਸਲ, ਪੰਜਾਬੀ ਜਾਗਰਣ, ਤਪਾ ਮੰਡੀ : ਤਪਾ ਦੇ ਸਭ ਡਿਵੀਜ਼ਨਲ ਸਿਵਲ ਹਸਪਤਾਲ ਤੋਂ ਥੋੜੀ ਦੂਰ ਵਾਪਰੇ ਇਕ ਦਰਦਨਾਕ ਸੜਕ ਹਾਦਸੇ ’ਚ ਸਕੂਟਰੀ ਸਵਾਰ ਨੂੰਹ ਦੀ ਮੌਤ ਹੋ ਜਾਣ ਦਾ ਸਮਾਚਾਰ ਸਾਹਮਣੇ ਆਇਆ ਹੈ। ਜਦਕਿ ਸਹੁਰਾ ਗੰਭੀਰ ਜ਼ਖ਼ਮੀ ਹੋ ਗਿਆ। ਇਹ ਹਾਦਸਾ ਟਰੱਕ ਦੀ ਫੇਟ ਲੱਗਣ ਕਾਰਨ ਵਾਪਰਿਆ। ਮੌਕੇ ’ਤੇ ਪ੍ਰਾਪਤ ਕੀਤੀ ਜਾਣਕਾਰੀ ਅਨੁਸਾਰ ਬਜ਼ੁਰਗ ਗੁਰਮੇਲ ਸਿੰਘ ਆਪਣੀ ਨੂੰਹ ਸਿਮਰਨਜੀਤ ਕੌਰ ਪਤਨੀ ਹਰਦੇਵ ਸਿੰਘ ਵਾਸੀ ਲਸ਼ਕਰੀ ਪੱਤੀ ਢਿਲਵਾਂ ਸਮੇਤ ਸਕੂਟਰੀ ’ਤੇ ਸੁਵਿਧਾ ਕੇਂਦਰ ’ਚੋਂ ਵਾਪਸ ਆਪਣੇ ਪਿੰਡ ਢਿਲਵਾਂ ਪਰਤ ਰਹੇ ਸਨ। ਜਦ ਉਹ ਸਿਵਲ ਹਸਪਤਾਲ ਤੋਂ ਢਿਲਵਾਂ ਸਾਈਡ ਵੱਲ ਥੋੜਾ ਅੱਗੇ ਗਏ ਤਾਂ ਪਿੱਛੋਂ ਇਕ ਟਰੱਕ ਨੇ ਉਨ੍ਹਾਂ ਨੂੰ ਆਪਣੀ ਲਪੇਟ ’ਚ ਲੈ ਲਿਆ। ਇਸ ਕਾਰਨ ਸਿਮਰਨਜੀਤ ਕੌਰ ਦੀ ਮੌਕੇ ’ਤੇ ਹੀ ਮੌਤ ਹੋ ਗਈ ਜਦਕਿ ਬਜ਼ੁਰਗ ਗੁਰਮੇਲ ਸਿੰਘ ਗੰਭੀਰ ਜ਼ਖ਼ਮੀ ਹੋ ਗਿਆ। ਮੌਕੇ ’ਤੇ ਮੌਜੂਦ ਲੋਕਾਂ ਨੇ ਤੁਰੰਤ ਹਾਦਸੇ ਸਬੰਧੀ ਸੂਚਨਾ ਮਿੰਨੀ ਸਹਾਰਾ ਕਲੱਬ ਨੂੰ ਦਿੱਤੀ। ਸੂਚਨਾ ਮਿਲਦੇ ਹੀ ਕਲੱਬ ਦੇ ਵਲੰਟੀਅਰ ਮੌਕੇ ’ਤੇ ਪੁੱਜੇ ਅਤੇ ਜ਼ਖ਼ਮੀ ਬਜ਼ੁਰਗ ਨੂੰ ਚੁੱਕ ਕੇ ਸਿਵਲ ਹਸਪਤਾਲ ਤਪਾ ਵਿਖੇ ਦਾਖਲ ਕਰਵਾਇਆ। ਘਟਨਾ ਦਾ ਪਤਾ ਲੱਗਦੇ ਹੀ ਸਿਟੀ ਇੰਚਾਰਜ ਬਲਜੀਤ ਸਿੰਘ ਢਿੱਲੋਂ ਪੁਲਿਸ ਪਾਰਟੀ ਸਮੇਤ ਮੌਕੇ ’ਤੇ ਪੁੱਜੇ ਤੇ ਲਾਸ਼ ਨੂੰ ਆਪਣੇ ਕਬਜ਼ੇ ’ਚ ਲੈ ਕੇ ਐਂਬੂਲੈਂਸ ਜਰੀਏ ਮੋਰਚਰੀ ਹਾਊਸ ਬਰਨਾਲਾ ਵਿਖੇ ਭੇਜ ਦਿੱਤਾ। ਫਿਲਹਾਲ ਪੁਲਿਸ ਨੇ ਹਾਦਸੇ ਨੂੰ ਲੈ ਕੇ ਡੂੰਘਾਈ ਨਾਲ ਪੜਤਾਲ ਸ਼ੁਰੂ ਕਰ ਦਿੱਤੀ। ਦੱਸ ਦੇਈਏ ਕਿ ਮ੍ਰਿਤਕਾ ਆਪਣੇ ਪਿੱਛੇ ਪਤੀ ਤੇ ਦੋ ਧੀਆਂ ਛੱਡ ਗਈ ਹੈ, ਜਿਸਦੀ ਤਿੰਨ ਕੁ ਮਹੀਨੇ ਪਹਿਲਾਂ ਹੀ ਡਿਲਵਰੀ ਹੋਈ ਸੀ। ਉਧਰ ਘਟਨਾ ਦਾ ਪਤਾ ਲੱਗਦੇ ਹੀ ਪੂਰੇ ਪਿੰਡ ਚ ਸੋਗ ਦੀ ਲਹਿਰ ਦੌੜ ਗਈ।