ਸਹਾਇਕ ਪ੍ਰੋਫ਼ੈਸਰ ਤੇ ਲਾਇਬ੍ਰੇਰੀਅਨ ਫ਼ਰੰਟ ਨੇ ਸਰਕਾਰ ਦਾ ਪੁਤਲਾ ਸਾੜਿਆ
ਸਹਾਇਕ ਪ੍ਰੋਫ਼ੈਸਰ ਅਤੇ ਲਾਇਬ੍ਰੇਰੀਅਨ ਫ਼ਰੰਟ ਨੇ ਸਰਕਾਰ ਦਾ ਪੁਤਲਾ ਸਾੜਿਆ
Publish Date: Wed, 11 Mar 2026 06:02 PM (IST)
Updated Date: Wed, 11 Mar 2026 06:03 PM (IST)
ਸੰਗਰੂਰ : 1158 ਸਹਾਇਕ ਪ੍ਰੋਫ਼ੈਸਰ ਅਤੇ ਲਾਇਬ੍ਰੇਰੀਅਨ ਫ਼ਰੰਟ ਦੇ ਸੱਦੇ ਤੇ ਬੁੱਧਵਾਰ ਨੂੰ ਬੱਸ ਅੱਡੇ ਵਾਲੇ ਚੌਕ, ਸਰਕਾਰੀ ਰਣਬੀਰ ਕਾਲਜ ਸੰਗਰੂਰ ਅਤੇ ਡਾ.ਬੀਆਰ ਅੰਬੇਦਕਰ ਸਰਕਾਰੀ ਕਾਲਜ ਰੌਸ਼ਨਵਾਲਾ ਦੇ ਸਹਾਇਕ ਪ੍ਰੋਫ਼ੈਸਰਾਂ ਅਤੇ ਲਾਇਬ੍ਰੇਰੀਅਨਾਂ ਨੇ ਪੰਜਾਬ ਸਰਕਾਰ ਦਾ ਪੁਤਲਾ ਫੂਕਿਆ। ਕਾਲਜ ਗੇਟ ਤੋਂ ਮਾਰਚ ਦੀ ਸ਼ੁਰੂਆਤ ਕਰਦਿਆਂ ਸਬਜ਼ੀ ਮੰਡੀ ਚੌਕ, ਵਿਜੈ ਚੌਂਕ ਤੋਂ ਹੁੰਦੇ ਹੋਏ ਬੱਸ ਸਟੈਂਡ ਕੋਲ ਪੰਜਾਬ ਸਰਕਾਰ ਦਾ ਪੁਤਲਾ ਫੂਕਿਆ ਗਿਆ। ਇਸ ਮੌਕੇ ਪ੍ਰੋ. ਰੋਹਿਤ ਮਹਿਰੋਕ ਨੇ ਕਿਹਾ ਕਿ ਬੀਤੇ ਸ਼ਨਿਚਰਵਾਰ ਸਿੱਖਿਆ ਮੰਤਰੀ ਹਰਜੋਤ ਬੈਂਸ ਨੇ ਸੁਪਰੀਮ ਕੋਰਟ ਦੇ ਫ਼ੈਸਲੇ ਦੀ ਗ਼ਲਤ ਵਿਆਖਿਆ ਕਰਦਿਆਂ 1158 ਪੋਸਟਾਂ ਉੱਤੇ ਨਵੀਂ ਭਰਤੀ ਕਰਨ ਦਾ ਬਿਆਨ ਦਿੱਤਾ ਹੈ, ਜਦਕਿ ਪਾਰਦਰਸ਼ੀ ਤਰੀਕੇ ਨਾਲ ਭਰਤੀ ਹੋਏ 1158 ਸਹਾਇਕ ਪ੍ਰੋਫ਼ੈਸਰਾਂ ਅਤੇ ਲਾਇਬ੍ਰੇਰੀਅਨਾਂ ਦੇ ਸਥਾਈ ਰੁਜ਼ਗਾਰ ਦੀ ਸੁਰੱਖਿਆ ਲਈ ਸਰਕਾਰ ਨੇ ਨਾ ਤਾਂ ਰੀਵਿਊ ਪਟੀਸ਼ਨ ਸੁਹਿਰਦਤਾ ਨਾਲ ਦਾਇਰ ਕੀਤੀ ਅਤੇ ਨਾ ਹੀ ਕੋਈ ਚਾਰਾਜੋਈ ਆਰੰਭੀ ਹੈ। 1158 ਭਰਤੀ ਨੂੰ ਬਚਾਉਣ ਲਈ ਕੋਈ ਯਤਨ ਨਾ ਕਰਨਾ ਸਰਕਾਰ ਦੀ ਬਦਨੀਤ ਨੂੰ ਦਰਸਾਉਂਦਾ ਹੈ।
ਇਸ ਮੌਕੇ ਗੁਰਦੀਪ ਸਿੰਘ ਨੇ ਕਿਹਾ ਕਿ ਵਿਭਾਗ ਵੱਲੋਂ ਸੰਕੇਤਕ ਰੂਪ ਵਿੱਚ 17 ਫਰਵਰੀ ਤੱਕ ਸੀਮਤ ਕਰਨ, ਪ੍ਰਸੂਤਾ ਛੁੱਟੀਆਂ ਸਮੇਤ ਹੱਕੀ ਅਧਿਕਾਰਾਂ ਉੱਪਰ ਜ਼ਬਰੀ ਪਾਬੰਦੀ ਆਇਦ ਕਰਨ ਦੇ ਵਤੀਰੇ ਤੋਂ ਪੰਜਾਬ ਸਰਕਾਰ ਦਾ ਲੋਕ ਵਿਰੋਧੀ ਚਿਹਰਾ ਪਹਿਲਾ ਹੀ ਨਸ਼ਰ ਹੋ ਚੁੱਕਿਆ ਹੈ। ਪ੍ਰੋ. ਅਵਤਾਰ ਸਿੰਘ ਨੇ ਕਿਹਾ ਕਿ 1158 ਭਰਤੀ ਸਾਡੇ ਲਈ ਜਿਊਣ ਮਰਨ ਦਾ ਸਵਾਲ ਬਣ ਚੁੱਕੀ ਹੈ। 1158 ਸਹਾਇਕ ਪ੍ਰੋਫ਼ੈਸਰਾਂ ਅਤੇ ਲਾਇਬ੍ਰੇਰੀਅਨਾਂ ਦੇ ਸਥਾਈ ਰੁਜ਼ਗਾਰ ਨੂੰ ਬਚਾਉਣ ਦੇ ਸਾਰਥਕ ਯਤਨ ਨਜ਼ਰ ਨਹੀਂ ਆਉਂਦੇ ਤਾਂ ਸੰਘਰਸ਼ ਹੋਰ ਤੇਜ਼ ਕੀਤਾ ਜਾਵੇਗਾ। ਜੇਕਰ ਸਰਕਾਰ ਤੁਰੰਤ ਮੀਟਿੰਗ ਕਰ ਕੇ 1158 ਸਹਾਇਕ ਪ੍ਰੋਫ਼ੈਸਰਾਂ ਤੇ ਲਾਇਬ੍ਰੇਰੀਅਨਾਂ ਦੇ ਹੱਕਾਂ ਦੀ ਰਾਖੀ ਲਈ ਚਾਰਾਜੋਈ ਨਹੀਂ ਕਰਦੀ ਤਾਂ 15 ਮਾਰਚ ਨੂੰ ਗੰਭੀਰਪੁਰ ਵਿਖੇ ਸਿੱਖਿਆ ਮੰਤਰੀ ਦੀ ਰਿਹਾਇਸ਼ ਅੱਗੇ ਸੂਬਾ ਪੱਧਰੀ ਰੋਸ ਪ੍ਰਦਰਸ਼ਨ ਕੀਤਾ ਜਾਵੇਗਾ। ਪ੍ਰੋ. ਨਿਰਭੈ ਸਿੰਘ ਨੇ ਕਿਹਾ ਕਿ 1158 ਭਰਤੀ ਤੇ ਸਰਕਾਰੀ ਕਾਲਜਾਂ ਵਿਚ ਕੰਮ ਕਰ ਰਹੇ ਪ੍ਰੋਫ਼ੈਸਰਾਂ ਦੀ ਜਗ੍ਹਾ ਬਜਟ ਸੈਸ਼ਨ ਦੌਰਾਨ ਸਿੱਖਿਆ ਮੰਤਰੀ ਵੱਲੋਂ ਨਵੀਂ ਭਰਤੀ ਦਾ ਐਲਾਨ ਕਰਨਾ ਪਹਿਲਾਂ ਨਿਯੁਕਤ ਪ੍ਰੋਫੈਸਰਾਂ ਦੇ ਰੁਜ਼ਗਾਰ ਉੱਤੇ ਸਿੱਧਾ ਹਮਲਾ ਹੈ।