ਖੁਦਕੁਸ਼ੀ ਲਈ ਮਜ਼ਬੂਰ ਕਰਨ ਵਾਲਿਆਂ ਦੇ ਖ਼ਿਲਾਫ਼ ਮਾਮਲਾ ਦਰਜ
ਖੁਦਕੁਸ਼ੀ ਲਈ ਮਜ਼ਬੂਰ ਕਰਨ ਵਾਲਿਆਂ ਦੇ ਖਿਲਾਫ਼ ਮਾਮਲਾ ਦਰਜ
Publish Date: Fri, 24 Apr 2026 04:37 PM (IST)
Updated Date: Sat, 25 Apr 2026 04:02 AM (IST)

ਸਟਾਫ਼ ਰਿਪੋਰਟਰ, ਪੰਜਾਬੀ ਜਾਗਰਣ, ਬਰਨਾਲਾ : ਥਾਣਾ ਮਹਿਲ ਕਲਾਂ ਦੀ ਪੁਲਿਸ ਨੇ ਖੁਦਕੁਸ਼ੀ ਲਈ ਮਜਬੂਰ ਕਰਨ ਵਾਲਿਆਂ ਦੇ ਖ਼ਿਲਾਫ਼ ਮਾਮਲਾ ਦਰਜ ਕੀਤਾ ਹੈ। ਪੁਲਿਸ ਕੋਲ ਮੁਦੱਈ ਰਮਨਦੀਪ ਕੌਰ ਪਤਨੀ ਸਵ. ਕੁਲਵਿੰਦਰ ਸਿੰਘ ਪੁੱਤਰ ਦਰਸ਼ਨ ਸਿੰਘ ਵਾਸੀ ਛੀਨੀਵਾਲ ਰੋਡ ਮੂੰਮ ਨੇ ਬਿਆਨ ਦਰਜ ਕਰਵਾਏ ਕਿ ਉਸ ਦੀ ਸ਼ਾਦੀ ਅਰਸਾ ਕਰੀਬ 22 ਸਾਲ ਪਹਿਲਾਂ ਕੁਲਵਿੰਦਰ ਸਿੰਘ ਪੁੱਤਰ ਦਰਸ਼ਨ ਸਿੰਘ ਵਾਸੀ ਮੂੰਮ ਨਾਲ ਹੋਈ ਸੀ। ਉਸ ਦੇ ਪਤੀ ਕੁਲਵਿੰਦਰ ਸਿੰਘ ਨੇ ਸਾਡੇ ਬਾਹਰਲੇ ਘਰ ’ਚ ਬਣੇ ਕਮਰੇ ’ਚ ਲੱਗੇ ਪੱਖੇ ਨੂੰ ਰੱਸਾ ਪਾ ਕੇ ਫਾਹਾ ਲੈ ਕੇ ਆਪਣੀ ਜੀਵਨ ਲੀਲਾ ਖ਼ਤਮ ਕਰ ਲਈ ਸੀ, ਮੇਰਾ ਪਤੀ ਕੁਲਵਿੰਦਰ ਸਿੰਘ ਕੁੱਝ ਦਿਨਾਂ ਤੋਂ ਰਾਣੀ ਕੌਰ ਪਤਨੀ ਜਗਸੀਰ ਸਿੰਘ ਪੁੱਤਰ ਸੁੱਖਾ ਸਿੰਘ ਵਾਸੀ ਮੂੰਮ ਦੇ ਨਾਲ ਪੈਸਿਆਂ ਦੇ ਲੈਣ-ਦੇਣ ਕਰ ਕੇ ਡਿਪਰੈਸ਼ਨ ’ਚ ਰਹਿੰਦਾ ਸੀ, ਸਾਨੂੰ ਪਤਾ ਲੱਗਾ ਕਿ ਉਸਦਾ ਪਤੀ ਕੁਲਵਿੰਦਰ ਸਿੰਘ, ਰਾਣੀ ਕੌਰ ਨੂੰ ਪੈਸੇ ਦਿੰਦਾ ਰਹਿੰਦਾ ਸੀ, ਜਦੋਂ ਉਸਦਾ ਪਤੀ ਕੁਲਵਿੰਦਰ ਸਿੰਘ ਨੇ ਰਾਣੀ ਕੌਰ ਤੋਂ ਪੈਸੇ ਵਾਪਸ ਮੰਗੇ ਤਾਂ ਉਸਨੇ ਪੈਸੇ ਵਾਪਸ ਦੇਣ ਤੋਂ ਮਨਾ ਕਰ ਦਿੱਤਾ ਸੀ, ਜੋ ਉਸਦੇ ਪਤੀ ਨੂੰ ਕਹਿੰਦੀ ਕਿ ਤੂੰ ਜਿੱਥੇ ਮਰਜੀ ਮਰਨਾ, ਮਰ ਪਰ ਮੈਂ ਤੈਨੂੰ ਪੈਸੇ ਨਹੀਂ ਦਿੰਦੀ। ਪੁਲਿਸ ਨੇ ਮੁਦੱਈ ਦੇ ਬਿਆਨਾਂ ਦੇ ਆਧਾਰ ’ਤੇ ਰਾਣੀ ਕੌਰ ਪਤਨੀ ਜਗਸੀਰ ਸਿੰਘ ਪੁੱਤਰ ਸੁੱਖਾ ਸਿੰਘ ਵਾਸੀ ਮੂੰਮ ਖ਼ਿਲਾਫ਼ ਮਾਮਲਾ ਦਰਜ ਕਰ ਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।