7ਵਾਂ ਸ਼ਹੀਦ ਸੈਨਿਕ ਸ਼ਰਧਾਂਜਲੀ ਸਮਾਗਮ ਕਰਵਾਇਆ
7ਵਾਂ ਸ਼ਹੀਦ ਸੈਨਿਕ ਸ਼ਰਧਾਂਜਲੀ ਸਮਾਗਮ ਕਰਵਾਇਆ
Publish Date: Mon, 16 Mar 2026 04:04 PM (IST)
Updated Date: Tue, 17 Mar 2026 04:01 AM (IST)

ਸਟਾਫ਼ ਰਿਪੋਰਟਰ, ਪੰਜਾਬੀ ਜਾਗਰਣ, ਬਰਨਾਲਾ : ਸਾਬਕਾ ਸੈਨਿਕ ਵੈੱਲਫੇਅਰ ਐਸੋਸੀਏਸ਼ਨ ਬਰਨਾਲਾ ਦੇ ਬਲਾਕ ਮਹਿਲ ਕਲਾਂ ਵੱਲੋਂ ਬਲਾਕ ਦੇ 19 ਸ਼ਹੀਦ ਫੌ਼ਜੀਆਂ ਦੀ ਯਾਦ ’ਚ ਹਰ ਸਾਲ ਮਨਾਏ ਜਾਣ ਵਾਲੇ ਸਾਲਾਨਾ ਸਮਾਗਮਾਂ ਦੀ ਲੜੀ ਤਹਿਤ 7ਵਾਂ ਸ਼ਹੀਦ ਸੈਨਿਕ ਸ਼ਰਧਾਂਜਲੀ ਸਮਾਗਮ ਪਿੰਡ ਮਹਿਲ ਖੁਰਦ ਦੇ ਗੁਰਦੁਆਰਾ ਸਾਹਿਬ ਭਗਤ ਰਵਿਦਾਸ ਜੀ ਵਿਖੇ ਬਲਾਕ ਮਹਿਲ ਕਲਾਂ ਦੇ ਸਾਬਕਾ ਫੌ਼ਜੀਆਂ ਤੇ ਨਗਰ ਨਿਵਾਸੀਆਂ ਦੇ ਸਹਿਯੋਗ ਨਾਲ ਬਹੁਤ ਹੀ ਸ਼ਰਧਾ ਤੇ ਸਤਿਕਾਰ ਨਾਲ ਮਨਾਇਆ ਗਿਆ। ਇਸ ਮੌਕੇ 13 ਮਾਰਚ ਨੂੰ ਸ੍ਰੀ ਅਖੰਡ ਪਾਠ ਸਾਹਿਬ ਦੇ ਪ੍ਰਕਾਸ਼ ਕਰਵਾਏ ਗਏ ਅਤੇ 15 ਮਾਰਚ ਨੂੰ ਭੋਗ ਪਾਏ ਗਏ। ਸਮਾਗਮ ਦੌਰਾਨ ਕੀਰਤਨ ਦਰਬਾਰ ਸਜਾਇਆ ਗਿਆ, ਜਿਸ ’ਚ ਰਾਗੀ ਭਾਈ ਬਲਵਿੰਦਰ ਸਿੰਘ ਫੌ਼ਜੀ ਦੇ ਜਥੇ ਵੱਲੋਂ ਗੁਰਬਾਣੀ ਕੀਰਤਨ ਕਰਕੇ ਸੰਗਤ ਨੂੰ ਨਿਹਾਲ ਕੀਤਾ ਗਿਆ। ਅਰਦਾਸ ਉਪਰੰਤ ਵੱਖ-ਵੱਖ ਜੰਗਾਂ ਦੌਰਾਨ ਸ਼ਹਾਦਤ ਪ੍ਰਾਪਤ ਕਰਨ ਵਾਲੇ 19 ਜਾਂਬਾਜ਼ ਸੈਨਿਕਾਂ ਤੇ 2 ਸੁਤੰਤਰਤਾ ਸੰਗਰਾਮੀਆਂ ਦੇ ਪਰਿਵਾਰਾਂ ਨੂੰ ਸਿਰੋਪਾਓ ਤੇ ਸਨਮਾਨ ਚਿੰਨ ਭੇਟ ਕਰ ਕੇ ਸਨਮਾਨਿਤ ਕੀਤਾ ਗਿਆ। ਇਸ ਦੇ ਨਾਲ ਹੀ ਬਲਾਕ ਮਹਿਲ ਕਲਾਂ ਦੇ ਵੱਖ-ਵੱਖ ਰੈਜੀਮੈਂਟਾਂ ਵਿੱਚੋਂ ਰਿਟਾਇਰ ਹੋ ਕੇ ਨਵੇਂ ਪੈਨਸ਼ਨ ਆਏ 12 ਸੈਨਿਕਾਂ ਨੂੰ ਵੀ ਸਨਮਾਨਿਤ ਕਰ ਕੇ ਜਥੇਬੰਦੀ ’ਚ ਸ਼ਾਮਲ ਕੀਤਾ ਗਿਆ। ਇਸ ਦੌਰਾਨ ਸੰਬੋਧਨ ਕਰਦਿਆਂ ਬਲਾਕ ਮਹਿਲ ਕਲਾਂ ਦੇ ਪ੍ਰਧਾਨ ਸੂਬੇਦਾਰ ਮੇਜਰ ਜਰਨੈਲ ਸਿੰਘ ਸਹਿਜੜਾ ਨੇ ਸ਼ਹੀਦਾਂ ਦੀਆਂ ਕੁਰਬਾਨੀਆਂ ਨੂੰ ਯਾਦ ਕਰਦਿਆਂ ਕਿਹਾ ਕਿ ਸ਼ਹੀਦ ਕੌਮ ਦਾ ਸਭ ਤੋਂ ਵੱਡਾ ਸਰਮਾਇਆ ਹੁੰਦੇ ਹਨ। ਜ਼ਿਲ੍ਹਾ ਪ੍ਰਧਾਨ ਗੁਰਨਾਮ ਸਿੰਘ ਭੋਤਨਾ, ਸੂਬੇਦਾਰ ਚਮਕੌਰ ਸਿੰਘ ਮੱਲੀਆਂ ਅਤੇ ਨੰਬਰਦਾਰ ਸੁਰਜੀਤ ਸਿੰਘ ਵਿਧਾਤੇ ਨੇ ਕਿਹਾ ਕਿ ਮੌਜੂਦਾ ਸਰਕਾਰਾਂ ਵੱਲੋਂ ਸ਼ਹੀਦ ਪਰਿਵਾਰਾਂ ਦੀ ਯਥੋਚਿਤ ਦੇਖਭਾਲ ਨਹੀਂ ਕੀਤੀ ਜਾ ਰਹੀ, ਜਿਸ ਕਾਰਨ ਕਈ ਕੰਮ ਸਾਬਕਾ ਸੈਨਿਕਾਂ ਨੂੰ ਆਪਸੀ ਏਕਤਾ ਨਾਲ ਕਰਨੇ ਪੈ ਰਹੇ ਹਨ। ਇਸ ਮੌਕੇ ਵਿਧਾਇਕ ਮਹਿਲ ਕਲਾਂ ਕੁਲਵੰਤ ਸਿੰਘ ਪਡੋਰੀ ਨੇ ਸ਼ਹੀਦਾਂ ਨੂੰ ਸ਼ਰਧਾਂਜਲੀ ਭੇਟ ਕਰਦਿਆਂ ਹਲਕੇ ’ਚ ਸ਼ਹੀਦਾਂ ਦੀ ਯਾਦ ’ਚ ਯਾਦਗਾਰੀ ਗੇਟ ਬਣਾਉਣ ਅਤੇ ਸ਼ਹੀਦ ਪਰਿਵਾਰਾਂ ਦੀ ਹਰ ਸੰਭਵ ਮੱਦਦ ਕਰਨ ਦਾ ਭਰੋਸਾ ਦਿੱਤਾ। ਇਸ ਮੌਕੇ ਕੈਪਟਨ ਦਰਬਾਰਾ ਸਿੰਘ ਪੱਖੋਕੇ, ਕੈਪਟਨ ਸਾਧੂ ਸਿੰਘ ਮੂੰਮ, ਕੈਪਟਨ ਗੁਰਮੇਲ ਸਿੰਘ ਛਾਪਾ, ਸੂਬੇਦਾਰ ਗੁਰਮੇਲ ਸਿੰਘ ਕੁਤਬਾ, ਸੂਬੇਦਾਰ ਮੇਜਰ ਹਰਦੀਪ ਸਿੰਘ ਰੰਧਾਵਾ, ਸੂਬੇਦਾਰ ਮੇਜਰ ਕਰਮਜੀਤ ਸਿੰਘ, ਸੂਬੇਦਾਰ ਪ੍ਰੇਮ ਸਿੰਘ ਸਮੇਤ ਕਈ ਸਾਬਕਾ ਸੈਨਿਕ, ਪਿੰਡਾਂ ਦੇ ਨੁਮਾਇੰਦੇ ਅਤੇ ਨਗਰ ਨਿਵਾਸੀ ਵੱਡੀ ਗਿਣਤੀ ’ਚ ਮੌਜੂਦ ਸਨ। ਸਮਾਗਮ ਦੌਰਾਨ ਆਈਆਂ ਸੰਗਤਾਂ ਲਈ ਗੁਰੂ ਕਾ ਲੰਗਰ ਅਤੁੱਟ ਵਰਤਾਇਆ ਗਿਆ।