ਫਰਜੀ ਫਿਰੋਤੀ ਫੋਨ ਕਾਲਾਂ ਦਾ ਪਰਦਾਫਾਸ਼, ਪੰਜ ਕਾਬੂ
ਬਰਨਾਲਾ ਦੇ ਭੱਠਾ ਮਾਲਕ ਨੇ ਗੰਨਮੈਨ ਲੈਣ ਲਈ ਰਚੀ ਸਾਜਿਸ਼, ਸੀਆਈਏ ਨੇ ਦਬੋਚਿਆ
Publish Date: Sun, 08 Mar 2026 06:10 PM (IST)
Updated Date: Mon, 09 Mar 2026 04:07 AM (IST)

ਬਰਨਾਲਾ ਦੇ ਭੱਠਾ ਮਾਲਕ ਨੇ ਗੰਨਮੈਨ ਲੈਣ ਲਈ ਰਚੀ ਸਾਜਿਸ਼, ਸੀਆਈਏ ਨੇ ਦਬੋਚਿਆ ਯਾਦਵਿੰਦਰ ਸਿੰਘ ਭੁੱਲਰ, ਪੰਜਾਬੀ ਜਾਗਰਣ, ਬਰਨਾਲਾ : ਫੋਕੀ ਸ਼ੋਹਰਤ ਹਾਸਲ ਕਰਨ ਦੀ ਖ਼ਾਤਰ ਕਈ ਵਾਰ ਕੁਝ ਲੋਕ ਅਜਿਹੇ ਢੰਗ ਤਰੀਕੇ ਅਪਣਾ ਲੈਂਦੇ ਹਨ ਜਿਹੜੇ ਕਾਨੂੰਨ ਵਿਰੋਧੀ ਹੁੰਦੇ ਹਨ ਅਤੇ ਫਿਰ ਕਾਨੂੰਨ ਅਜਿਹੇ ਲੋਕਾਂ ਨੂੰ ਸਿਕੰਜੇ ’ਚ ਲੈ ਲੈਂਦਾ ਹੈ। ਅਜਿਹੀ ਹੀ ਇਕ ਘਟਨਾ ਦਾ ਪਰਦਾਫਾਸ਼ ਕੀਤਾ ਹੈ ਬਰਨਾਲਾ ਪੁਲਿਸ ਨੇ। ਜਿਲ੍ਹਾ ਪੁਲਿਸ ਮੁਖੀ ਮੁਹੰਮਦ ਸਰਫਰਾਜ ਆਲਮ ਨੇ ਐਤਵਾਰ ਬਾਅਦ ਦੁਪਹਿਰ ਇਹ ਖੁਲਾਸਾ ਕਿ ਬਰਨਾਲਾ ਦੇ ਇਕ ਭੱਠਾ ਮਾਲਕ ਵੱਲੋਂ ਫੋਕੀ ਸ਼ੋਹਰਤ ਲੈਣ ਲਈ ਗੰਨਮੈਨ ਲੈਣ ਦੀ ਯੋਜਨਾ ਘੜੀ ਗਈ ਸੀ, ਜਿਸਦੀ ਛਾਣਬੀਣ ਸੀਆਈਏ ਸਟਾਫ਼ ਬਰਨਾਲਾ ਦੇ ਇੰਚਾਰਜ ਬਲਜੀਤ ਸਿੰਘ ਨੇ ਕਰਦਿਆਂ ਉਸ ਵੱਲੋਂ ਰਚੀ ਝੂਠੀ ਕਹਾਣੀ ਨੂੰ ਜੱਗ ਜਾਹਿਰ ਕਰਦਿਆਂ ਖੁਦ ਵਪਾਰੀ ’ਤੇ ਇਸ ਯੋਜਨਾ ’ਚ ਸ਼ਾਮਲ ਉਸਦੇ ਸਾਥੀਆਂ ਨੂੰ ਦਬੋਚ ਲਿਆ ਹੈ। ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਐਸਐਸਪੀ ਬਰਨਾਲਾ ਮੁਹੰਮਦ ਸਰਫਰਾਜ ਆਲਮ ਨੇ ਪ੍ਰੈੱਸ ਕਾਨਫਰੰਸ ਦੌਰਾਨ ਦੱਸਿਆ ਕਿ ਬਰਨਾਲਾ ਦੇ ਰਾਮਬਾਗ ਰੋਡ ਦਾ ਰਹਿਣ ਵਾਲਾ ਸ਼ਿਵਮ ਮਿੱਤਲ ਠੀਕਰੀਵਾਲਾ ਪਿੰਡ ਨੇੜੇ ਇੱਟਾਂ ਦੇ ਭੱਠੇ ਦਾ ਮਾਲਕ ਹੈ, ਉਸਨੇ ਆਪਣੇ ਡਰਾਈਵਰ ਨਾਲ ਮਿਲ ਕੇ ਪੁਲਿਸ ਤੋਂ ਗੰਨਮੈਨ ਲੈਣ ਦੀ ਇੱਕ ਯੋਜਨਾ ਬਣਾਈ ਜਿਸ ਤਹਿਤ ਸ਼ਿਵਮ ਮਿੱਤਲ ਨੇ ਪੁਲਿਸ ਨੂੰ ਦਰਖ਼ਾਸਤ ਦਿੱਤੀ ਕਿ ਉਸ ਕੋਲੋਂ ਕਿਸੇ ਨੇ ਧਮਕੀ ਭਰਿਆ ਫੋਨ ਕਰਕੇ 20 ਲੱਖ ਰੁਪਏ ਦੀ ਫਿਰੌਤੀ ਮੰਗੀ ਹੈ। ਇਸ ਯੋਜਨਾ ’ਚ ਭੱਠਾ ਮਾਲਕ ਸ਼ਿਵਮ ਮਿੱਤਲ ਨੇ ਆਪਣੇ ਡਰਾਈਵਰ ਪਰਮਜੀਤ ਸਿੰਘ ਉਰਫ ਪੰਮਾ ਵਾਸੀ ਪੱਤੀ ਰੋਡ ਅਤੇ ਗੁਰਪ੍ਰੀਤ ਸਿੰਘ ਉਰਫ ਗੋਪੀ ਵਾਸੀ ਕਾਂਗੜ ਪੱਤੀ ਭਾਈ ਰੂਪਾ ਹਾਲ ਆਬਾਦ ਪੱਤੀ ਰੋਡ ਬਰਨਾਲਾ ਗਲੀ ਨੰਬਰ 5 ਨੂੰ ਵੀ ਸ਼ਾਮਿਲ ਕਰ ਲਿਆ। ਸ਼ਿਵਮ ਮਿੱਤਲ ਦੀ ਯੋਜਨਾ ਅਨੁਸਾਰ ਉਸਦੇ ਡਰਾਈਵਰ ਪਰਮਜੀਤ ਸਿੰਘ ਨੇ ਅੱਗੇ ਦੋ ਹੋਰ ਵਿਅਕਤੀਆਂ ਕੁਲਵੰਤ ਰਾਏ ਵਿੱਕੀ ਅਤੇ ਕਮਲਪ੍ਰੀਤ ਸਿੰਘ ਉਰਫ ਬੱਬੂ ਵਾਸੀ ਭਾਈ ਰੂਪਾ ਨੂੰ ਵੀ ਆਪਣੇ ਨਾਲ ਮਿਲਾ ਲਿਆ। ਯੋਜਨਾ ਦੇ ਅਨੁਸਾਰ ਕੁਲਵੰਤ ਰਾਏ ਉਰਫ ਵਿੱਕੀ ਅਤੇ ਕਮਲਪ੍ਰੀਤ ਸਿੰਘ ਉਰਫ ਬੱਬੂ ਨੇ 7 ਮਾਰਚ ਨੂੰ ਸ਼ਿਵਮ ਮਿੱਤਲ ਦੇ ਇੱਟਾਂ ਦੇ ਭੱਠੇ ਤੇ ਫਾਇਰਿੰਗ ਕਰਨ ਦੀ ਵਾਰਦਾਤ ਨੂੰ ਅੰਜਾਮ ਦੇਣਾ ਸੀਂ ਪ੍ਰੰਤੂ ਇਸ ਦੌਰਾਨ ਬਰਨਾਲਾ ਠੀਕਰੀਵਾਲਾ ਰੋਡ ਤੋਂ ਪਿੰਡ ਸੰਘੇੜਾ ਜਾਂਦੀ ਲਿੰਕ ਰੋਡ ਤੇ ਇਨੋਵਾ ਗੱਡੀ ਪੀਬੀ 19 3232 ’ਚ ਪੁਲਿਸ ਨੇ ਇਹਨਾਂ ਨੂੰ ਕਾਬੂ ਕਰ ਲਿਆ। ਪੁਲਿਸ ਨੇ ਇਨ੍ਹਾਂ ਦੋਸ਼ੀਆਂ ਕੋਲੋਂ ਇੱਕ ਪਿਸਤੌਲ 315 ਬੋਰ ਸਮੇਤ ਦੋ ਜ਼ਿੰਦਾ ਕਾਰਤੂਸ ਵੀ ਬਰਾਮਦ ਕੀਤੇ। ਐਸਐਸਪੀ ਨੇ ਦੱਸਿਆ ਕਿ ਜਦੋਂ ਸ਼ਿਵਮ ਮਿੱਤਲ ਨੇ ਉਸਨੂੰ 20 ਲੱਖ ਦੀ ਫਿਰੌਤੀ ਦੇ ਧਮਕੀ ਭਰੇ ਫੋਨ ਸਬੰਧੀ ਦਰਖ਼ਾਸਤ ਦਿੱਤੀ ਤਾਂ ਇਸ ਦੌਰਾਨ ਸੀਆਈਏ ਸਟਾਫ਼ ਬਰਨਾਲਾ ਦੀ ਟੀਮ ਨੇ ਇੰਸਪੈਕਟਰ ਬਲਜੀਤ ਸਿੰਘ ਦੀ ਅਗਵਾਈ ਹੇਠ ਤਕਨੀਕੀ ਅਤੇ ਤੱਥਾਂ ਦੇ ਅਧਾਰ ਤੇ ਡੁੰਘਾਈ ਨਾਲ ਪੜਤਾਲ ਕੀਤੀ ਜਿਸ ਤੋਂ ਬਾਅਦ ਸ਼ੱਕ ਦੀ ਸੂਈ ਸ਼ਿਵਮ ਮਿੱਤਲ ਵੱਲ ਹੀ ਜਾ ਰਹੀ ਸੀ ਅਤੇ ਦੌਰਾਨੇ ਪੜ੍ਹਤਾਲ ਪੁਲਿਸ ਨੇ ਉਕਤ ਦੋਸ਼ੀਆਂ ਨੂੰ ਕਾਬੂ ਕੀਤਾ। ਐਸਐਸਪੀ ਨੇ ਦੱਸਿਆ ਕਿ ਸ਼ਿਵਮ ਮਿੱਤਲ ਨੇ ਫੋਕੀ ਸ਼ੋਹਰਤ ਲਈ ਸਰਕਾਰੀ ਗੰਨਮੈਨ ਲੈਣ ਦੀ ਖ਼ਾਤਰ ਹੀ ਆਪਣੇ ਆਪ ਨੂੰ 20 ਲੱਖ ਦੀ ਫਿਰੌਤੀ ਸਬੰਧੀ ਧਮਕੀ ਭਰੇ ਫੋਨ ਦੀ ਇਹ ਕਹਾਣੀ ਬਣਾਈ ਅਤੇ ਆਪਣੇ ਡਰਾਈਵਰ ਤੇ ਇੱਕ ਹੋਰ ਕਰਮਚਾਰੀ ਨਾਲ ਮਿਲ ਕੇ ਦੋ ਹੋਰ ਵਿਅਕਤੀਆਂ ਨੂੰ ਪੈਸੇ ਦਾ ਲਾਲਚ ਦੇ ਕੇ ਇੱਟਾਂ ਦੇ ਭੱਠੇ ਤੇ ਫਾਇਰਿੰਗ ਕਰਵਾਉਣ ਸਬੰਧੀ ਜਾਲ ਬੁਣਿਆ ਪ੍ਰੰਤੂ ਪੁਲਿਸ ਵੱਲੋਂ ਕੀਤੀ ਪੜਤਾਲ ਤਹਿਤ ਆਪਣੇ ਜਾਲ ਸ਼ਿਵਮ ਮਿੱਤਲ ਖੁਦ ਹੀ ਫਸ ਗਿਆ। ਉਕਤ ਦੋਸ਼ੀਆਂ ਦੇ ਖ਼ਿਲਾਫ਼ ਥਾਣਾ ਸਿਟੀ 1 ਬਰਨਾਲਾ ਵਿਖੇ ਵੱਖ-ਵੱਖ ਧਾਰਾਵਾਂ ਤਹਿਤ ਮੁਕੱਦਮਾ ਦਰਜ ਕੀਤਾ ਗਿਆ ਹੈ। ਪ੍ਰੈੱਸ ਕਾਨਫਰੰਸ ਦੌਰਾਨ ਨੇ ਐਸਪੀਡੀ ਅਸ਼ੋਕ ਕੁਮਾਰ, ਡੀਐਸਪੀਡੀ ਰਾਜਿੰਦਰਪਾਲ ਸਿੰਘ . ਇੰਸਪੈਕਟਰ ਬਲਜੀਤ ਸਿੰਘ ਸੀਆਈਏ ਇੰਚਾਰਜ ਅਤੇ ਏਐਸਆਈ ਸੁਖਵਿੰਦਰ ਸਿੰਘ ਵੀ ਹਾਜ਼ਰ ਸਨ।