ਮਹਿਲ ਕਲਾਂ ’ਚ ਕਿਸਾਨ-ਮਜ਼ਦੂਰਾਂ ਦਾ ਵੱਡਾ ਇਕੱਠ,
ਸ਼ਹੀਦੀ ਦਿਹਾੜੇ ’ਤੇ ਮਹਿਲ ਕਲਾਂ ’ਚ ਕਿਸਾਨ-ਮਜ਼ਦੂਰਾਂ ਦਾ ਵੱਡਾ ਇਕੱਠ, ਕੇਂਦਰੀ ਨੀਤੀਆਂ ਖ਼ਿਲਾਫ਼ ਸੰਘਰਸ਼ ਦਾ ਐਲਾਨ
Publish Date: Mon, 23 Mar 2026 04:20 PM (IST)
Updated Date: Tue, 24 Mar 2026 03:59 AM (IST)

ਕੇਂਦਰੀ ਦੀਆਂ ਨੀਤੀਆਂ ਖ਼ਿਲਾਫ਼ ਸੰਘਰਸ਼ ਦਾ ਐਲਾਨ ਜਸਵੀਰ ਸਿੰਘ ਵਜੀਦਕੇ, ਪੰਜਾਬੀ ਜਾਗਰਣ, ਮਹਿਲ ਕਲਾਂ : ਸ਼ਹੀਦੇ ਆਜ਼ਮ ਭਗਤ ਸਿੰਘ, ਰਾਜਗੁਰੂ ਅਤੇ ਸੁਖਦੇਵ ਥਾਪਰ ਦੇ ਸ਼ਹੀਦੀ ਦਿਹਾੜੇ ਮੌਕੇ ਮਹਿਲ ਕਲਾਂ ਦੀ ਅਨਾਜ ਮੰਡੀ ’ਚ ਭਾਰਤੀ ਕਿਸਾਨ ਯੂਨੀਅਨ ਡਕੌਂਦਾ (ਬੁਰਜ ਗਿੱਲ) ਦੀ ਅਗਵਾਈ ਹੇਠ ਵੱਡਾ ਇਕੱਠ ਕਰਕੇ ਸ਼ਰਧਾਂਜਲੀ ਸਮਾਗਮ ਅਤੇ ਧਰਨਾ ਦਿੱਤਾ ਗਿਆ। ਇਸ ਦੌਰਾਨ ਕਿਸਾਨਾਂ, ਮਜ਼ਦੂਰਾਂ ਅਤੇ ਮੁਲਾਜ਼ਮਾਂ ਨੇ ਇਕੱਠੇ ਹੋ ਕੇ ਕੇਂਦਰ ਸਰਕਾਰ ਦੀਆਂ ਨੀਤੀਆਂ ਖ਼ਿਲਾਫ਼ ਤਿੱਖਾ ਰੋਸ ਪ੍ਰਗਟ ਕੀਤਾ। ਧਰਨੇ ਦੌਰਾਨ ਬਲਾਕ ਪ੍ਰਧਾਨ ਮਾਸਟਰ ਅਮਰਜੀਤ ਸਿੰਘ ਮਹਿਲ ਖੁਰਦ, ਇੰਦਰਪਾਲ ਸਿੰਘ, ਜਿਲਾ ਮੀਤ ਪ੍ਰਧਾਨ ਮਲਕੀਤ ਸਿੰਘ ਈਨਾ, ਬਲਾਕ ਪ੍ਰਧਾਨ ਮਾਸਟਰ ਅਮਰਜੀਤ ਸਿੰਘ ਮਹਿਲ ਖੁਰਦ, ਅੰਗਰੇਜ਼ ਸਿੰਘ ਰਾਏਸਰ ਨੇ ਕਿਹਾ ਕਿ ਸ਼ਹੀਦ ਭਗਤ ਸਿੰਘ ਨੇ ਅੰਗਰੇਜ਼ੀ ਹਕੂਮਤ ਦੇ ਜ਼ੁਲਮਾਂ ਖ਼ਿਲਾਫ਼ ਲੜਦਿਆਂ ਦੇਸ਼ ਨੂੰ ਆਜ਼ਾਦੀ ਦੀ ਰਾਹ ਦਿਖਾਈ ਸੀ, ਪਰ ਅੱਜ ਦੇ ਹਾਲਾਤਾਂ ’ਚ ਦੇਸ਼ ਮੁੜ ਆਰਥਿਕ ਅਤੇ ਨੀਤੀਗਤ ਦਬਾਅ ਹੇਠ ਆ ਰਿਹਾ ਹੈ। ਉਨ੍ਹਾਂ ਦੋਸ਼ ਲਾਇਆ ਕਿ ਮੌਜੂਦਾ ਨੀਤੀਆਂ ਆਮ ਵਰਗਾਂ ਦੇ ਹਿੱਤਾਂ ਦੀ ਬਜਾਏ ਵੱਡੀਆਂ ਕਾਰਪੋਰੇਟ ਤਾਕਤਾਂ ਨੂੰ ਲਾਭ ਪਹੁੰਚਾ ਰਹੀਆਂ ਹਨ। ਆਗੂਆਂ ਨੇ ਮੌਜੂਦਾ ਹਾਲਾਤਾਂ ਦਾ ਜ਼ਿਕਰ ਕਰਦਿਆਂ ਕਿਹਾ ਕਿ ਮਹਿੰਗਾਈ ਲਗਾਤਾਰ ਵੱਧ ਰਹੀ ਹੈ, ਬੇਰੁਜ਼ਗਾਰੀ ਚਰਮ ਸੀਮਾ ’ਤੇ ਹੈ ਅਤੇ ਖੇਤੀਬਾੜੀ ਦੇ ਖਰਚੇ ਵਧਣ ਨਾਲ ਕਿਸਾਨਾਂ ਦੀ ਆਮਦਨ ਘੱਟ ਰਹੀ ਹੈ। ਸੀਪੀਆਈ ਦੇ ਜ਼ਿਲ੍ਹਾ ਸਕੱਤਰ ਕਾਮਰੇਡ ਖੁਸ਼ੀਆ ਸਿੰਘ ਬਰਨਾਲਾ, ਨਰੇਗਾ ਯੂਨੀਅਨ ਦੇ ਆਗੂ ਕਾਮਰੇਡ ਜਗਰਾਜ ਸਿੰਘ ਰਾਮਾ, ਸੀ.ਆਈ.ਟੀ.ਯੂ ਦੇ ਆਗੂ ਕਾਮਰੇਡ ਮਾਨ ਸਿੰਘ ਗੁਰਮ ਅਤੇ ਕਾਮਰੇਡ ਪ੍ਰੀਤਮ ਸਿੰਘ ਸਹਿਜੜਾ ਨੇ ਕਿਹਾ ਕਿ ਨਵੇਂ ਲੇਬਰ ਕੋਡਾਂ ਅਤੇ ਮਨਰੇਗਾ ਸਕੀਮ ’ਚ ਤਬਦੀਲੀਆਂ ਮਜ਼ਦੂਰ ਵਰਗ ਦੇ ਹੱਕਾਂ ’ਤੇ ਸਿੱਧਾ ਹਮਲਾ ਹਨ ਅਤੇ ਇਹ ਕਾਨੂੰਨ ਸਰਮਾਏਦਾਰਾਂ ਨੂੰ ਫਾਇਦਾ ਪਹੁੰਚਾਉਂਦੇ ਹਨ। ਡੈਮੋਕਰੇਟਿਕ ਟੀਚਰ ਫਰੰਟ ਦੇ ਆਗੂ ਮਾਸਟਰ ਬਲਜਿੰਦਰ ਕੁਮਾਰ ਨੇ ਕਿਹਾ ਕਿ ਮੁਲਾਜ਼ਮਾਂ ਦੇ ਹੱਕਾਂ ’ਚ ਵੀ ਲਗਾਤਾਰ ਕਟੌਤੀ ਕੀਤੀ ਜਾ ਰਹੀ ਹੈ ਅਤੇ ਨਵੀਆਂ ਨੀਤੀਆਂ ਰਾਹੀਂ ਨੌਕਰੀ ਦੀ ਸੁਰੱਖਿਆ ਘਟਾਈ ਜਾ ਰਹੀ ਹੈ, ਜਿਸ ਨਾਲ ਸਮਾਜਕ ਅਸਮਾਨਤਾ ਵਧ ਰਹੀ ਹੈ। ਆਗੂਆਂ ਨੇ ਸਾਂਝੇ ਤੌਰ ’ਤੇ ਕਿਹਾ ਕਿ ਅੱਜ ਦੇ ਸਮੇਂ ’ਚ ਕਿਸਾਨ, ਮਜ਼ਦੂਰ ਅਤੇ ਮੁਲਾਜ਼ਮ ਵਰਗਾਂ ਲਈ ਇਕੱਠੇ ਹੋ ਕੇ ਸੰਘਰਸ਼ ਕਰਨਾ ਬਹੁਤ ਜ਼ਰੂਰੀ ਹੈ। ਉਨ੍ਹਾਂ ਲੋਕਾਂ ਨੂੰ ਅਪੀਲ ਕੀਤੀ ਕਿ ਸ਼ਹੀਦਾਂ ਦੀ ਸੋਚ ਨੂੰ ਅਪਣਾਉਂਦਿਆਂ ਅਨਿਆਏ ਦੇ ਖਿਲਾਫ ਇਕਜੁੱਟ ਹੋ ਕੇ ਲੜਿਆ ਜਾਵੇ। ਇਸ ਮੌਕੇ ਜੱਗਾ ਸਿੰਘ ਮਹਿਲ ਖੁਰਦ, ਭੋਲਾ ਸਿੰਘ ਲੋਹਗੜ੍ਹ, ਬਵਨ ਸਿੰਘ ਖਿਆਲੀ, ਸਾਧੂ ਸਿੰਘ ਛੀਨੀਵਾਲ, ਕੌਰ ਸਿੰਘ ਮਹਿਲ ਕਲਾਂ ਸਮੇਤ ਵੱਡੀ ਗਿਣਤੀ ਵਿੱਚ ਕਿਸਾਨ, ਮਜ਼ਦੂਰ ਅਤੇ ਮੁਲਾਜ਼ਮ ਹਾਜ਼ਰ ਸਨ।